ਬਠਿੰਡਾ, 16 ਮਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਾਲੇ ਉਹਨਾਂ ਤੋਂ ਵੋਟਾਂ ਮੰਗਣ ਆਉਣ ਤਾਂ ਉਹ ਦੋਵਾਂ ਪਾਰਟੀਆਂ ਦੇ ਲੋਕਾਂ ਤੋਂ ’ਹਿਸਾਬ’ ਮੰਗਣ ਕਿ ਉਹਨਾਂ ਨੇ ਆਪਣੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਲੰਬੀ ਵਿਧਾਨ ਸਭਾ ਹਲਕੇ ਵਿਚ ਪਿੰਡ ਪੱਧਰ ’ਤੇ ਅਨੇਕਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਦੀ ਪਾਰਟੀ ਪੂਰਨ ਕਰਜ਼ਾ ਮੁਆਫੀ,2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਤੇ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇਵੇ ਕਿ ਉਸਨੇ ਸਮਾਜ ਭਲਾਈ ਸਕੀਮਾਂ ਬੰਦ ਕਿਉਂ ਕੀਤੀਆਂ ਅਤੇ ਔਰਤਾਂ ਨੂੰ ਕੀਤੇ ਵਾਅਦੇ ਮੁਤਾਬਕ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਦਿੱਤੇ।

ਸਰਦਾਰਨੀ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਤੋਂ ਲੋਕ ’ਹਿਸਾਬ’ ਮੰਗਣ। ਉਹਨਾਂ ਕਿਹਾ ਕਿ ਉਦੋਂ ਤੱਕ ਆਪ ਪਾਰਟੀ ਨੂੰ ਵੋਟਾਂ ਨਾ ਪਾਈਆਂ ਜਾਣ ਜਦੋਂ ਤੱਕ ਉਹ ਔਰਤਾਂ ਦੇ ਖ਼ਾਤਿਆਂ ਵਿਚ ਉਹਨਾਂ ਦੇ ਹਿੱਸੇ ਦੇ 26-26 ਹਜ਼ਾਰ ਰੁਪਏ ਨਹੀਂ ਪਾਉਂਦੀ।
ਉਹਨਾਂ ਨੇ ਔਰਤਾਂ ਨੂੰ ਇਹ ਵੀ ਆਖਿਆਕਿ ਉਹ ਆਪ ਪ੍ਰਤੀਨਿਧਾਂ ਨੂੰ ਪੁੱਛਣ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਨਸ਼ਾ ਤਸਕਰੀ ਦੀ ਪੁਸ਼ਤ ਪਨਾਹੀ ਕਿਉਂ ਕੀਤੀ। ਉਹਨਾਂ ਕਿਹਾ ਕਿ ਨਸ਼ਿਆਂ ਦੀ ਹੁਣ ਹੋਮ ਡਲੀਵਰੀ ਹੋ ਰਹੀ ਹੈ ਕਿਉਂਕਿ ਆਪ ਵਿਧਾਇਕ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ।

ਅਕਾਲੀ ਦਲ ਦੇ ਆਗੂ ਨੇ ਆਪ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਬੰਦ ਕਿਉਂ ਕੀਤੀਆਂ ਹਨ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਵਿਚ ਕਟੌਤੀ ਕਰ ਦਿੱਤੀ ਗਈ ਤੇ ਅਕਾਲੀ ਦਲ ਦੀ ਸਰਕਾਰ ਵੇਲੇ 30 ਕਿਲੋ ਕਣਕ ਦਿੱਤੀ ਜਾਂਦੀ ਸੀ ਜੋ ਕਾਂਗਰਸ ਸਰਕਾਰ ਵੇਲੇ 15 ਕਿਲੋ ਕਰ ਦਿੱਤੀ ਗਈ ਤੇ ਹੁਣ ਆਪ ਸਰਕਾਰ ਗਰੀਬਾਂ ਨੂੰ ਸਿਰਫ 5 ਕਿਲੋ ਆਟਾ ਦੇ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਬੁਢਾਪਾ ਪੈਨਸ਼ਨ ਸਕੀਮ ਤੇ ਸ਼ਗਨ ਸਕੀਮ ਵਿਚ ਕਟੌਤੀ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਲੜਕੀਆਂ ਨੂੰ ਮੁਫਤ ਮਿਲਦੇ ਸਾਈਕਲ ਨਹੀਂ ਦਿੱਤੇ ਜਾ ਰਹੇ ਤੇ ਐਸ ਸੀ ਸਕਾਲਰਸ਼ਿਪ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੋਲ ਸੂਬੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ ਜਦੋਂ ਕਿ ਇਸਨੇ ਪਿਛਲੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਸਰਕਾਰ ਨੂੰ ਤਨਖਾਹਾਂ ਦੇਣ ਵਾਸਤੇ ਵੀ ਕਰਜ਼ਾ ਚੁੱਕਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਫੰਡਾਂ ਦੀ ਵਰਤੋਂ ਹੋਰ ਰਾਜਾਂ ਵਿਚ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ’ਤੇ ਕੀਤੀ ਜਾ ਰਹੀ ਹੈ ਅਤੇ ਇਸ਼ਤਿਹਾਰਬਾਜ਼ੀ ਤੇ ਪਬਲੀਸਿਟੀ ਸਟੰਟ ’ਤੇ ਇਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਲੰਬੀ ਹਲਕੇ ਦਾ ਵਿਕਾਸ ਕੀਤਾ ਅਤੇ ਇਸਨੂੰ ਪੰਜਾਬ ਤੇ ਦੇਸ਼ ਵਿਚ ਅਤਿ ਆਧੁਨਿਕ ਹਲਕੇ ਵਿਚ ਤਬਦੀਲ ਕੀਤਾ। ਉਹਨਾਂ ਕਿਹਾ ਕਿ ਇਸ ਹਲਕੇ ਵਿਚ ਅਜਿਹੀ ਕੋਈ ਸਹੂਲਤ ਨਹੀਂ ਜੋ ਨਾ ਹੋਵੇ। ਭਾਵੇਂ ਉਹ ਸਕੂਲ, ਕਾਲਜ, ਹਸਪਤਾਲ, ਵੈਟਨਰੀ ਹਸਪਤਾਲ, ਸਟੇਡੀਅਮ ਤੇ ਖੇਡ ਸਹੂਲਤਾਂ ਹੀ ਕਿਉਂ ਨਾ ਹੋਣ। ਉਹਨਾਂ ਕਿਹਾ ਕਿ ਸਰਦਾਰ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਉਹਨਾਂ ਦੀ ਵਿਰਾਸਤ ਨੂੰ ਸਾਂਭਣ ਦਾ ਪਾਬੰਦ ਹੈ।

×