ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਪਰਾਲੀ ਸਾੜਨ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ਼ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕੀਤਾ ਗਿਆ। ਪਰਾਲੀ ਸਾੜਨ ਦੀਆਂ ਘੱਟਨਾਵਾਂ ਦੀ ਰੋਕਥਾਮ ਵਿੱਚ ਲੱਗੀਆਂ ਵੱਖ-ਵੱਖ ਟੀਮਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਰਜ਼ਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮਾੜੀ ਪਿਰਤ ਨੂੰ ਠੱਲ ਪਾਈ ਜਾ ਸਕੇ।
ਬਲਾਕ ਖੇਤੀਬਾੜੀ ਦਫ਼ਤਰ ਪੱਖੋਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਲੀਡਰਸ਼ਿਪ ਅਤੇ ਕਿਸਾਨਾਂ ਨਾਲ਼ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ, ਐਫ਼.ਆਈ.ਆਰ, ਰੈੱਡ ਐਂਟਰੀ ਅਤੇ ਹੋਰ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਵਾਰਤਾਲਾਪ ਕੀਤੀ ਗਈ।
ਪਿੰਡ ਜੋਧਵਾਲ ਵਿਖੇ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਅਤੇ ਜਦੋਂ ਮੌਕੇ ‘ਤੇ ਟੀਮ ਪਹੁੰਚੀ ਤਾਂ ਕਿਸਾਨ ਖੇਤਾਂ ਵਿੱਚੋਂ ਭੱਜ ਨਿਕਲੇ।
ਇਸ ਤੋਂ ਇਲਾਵਾ ਅੱਜ ਤੜਕ ਸਾਰ ਐਸ.ਡੀ.ਐਮ. ਸਮਰਾਲਾ ਰਜਨੀਸ਼ ਅਰੋੜਾ ਵਲੋਂ ਮਾਛੀਵਾੜਾ ਬਲਾਕ ਦੇ ਪਿੰਡ ਮੰਡ ਸ਼ੇਰੀਆ ਵਿਖੇ ਖਦ ਖੇਤਾਂ ਵਿੱਚ ਜਾ ਕੇ ਅੱਗ ਬੁਝਾਈ ਗਈ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਆਈ.ਈ.ਸੀ. ਮੁਹਿੰਮ ਤੋਂ ਲੈ ਕੇ ਇਨਫੋਰਸਮੈਂਟ ਮੁਹਿੰਮ ਤੱਕ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਬਹੁ-ਪੱਖੀ ਰਣਨੀਤੀ ਅਪਣਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਮਲਿਕ ਨੇ ਦੁਹਰਾਇਆ ਕਿ ਕਿਸਾਨ ਵੀਰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਕਿਉਂਕਿ ਅੱਗ ਤੋਂ ਨਿਕਲਣ ਵਾਲਾ ਧੂੰਆਂ ਦਮੇ ਦੇ ਮਰੀਜ਼ਾਂ ਲਈ ਮੁਸ਼ਕਿਲਾਂ ਵਧਾ ਸਕਦਾ ਹੈ ਜੋ ਪਹਿਲਾਂ ਹੀ ਕਮਜ਼ੋਰ ਇਮਿਊਨ ਸਿਸਟਮ ਨਾਲ ਪੀੜਤ ਹਨ।