ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ‘ਜੰਗ ਨੂੰ ਸਮਝਦਿਆ : ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਨ।
ਸਭ ਤੋੱ ਪਹਿਲਾਂ ਉਦਘਾਟਨੀ ਸੈਸ਼ਨ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸੁਆਗਤੀ ਸ਼ਬਦ ਬੰਲਦਿਆਂ ਕਿਹਾ ਕਿ ਜੰਗ ਸਾਡੇ ਸਭਿਆਚਾਰ ਨੂੰ ਬਦਲਦੀ ਹੈ। ਸਾਡੀ ਆਰਥਿਕਤਾ ਨੂੰ ਤਬਾਹ ਕਰਦੀ ਹੈ, ਵਾਤਾਵਰਣ ਬਰਬਾਦ ਕਰਦੀ ਹੈ। ਜੰਗੀ ਟਕਰਾਅ ਨਕਸ਼ਿਆ ਨੂੰ ਬਦਲ ਦਿੰਦਾ। ਉਹਨਾਂ ਅਗਾਂਹ ਕਿਹਾ ਕਿ ਸਾਡਾ ਮਕਸਦ ਸੈਮੀਨਾਰ ਵਿਚ ਸਰਸਰੀ ਗੱਲਬਾਤ ਕਰਨਾ ਨਹੀਂ ਸਗੋਂ ਡੂੰਘਾ ਜਾ ਕੇ ਇਸ ਦੀ ਘੋਖ ਕਰਨਾ ਹੈ।
ਇਸ ਉਪਰੰਤ ਡਾ. ਸ਼ੈਲੀ ਵਾਲ਼ੀਆ ਵੱਲੋਂ ਕੂੰਜੀਵਤ ਭਾਸ਼ਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜੰਗ ਬਾਰੇ ਗੱਲ ਕਰਨਾ ਹੀ ਆਪਣੇ ਆਪ ਵਿਚ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਜੰਗ ਦਾ ਅੰਜ਼ਾਮ ਅਸੀਂ ਦੋ ਵਿਸ਼ਵ ਯੁੱਧਾਂ ਵਿਚ ਦੇਖ ਲਿਆ ਹੈ। ਉਹਨਾਂ ਅਮਰੀਕਾ ਤੇ ਇਰਾਨ ਦੀ ਪਹੁੰਚ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਅਗਾਂਹ ਕਿਹਾ ਕਿ ਸਾਮਰਾਜ ਦਾ ਕੰਮ ਹੀ ਕੁਦਰਤੀ ਸਰੋਤਾਂ ‘ਤੇ ਕਾਬਜ ਹੋਣਾ ਹੁੰਦਾ ਹੈ। ਉਹਨਾਂ ਕਈ ਉਦਾਹਰਨਾ ਦੇ ਕੇ ਆਪਣੀ ਗੱਲ ਸਮਝਾਈ।
ਇਸ ਤੋਂ ਬਾਅਦ ਅਗਲੇ ਬੁਲਾਰੇ ਪ੍ਰੋ. ਰੌਣਕੀ ਰਾਮ ਨੇ ਇਕ ਦਾਰਸ਼ਨਿਕ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕਿ ਜਦ ਤਾਕਤ ਪੂਰੇ ਜੋਬਨ ‘ਤੇ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਕਰਦਾ ਜਿਵੇਂ ਅਮਰੀਕਾ ਕਰਦਾ। ਉਹਨਾਂ ਅਗਾਂਹ ਕਿਹਾ ਕਿ ਇਰਾਨ ‘ਤੇ ਹਮਲੇ ਦਾ ਮੁੱਖ ਕਾਰਨ ਤੇਲ ਤੇ ਹਥਿਆਰ ਬਣਾਉਣ ਤੋਂ ਰੋਕਣਾ ਹੈ।ਆਖ਼ਰ ‘ਤੇ ਉਹਨਾਂ ਕਿਹਾ ਕਿ ਸਾਨੂੰ ਯੂਨੀਵਰਸਿਟੀਆਂ ਵਿਚ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਜੋੜਿਆ ਕਿ ਚੌਥਾ ਵਿਸ਼ਵ ਯੁੱਧ ਪੱਥਰਾਂ ਨਾਲ ਲੜਿਆ ਜਾਵੇਗਾ।
ਅਗਲੇ ਬੁਲਾਰੇ ਵਜੋੱ ਉੱਘੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਭਾਰਤੀ ਪਰੰਪਰਾ ਵਿਚ ਜੰਗ ਨੂੰ ਧਰਮਯੁੱਧ ਵਜੋ ਲਿਆ ਜਾਂਦਾ ਸੀ। ਉਹਨਾਂ ਅਗਾਂਹ ਕਿਹਾ ਕਿ ਦੇਖਣਾ ਹੋਵੇਗਾ ਜੰਗ ਕਿਸ ਕਾਰਨ ‘ਚੋਂ ਨਿਕਲੀ ਹੈ। ਉਹਨਾਂ ਕਿਹਾ ਕਿ ਜੰਗ ਦੇ ਔਜ਼ਾਰ ਬਦਲਦੇ ਰਹਿੰਦੇ ਨੇ, ਉਹਨਾਂ ਬਾਬਰ ਦਾ ਬਾਰੂਦ ਲੈ ਕੇ ਆਉਣ ਦਾ ਉਦਾਹਰਨ ਦੱਸਿਆ। ਉਹਨਾਂ ਅਗਾਂਹ ਕਿਹਾ ਕਿ ਆਉਣ ਵਾਲ਼ੇ ਸਮੇਂ ਵਿਚ ਦੇਖਣਾ ਹੋਵੇਗਾ ਕਿ ਜੰਗ ਕਿੱਥੋੱ ਤਕ ਡਿਜ਼ੀਟਲ ਹੁੰਦੀ ਹੈ।
ਅਗਲੇ ਦੌਰ ਦੇ ਬੁਲਾਰੇ ਵਜੋੱ ਡਾ. ਪ੍ਰਤਿਭਾ ਦਿਓਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਆਰਥਿਕ ਪਹਿਲੂਆਂ ‘ਤੇ ਗੱਲ ਕਰਾਗੀ। ਉਹਨਾਂ ਅਮਰਜੀਤ ਗਰੇਵਾਲ ਦੀ ਕਵਿਤਾ ਦਾ ਉਦਾਹਰਨ ਦਿੰਦੇ ਹੋਏ ਲੋੜ ਤੇ ਹੋੜ ਦੀ ਗੱਲ ਕੀਤੀ।ਉਹਨਾਂ ਪੁਰਾਤਨ ਸਮਿਆਂ ਚੀਜ਼ਾਂ ਦੇ ਵਟਾਂਦਰੇ ਦੇ ਉਦਾਹਨ ਦੇ ਅੱਜ ਦੀ ਜੰਗ ਨੂੰ ਲੋੜ ਨੂੰ ਹੋੜ ਨਾਲ ਜੋੜਿਆ।
ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦਾ ਮਾਣਮੱਤਾ ਇਤਿਹਾਸ ਤਲਵਾਰ ਨਾਲ ਲਿਖਿਆ ਹੈ ਇਸ ਤੋਂ ਵੀ ਪਹਿਲਾਂ ਸ਼ਬਦ ਨਾਲ ਲਿਖਿਆ ਗਿਆ ਹੈ। ਉਹਨਾਂ ਅਗਾਂਹ ਕਿਹਾ ਕਿ ਬੰਦੇ ‘ਚੋਂ ਬੱਚੇ ਮਰ ਰਹੇ ਹਨ ਇਸ ਲਈ ਉਹ ਯੁੱਧ ਗ੍ਰਸਤ ਹੈ। ਉਹਨਾਂ ਪੰਜਾਬ ਕਲਾ ਪਰਿਸ਼ਦ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ।
ਪਹਿਲੇ ਅਕਾਦਮਿਕ ਸੈਸ਼ਨ ਵਿੱਚ ਇਸ ਵਿਸ਼ੇ ‘ਤੇ ਸਭ ਤੋੰ ਪਹਿਲਾਂ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜ਼ਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਜੰਗ ਨੂੰ ਸਮਝਣ ਦੀ ਲੋੜ ਹੈ। ਅਸੀਂ ਜੰਗ ਵਿਚ ਧਿਰ ਬਣ ਜਾਂਦੇ ਹਾਂ, ਸਾਡਾ ਮੀਡੀਆਂ ਖ਼ਬਰਾਂ ਵਿਚ ਇਸ ਤਰ੍ਹਾਂ ਦੇ ਵਾਕ ਵਰਤਦਾ ਹੈ ਜਿਸ ਤੋਂ ਲੱਗਦਾ ਹੈ ਕਿ ਜੰਗ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਉਹਨਾਂ ਅਗਾਂਹ ਕਿਹਾ ਕਿ ‘ਵਾਰ’ ਸ਼ਾਬਦਿਕ ਅਰਥ ਹੀ ’ਮੈਂ’ਤੁਸੀਂਟਲ ਕਨਫਿਊਜ਼ਨ’ ਹੈ।ਉਹਨਾਂ ਅੱਗੇ ਕਿਹਾ ਕਿ ਸਾਨੂੰ ਜੰਗ ਵਿਚ ਧਿਰ ਬਣਨ ਤੋਂ ਬਚਣਾ ਚਾਹੀਦਾ ਹੈ।
ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋੱ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਜੰਗ ਨੂੰ ਪੱਖੋਂ ਦੇਖਿਆ ਜਾ ਸਕਦਾ ਹੈ ਪਰ ਮੈਂ ਤੇਲ ‘ਤੇ ਹੀ ਗੱਲ ਕਰਾਂਗਾ। ਤੇਲ ਨਾਲ ਹੀ ਸਾਰੀ ਦੁਨੀਆ ਚੱਲਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਦੁਨੀਆ ਦੇ ਸਾਮਰਾਜਵਾਦ ਦਾ ਲੀਡਰ ਬਣਦਾ ਹੈ ਅਤੇ ਰਾਜ ਕਰਨ ਵਾਸਤੇ ਆਪਣੀ ਕਰੰਸੀ ਨੂੰ ਵਰਲਡ ਮਨੀ ਬਣਾਉਂਦਾ ਹੈ। ਇਸ ਤਰ੍ਹਾਂ ਦੀ ਤਾਕਤ ਹਥਿਆਉਣ ਵਾਸਤੇ ਹੀ ਜੰਗਾਂ ਕੀਤੀਆਂ ਜਾਂਦੀਆਂ ਹਨ।
ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਕਿਹਾ ਜੰਗ ਦੀ ਆਪਣੀ ਸਿਆਸਤ ਹੈ।
ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡੀ. ਆਈ. ਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੋ. ਯੋਜਨਾ ਰਾਵਤ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸਨ। ਕਵੀਆਂ ਵਿਚ ਗੁਲ ਚੌਹਾਨ, ਗੁਰਪ੍ਰੀਤ, ਅਮਰਜੀਤ ਕੌਂਕੇ, ਬਲਵਿੰਦਰ ਸੰਧੂ, ਦਰਸ਼ਨ ਬੁੱਟਰ, ਤਰਸੇਮ, ਪਰਮਜੀਤ ਸੋਹਲ, ਸਵਰਨਜੀਤ ਸਵੀ ਅਮਰਜੀਤ ਗਰੇਵਾਲ, ਸ਼ਮਸ਼ੇਰ ਸਾਹਿਲ, ਮਨਮੋਹਨ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਕਵੀ ਦਰਬਾਰ ਸੰਯੋਜਕ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ। ਧੰਨਵਾਦ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕੀਤਾ।