ਚੰਡੀਗੜ੍ਹ, 14 ਨਵੰਬਰ:

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ।

ਇਥੋਂ ਜਾਰੀ ਇਕ ਸੰਦੇਸ਼ ਵਿੱਚ ਸੌਂਦ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਰੂਹਾਨੀ ਤ੍ਰਿਪਤੀ ਦਾ ਮਾਰਗ ਦਰਸਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਬਰਾਬਰਤਾ, ਆਪਸੀ ਪ੍ਰੇਮ-ਪਿਆਰ ਅਤੇ ਮਾਨਵੀ ਭਾਵਨਾ ਪ੍ਰਤੀ ਨਿਰੰਤਰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਬਾਬਾ ਜੀ ਵੱਲੋਂ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਵੰਡ ਛਕਣ ਦੀ ਪ੍ਰੇਰਨਾ ਪ੍ਰਤੀ ਮੁੜ ਸੰਕਲਪ ਲੈਣ ਦਾ ਵੀ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਦੇਸ਼ੀ ਧਾੜਵੀਆਂ ਦੇ ਜਬਰ, ਸਮਕਾਲੀ ਸ਼ਾਸਕਾਂ ਦੇ ਅਨਿਆਂ ਅਤੇ ਰੂੜੀਵਾਦੀ ਰਵਾਇਤਾਂ ਦੇ ਗਲਬੇ ਦਾ ਵਿਰੋਧ ਕਰਦਿਆਂ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਜਾਤ-ਪਾਤ ਅਤੇ ਵਹਿਮਾਂ-ਭਰਮਾਂ ਤੋਂ ਨਿਰਲੇਪ ਸਮਾਜ ਦੀ ਉਸਾਰੀ ਦਾ ਉਪਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੌਜੂਦਾ ਭੌਤਿਕਵਾਦੀ ਸਮਾਜ ਨੂੰ ਸਹੀ ਰਸਤੇ ਪਾਉਣ ਲਈ ਬਹੁਤ ਸਾਰਥਕ ਹਨ। ਸੌਂਦ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ-ਸੁੱਚਾ ਜੀਵਨ ਬਤੀਤ ਕਰਨ ਦਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਦੀ ਸੁਚੱਜੀ ਅਗਵਾਈ ਕਰਦਿਆਂ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।