ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਅਤੇ ਪੰਥਕ ਆਗੂ ਭਾਈ ਮੋਹਕਮ ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ
2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਗਏ ਪੰਜ ਸਿੰਘ ਸਾਹਿਬਾਨਾਂ ਵਲੋਂ ਪੰਥ ਦੇ ਦੋਸ਼ੀਆਂ ਵਿਰੁੱਧ ਲਏਗਏ ਫੈਸਲਿਆ ਤੇ ਪੰਛੀ ਝਾਤ ਮਾਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਇਹ ਸਪੱਸ਼ਟ ਕਰਦੇ ਹਾਂ ਕਿ ਅਸੀਂ ਹਮੇਸ਼ਾ ਵਾਂਗ ਪੰਜ ਸਿੰਘ ਸਾਹਿਬਾਨ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਏ ਅਧੂਰੇ ਤੇ ਗ਼ਲਤ ਫ਼ੈਸਲਿਆਂ ਵਿਰੁੱਧ ਅਵਾਜ਼ ਬੁਲੰਦ ਨਾ ਕਰੀਏ, ਜੇਕਰ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਵਿਰੁੱਧ ਅਸੀਂ ਉਸ ਸਮੇਂ ਅਵਾਜ਼ ਬੁਲੰਦ ਨਾ ਕਰਦੇ ਤਾਂ ਉਸ ਨੂੰ ਦਿੱਤੀ ਗਈ ਮੁਆਫੀ ਕਦੇ ਵਾਪਿਸ ਨਹੀਂ ਹੋਣੀ ਸੀ ਅਤੇ ਜੋ ਅੱਜ ਪੰਜ ਸਿੰਘ ਸਾਹਿਬਾਨਾਂ ਵਲੋਂ ਦਿੱਤੇ ਗਏ ਅਧੂਰੇ ਫ਼ੈਸਲੇ ਵੀ ਨਹੀਂ ਲਏ ਜਾਣੇ ਸਨ ‌ । ਇਸ ਲਈ 2 ਦਸੰਬਰ ਨੂੰ ਹੋਏ ਫੈਸਲਿਆ ਮੁਤਾਬਕ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰੇ ਏ ਕੌਂਮ ਅਵਾਰਡ ਵਾਪਸ ਲੈਣ ਦੀ ਸ਼ਲਾਘਾ ਕਰਦੇ ਹਾਂ ਤੇ ਬਾਕੀ ਚੱਬੇ ਦੀ ਧਰਤੀ ਸਰਬੱਤ ਖਾਲਸਾ ਵਲੋਂ ਲਏ ਗਏ ਫੈਸਲਿਆਂ ਤੇ ਸ਼੍ਰੋਮਣੀ ਕਮੇਟੀ ਦੇ ਥਾਪੇ ਗਏ ਪੰਜ ਸਿੰਘ ਸਾਹਿਬਾਨਾਂ ਨੇ ਮੋਹਰ ਲਾਈ ਹੈ ।

ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਨੇ ਬਾਦਲਾਂ ਦੇ ਪਾਪਾਂ ਤੇ ਗੁਨਾਹਾਂ ਨੂੰ ਮੁੱਖ ਰੱਖਦਿਆਂ ਇਹਨਾਂ ਦਾ ਰਾਜਸੀ ਬਾਈਕਾਟ ਦਾ ਸੱਦਾ ਦਿੱਤਾ ਸੀ ਜਿਸ ਨੂੰ ਸਿੱਖ ਕੌਮ ਤੇ ਪੰਜਾਬੀਆਂ ਨੇ ਪ੍ਰਵਾਨ ਕਰਕੇ ਇਹਨਾਂ ਨੂੰ ਘਰ ਬਿਠਾ ਦਿੱਤਾ ਹੈ। ਸਿੰਘ ਸਾਹਿਬਾਨਾਂ ਨੂੰ ਇਸ ਫੈਸਲੇ ਤੇ ਵੀ ਮੋਹਰ ਲਾਉਣੀ ਚਾਹੀਦੀ ਹੈ ਅਤੇ ਸਿੱਖ ਪੰਥ ਦੀ ਨਵੀਂ ਨਰੋਈ ਤੇ ਪੰਜਾਬ ਤੇ ਪੰਥ ਪ੍ਰਤੀ ਸੰਜੀਦਾ ਲੀਡਰਸ਼ਿਪ ਅੱਗੇ ਆ ਸਕੇ । 2 ਦਸੰਬਰ ਦੇ ਫੈਸਲਿਆਂ ਨੂੰ ਅਸੀਂ ਅਧੂਰਾ , ਇਤਰਾਜ਼ ਯੋਗ ਅਤੇ ਪਾਪੀਆਂ ਨੂੰ ਸੁਰੱਖਿਅਤ ਲਾਂਘਾਂ ਦੇਣਾ ਮੰਨਦੇ ਹਾਂ ਜਿਵੇਂ ਪਾਪੀਆਂ ਤੇ ਗੁਨਾਹਗਾਰਾਂ ਨੂੰ ਦਾਗ਼ੀਆਂ ਤੇ ਬਾਗੀਆਂ ਦੀ ਇੱਕ ਸਾਂਝੀ ਛੇ ਮੈਂਬਰੀ ਕਮੇਟੀ ਬਣਾਕੇ ਉਹਨਾਂ ਨੂੰ ਮੁੜ ਸੰਜੀਵਨੀ ਬੂਟੀ ਲਾਕੇ ਮੁੜ ਸੁਖਬੀਰ ਸਿੰਘ ਬਾਦਲ ਨੂੰ ਜੀਵਤ ਕਰਨ ਦਾ ਯਤਨ ਕਰਕੇ ਪੰਥ ਦੇ ਵਿਰੁੱਧ ਪਾਪ ਤੇ ਗੁਨਾਹ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ ਅਤੇ ਕੁਰਬਾਨੀ ਵਾਲੀਆਂ ਪੰਥਕ ਧਿਰਾਂ ਨੂੰ ਉਸ ਕਮੇਟੀ ਵਿਚੋਂ ਜਾਣਬੁੱਝ ਕੇ ਬਾਹਰ ਰੱਖਿਆ ਗਿਆ ਹੈ ।

ਇਸ ਲਈ ਇਸ ਕਮੇਟੀ ਨੂੰ ਕਦਾਚਿੱਤ ਪੰਥ ਪ੍ਰਵਾਨ ਨਹੀਂ ਕਰੇਗਾ । ਕੀ ਪੰਜ ਸਿੰਘ ਸਾਹਿਬਾਨ ਦਾਗ਼ੀਆਂ ਤੇ ਬਾਗੀਆਂ ਦੇ ਹੀ ਜਥੇਦਾਰ ਹਨ। ਦਾਗ਼ੀ ਤੇ ਬਾਗ਼ੀ ਹੀ ਸਾਰੀ ਕੌਮ ਹਨ । ਕਮੇਟੀ ਵਿੱਚ ਜਿਹਨਾਂ ਲੋਕਾਂ ਨੇ ਪੰਥ ਲਈ ਸੰਘਰਸ਼ ਕੀਤੇ ਹਨ ਤੇ ਹੋਰ ਵੀ ਚੁਣੀਆਂ ਹੋਈਆਂ ਸੰਵਿਧਾਨਿਕ ਕਮੇਟੀਆਂ ਹਨ ।

ਉਹਨਾਂ ਕਿਸੇ ਨੂੰ ਵੀ ਪੰਜ ਸਿੰਘ ਸਾਹਿਬਾਨ ਨੇ ਕਮੇਟੀ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਜਿਵੇਂ ਚੁਣੀ ਹੋਈ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਵਾਲੀ ਧਿਰ , ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਾਲ਼ੀ ਧਿਰ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ , ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਯੂਨਾਈਟਡ ਅਕਾਲੀ ਦਲ , ਸ਼੍ਰੋਮਣੀ ਅਕਾਲੀ ਦਲ 1920 , ਸੰਤਾਂ ਮਹਾਪੁਰਸ਼ਾਂ ਦੀ ਸੰਤ ਬਾਬਾ ਸਰਬਜੋਤ ਸਿੰਘ ਬੇਦੀ , ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੀ ਧਿਰ ਕਿਸੇ ਨੂੰ ਵੀ ਕਮੇਟੀ ਵਿੱਚ ਸ਼ਾਮਲ ਨਾ ਕਰਕੇ ਪੰਜ ਸਿੰਘ ਸਾਹਿਬਾਨ ਨੇ ਆਪਣੇ ਆਪ ਨੂੰ ਮੁੜ ਬਾਦਲਾਂ ਦੇ ਹੀ ਜਥੇਦਾਰ ਸਾਬਿਤ ਕਰਕੇ ਕੌਂਮ ਨਾਲ਼ ਧੌਖਾ ਤੇ ਫ਼ਰੇਬ ਕਰਕੇ ਪੰਥ ਦੇ ਗੁਨਾਹਗਾਰਾਂ ਤੇ ਪਾਪੀਆਂ ਨੂੰ ਮੁੜ ਸਿੱਖ ਕੌਮ ਦੇ ਸਿਰ ਤੇ ਬਿਠਾਉਣ ਦਾ ਯਤਨ ਕਰਕੇ ਗੁੜ ਵਿੱਚ ਲਪੇਟ ਜ਼ਹਿਰ ਸਿੱਖ ਕੌਮ ਨੂੰ ਜ਼ਹਿਰ ਦਿੱਤਾ ਗਿਆ ਹੈ ਤੇ ਕੌਂਮ ਅਜਿਹਾ ਜ਼ਹਿਰ ਕਦੇ ਵੀ ਨਹੀਂ ਖਾਵੇਗੀ ।

ਇਤਿਹਾਸ ਅਨੁਸਾਰ ਤਨਖ਼ਾਹੀਏ ਕਦੇ ਕੌਂਮ ਦੀ ਅਗਵਾਈ ਨਹੀਂ ਕਰ ਸਕਦੇ । ਜਿਵੇਂ ਸੁਰਜੀਤ ਸਿੰਘ ਬਰਨਾਲਾ ਵਗੈਰਾ ਆਦਿ । ਅਕਾਲ ਤਖ਼ਤ ਤੇ ਲਏ ਗਏ ਫੈਸਲਿਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਛੇ ਮਹੀਨੇ ਦਾ ਸੁਰੱਖਿਅਤ ਲਾਂਘਾਂ ਦੇ ਉਸ ਨੂੰ ਮੁੜ ਪ੍ਰਧਾਨ ਬਣਨ ਦਾ ਰਾਹ ਖੁਲ੍ਹਾਂ ਰੱਖਿਆਂ ਗਿਆ ਹੈ ਕਿ ਉਹ ਮੁੜ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਸਕੇ।

×