ਸਰਕਾਰ ਦੀ ਢਿੱਲੀ ਨੀਤੀ ਬਣ ਰਹੀ ਹੈ ਨਸ਼ਾ ਛੁਡਾਊ ਕਮੇਟੀ ਮੈਂਬਰਾਂ ਦੀ ਜਾਨ ਦਾ ਖੌਅ
ਪੰਜਾਬ ‘ਚ ਨਿੱਗਰ ਰਹੀ ਅਮਨ-ਕਾਨੂੰਨ ਦੀ ਹਾਲਤ ਗੰਭੀਰ ਚਿੰਤਾ ਦਾ ਵਿਸ਼ਾ
ਮੋਹਾਲੀ, 11 ਸਤੰਬਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਵਲੋਂ ਸੂਬੇ ਵਿਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਦੇ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਉਤੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਬਠਿੰਡਾ ਦੀ ਸੰਤਪੁਰਾ ਰੋਡ ‘ਤੇ ਨਸ਼ੇ ਕਰਦੇ ਨੌਜਵਾਨਾਂ ਅਤੇ ਔਰਤਾਂ ਦੀ ਤਾਜ਼ਾ ਵਾਇਰਲ ਹੋਈ ਵੀਡੀਓ ਨੇ ਆਪ ਸਰਕਾਰ ਦੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿਤਾ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਉਹਨਾਂ ਨੇ ਬੀਤੇ ਕੱਲ੍ਹ ਜ਼ਿਲਾ ਬਠਿੰਡਾ ਦੇ ਪਿੰਡ ਸਿਧਾਣਾ ਦੇ ਵਾਸੀ ਅਤੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿਤਾ ਜਦੋਂ ਉਹ ਆਪਣੇ ਪਿੰਡ ਤਸਕਰਾਂ ਨੂੰ ਰੋਕਣ ਲਈ ਲਾਏ ਗਏ ਠੀਕਰੀ ਪਹਿਰੇ ਉਤੇ ਤਾਇਨਾਤ ਸੀ। ਉਹਨਾਂ ਕਿਹਾ ਕਿ ਨਸ਼ਿਆਂ ਕਾਰਨ ਹਰ ਰੋਜ਼ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਪ੍ਰਤੀ ਸਰਕਾਰ ਬਿਲਕੁਲ ਹੀ “ਸੰਵੇਦਨਹੀਣ” ਹੋ ਗਈ ਹੈ, ਇਸ ਲਈ ਹੀ ਨਸ਼ਾ ਤਸਕਰਾਂ ਵਿਰੁੱਧ ਕੋਈ ਅਸਰਦਾਰ ਕਾਰਵਾਈ ਨਹੀਂ ਹੋ ਰਹੀ। ਉਹਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਬਿਲਕੁਲ ਹੀ ਨਿੱਗਰੀ ਹੋਈ ਅਮਨ-ਕਾਨੂੰਨ ਦੀ ਵਿਵਸਥਾ ਕਾਰਨ ਹਰ ਰੋਜ਼ ਅਜਾਈਂ ਜਾ ਰਹੀਆਂ ਮਨੁੱਖੀ ਜਾਨਾਂ ਲਈ ਸਰਕਾਰ ਸਿੱਧੇ ਤੌਰ ‘ਤੇ ਜ਼ਿਮੇਵਾਰ ਹੈ।
ਭਾਜਪਾ ਆਗੂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਜਾਣ ਗਏ ਹਨ ਕਿ ਪੰਜਾਬ ਸਰਕਾਰ ਵਿਚ ਇਸ ਲਾਹਨਤ ਨੂੰ ਖ਼ਤਮ ਕਰਨ ਲਈ ਨਾ ਰਾਜਸੀ ਇਛਾ ਸ਼ਕਤੀ ਹੈ ਅਤੇ ਨਾ ਹੀ ਲੋਂੜੀਦਾ ਤਜ਼ਰਬਾ। ਉਹਨਾਂ ਕਿਹਾ ਕਿ ਚਾਰ ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਅਗਲੇ ਆਜ਼ਾਦੀ ਦਿਹਾੜੇ ਤੱਕ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਝੂਠਾ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਸ਼੍ਰੀ ਸਿੱਧੂ ਨੇ ਨਸ਼ਿਆਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਲਈ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੀ ਅਣਗਹਿਲੀ ਅਤੇ ਨਾਕਾਬਲੀਅਤ ਕਾਰਨ ਨਸ਼ਾ ਤਸਕਰਾਂ ਨੂੰ ਸੂਬੇ ਵਿੱਚ ਵਧਣ-ਫੁੱਲਣ ਲਈ ਖੁੱਲ੍ਹਾ ਮਾਹੌਲ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਦੂਜੇ ਦਿਨ ਨਸ਼ਾਖੋਰੀ ਦੀਆਂ ਵਾਇਰਲ ਹੁੰਦੀਆਂ ਵੀਡੀਉਆਂ ਦੀ ਕੌਮੀ ਮੀਡੀਆ ਵਿਚ ਚਰਚਾ ਹੋਣੀ ਪੰਜਾਬੀਆਂ ਲਈ ਬਹੁਤ ਹੀ ਨਮੋਸ਼ੀਜਨਕ ਅਤੇ ਮੰਦਭਾਗਾ ਵਰਤਾਰਾ ਹੈ।
ਉਹਨਾਂ ਲੋਕ ਸਭਾ ਵਿੱਚ ਪੇਸ਼ ਕੀਤੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ 66.70 ਲੱਖ ਤੋਂ ਵੱਧ ਨਸ਼ੇ ਦੇ ਆਦੀਆਂ ਵਿੱਚ 21.36 ਲੱਖ ਵੱਖ-ਵੱਖ ਕਿਸਮਾਂ ਦੇ ਰਸਾਇਣਕ ਨਸ਼ਿਆਂ ਦਾ ਸੇਵਨ ਕਰਦੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਸਥਿਤੀ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਸੂਬੇ ਦੇ 6.97 ਲੱਖ ਬੱਚੇ ਵੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ।