ਸਾਰੇ ਸਰਕਾਰੀ ਕਰਮਚਾਰੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟਾਂ ਦੀ ਮੁੜ ਜਾਂਚ ਦੀ ਡਾਕਟਰ ਗਾਂਧੀ ਨੇ ਕੀਤੀ ਮੰਗ
*ਪਟਿਆਲਾ:* ਪਟਿਆਲਾ ਤੋਂ ਸਾਂਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਹਾਲ ਹੀ ਵਿੱਚ ਕੁਝ IAS ਅਧਿਕਾਰੀਆਂ ਵੱਲੋਂ ਅਪਾਹਜਤਾ ਅਤੇ ਹੋਰ ਝੂਠੇ ਸਟਰਟੀਫਿਕੇਟਾਂ ਦੀ ਵਰਤੋਂ ਕਰਕੇ ਆਪਣੇ ਅਹੁਦੇ ਨੂੰ ਸੁਰੱਖਿਅਤ ਕਰਨ ਦੀਆਂ ਆ ਰਹੀਆਂ ਖ਼ਬਰਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਸਰਕਾਰ ਦੇ ਮਾਣਯੋਗ ਕਰਮਚਾਰੀ ਅਤੇ ਪ੍ਰੀਖਣ ਮੰਤਰੀ ਨੂੰ ਲਿਖੇ ਇੱਕ ਔਪਚਾਰਿਕ ਪੱਤਰ ਵਿੱਚ, ਯੂ.ਪੀ.ਐਸ.ਸੀ ਸਿਵਿਲ ਸੇਵਾਵਾਂ ਦੀ ਭਰਤੀ ਪ੍ਰਕਿਰਿਆ ਵਿਚ ਹੋ ਰਹੀਆਂ ਗੜਬੜੀਆਂ ਉੱਪਰ ਸਵਾਲ ਚੁੱਕਦੇ ਹੋਏ ਚਿੰਤਾ ਪ੍ਰਗਟ ਕੀਤੀ।
ਡਾ. ਗਾਂਧੀ ਦੀ ਚਿੰਤਾ ਨੂੰ ਵਿਸ਼ੇਸ਼ ਤੌਰ ‘ਤੇ ਟਰੇਨੀ IAS ਅਫ਼ਸਰ ਪੂਜਾ ਖੇਡਕਰ ਦੇ ਮਾਮਲੇ ਨੇ ਜ਼ੋਰ ਦਿਤਾ, ਜੋ ਕਥਿਤ ਤੌਰ ‘ਤੇ ਝੂਠੇ ਅਪਾਹਜਤਾ ਅਤੇ OBC ਸਟਰਟੀਫਿਕੇਟ ਦੀ ਵਰਤੋਂ ਕਰਦੇ ਹੋਏ ਜਾਂਚ ਦੇ ਅਧੀਨ ਹੈ, ਅਤੇ IAS ਅਫ਼ਸਰ-ਤੋਂ-ਅਦਾਕਾਰ ਬਣੇ ਅਭਿਸ਼ੇਕ ਸਿੰਘ ਦੇ ਮਾਮਲੇ ਬਾਰੇ ਵੀ ਚਿੰਤਾ ਪ੍ਰਗਟ ਕੀਤੀ, ਬਾਵਜੂਦ ਇਸਦੇ ਕਿ ਅਭਿਸ਼ੇਕ ਸਿੰਘ ਨੇ ਚੁਣਾਅ ਪ੍ਰਕਿਰਿਆ ਦੌਰਾਨ ਛੂਟ ਪ੍ਰਾਪਤ ਕਰਨ ਲਈ ਲਕੋਮੋਟਰ ਅਪਾਹਜਤਾ ਦਾ ਦਾਅਵਾ ਕੀਤਾ, ਉਸਨੂੰ ਡਾਂਸ ਅਤੇ ਜਿਮ ਦੀਆਂ ਵੀਡੀਓਜ਼ ਵਿੱਚ ਸ਼ਾਮਲ ਦੇਖਿਆ ਗਿਆ ਹੈ, ਜੋ ਇਸਦੇ ਦਾਅਵੇ ਦੀ ਸੱਚਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਓਹਨਾਂ ਦਾ ਕਹਿਣਾ ਸੀ ਕਿ ਇਹ ਲਿਸਟ ਹਰ ਰੋਜ਼ ਲੰਬੀ ਹੁੰਦੀ ਜਾ ਰਹੀ ਹੈ।
“ਇਹ ਖੁਲਾਸੇ ਬਹੁਤ ਹੀ ਚਿੰਤਾਜਨਕ ਹਨ ਅਤੇ ਸਾਡੀਆਂ ਮਾਣਯੋਗ ਸਿਵਲ ਸੇਵਾਵਾਂ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ,” ਡਾ. ਗਾਂਧੀ ਨੇ ਕਿਹਾ।
“ਅਜਿਹੀਆਂ ਖਬਰਾਂ
, ਯੂ.ਪੀ.ਐਸ.ਸੀ ਸਿਵਿਲ ਸੇਵਾਵਾਂ ਦੀ ਭਰਤੀ ਪ੍ਰਕਿਰਿਆ ਵਿੱਚ ਜਨਤਾ ਦੇ ਭਰੋਸੇ ਨੂੰ ਘਟਾਉਂਦੇ ਹਨ, ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਮੁੱਦਿਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੰਭਾਲੀਏ ਤਾਕਿ ਸਾਡੇ ਪ੍ਰਸ਼ਾਸਕੀ ਢਾਂਚੇ ਦੀ ਪਵਿੱਤਰਤਾ ਬਚੀ ਰਹੇ।”
ਡਾ. ਗਾਂਧੀ ਨੇ ਮਾਣਯੋਗ ਮੰਤਰੀ ਨੂੰ ਇਹਨਾਂ ਦਾਅਵਿਆਂ ਦੀ ਪੂਰੀ ਅਤੇ ਪਾਰਦਰਸ਼ੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। “ਇਹ ਜ਼ਰੂਰੀ ਹੈ ਕਿ ਅਸੀਂ ਇਹ ਮਾਮਲੇ ਪੂਰੀ ਤਰ੍ਹਾਂ ਨਾਲ ਜਾਂਚੀਏ ਤਾਂ ਜੋ ਜਿਹੜੇ ਜਾਲਸਾਜੀ ਕਰਕੇ ਆਪਣੀਆਂ ਨੌਕਰੀਆਂ ਹਾਸਲ ਕਰਨ ਵਿੱਚ ਸਫਲ ਹੋਏ ਹਨ, ਉਹਨਾਂ ਦੀ ਪਹਚਾਣ ਹੋ ਸਕੇ,” ਉਹਨਾਂ ਲਿਖਿਆ।
ਇਸ ਤੋਂ ਇਲਾਵਾ, ਡਾ. ਗਾਂਧੀ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੇ ਦਸਤਾਵੇਜ਼ਾਂ ਦੀ ਦੁਬਾਰਾ ਜਾਂਚ ਦੀ ਮੰਗ ਕੀਤੀ ਹੈ।
“ਮੈਂ ਮੰਗ ਕਰਦਾ ਹਾਂ ਕਿ ਜਾਂਚ ਦਾ ਦਾਇਰਾ ਵਧਾ ਕੇ ਸਾਰੇ ਸਰਕਾਰੀ ਅਧਿਕਾਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਨੂੰ ਵੀ ਸ਼ਾਮਲ ਕੀਤਾ ਜਾਵੇ, ਅਤੇ ਸ਼ੁਰੂਆਤ ਉਹਨਾਂ ਅਧਿਕਾਰੀਆਂ ਨਾਲ ਕੀਤੀ ਜਾਵੇ ਜੋ ਹਾਲ ਹੀ ਵਿੱਚ ਆਈਆਂ ਖਬਰਾਂ ਵਿੱਚ ਸ਼ਾਮਲ ਹਨ।”
ਉਹਨਾਂ ਨੇ ਸਿਵਲ ਸੇਵਾਵਾਂ ਵਿੱਚ ਨਿਆਂ ਅਤੇ ਮੈਰਿਟ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ, ਅਤੇ ਇਹ ਪੈਗਾਮ ਦੇਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਕਿ ਜਾਲਸਾਜੀ ਦੇ ਅਮਲ ਬਰਦਾਸ਼ਤ ਨਹੀਂ ਕੀਤੇ ਜਾਣਗੇ।
” ਅਪੰਗ ਸਟਰਟੀਫਿਕੇਟਾਂ ਅਤੇ ਝੂਠੇ OBC ਦਸਤਾਵੇਜ਼ਾਂ ਦੀ ਜਾਲਸਾਜੀ ਨਾ ਸਿਰਫ ਹੱਕਦਾਰ ਉਮੀਦਵਾਰਾਂ ਨੂੰ ਉਹਨਾਂ ਦੇ ਯੋਗ ਅਵਸਰਾਂ ਤੋਂ ਵੰਚਿਤ ਕਰਦੀ ਹੈ, ਪਰ ਇਹ ਇੱਕ ਖ਼ਤਰਨਾਕ ਮਿਸਾਲ ਵੀ ਕਾਇਮ ਕਰਦੀ ਹੈ ਜੋ ਸਾਡੇ ਪ੍ਰਸ਼ਾਸਕੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ,” ਡਾ. ਗਾਂਧੀ ਨੇ ਕਿਹਾ।
“ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਲੋਕ ਕਾਨੂੰਨ ਦੇ ਅਨੁਸਾਰ ਸਭ ਤੋਂ ਵੱਡੀ ਸਜ਼ਾ ਦਾ ਸਾਹਮਣਾ ਕਰਨ।”
ਡਾ. ਗਾਂਧੀ ਨੇ ਭਰੋਸਾ ਜਤਾਇਆ ਕਿ ਮਾਣਯੋਗ ਮੰਤਰੀ ਇਸ ਮਾਮਲੇ ਨੂੰ ਤਰਜੀਹ ਦੇਣਗੇ ਅਤੇ ਇੱਕ ਇਨਸਾਫ਼ਪੂਰਨ ਅਤੇ ਪਾਰਦਰਸ਼ੀ ਜਾਂਚ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ,ਜਿਸ ਦੇ ਨਾਲ ਸਾਡੇ ਸੰਸਥਾਨਾਂ ਵਿੱਚ ਜਨਤਾ ਦਾ ਭਰੋਸਾ ਬਰਕਰਾਰ ਰਹੇਗਾ।