ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਪਰੇਡ ਗਰਾਊਂਡ, ਸੈਕਟਰ-17, ਚੰਡੀਗੜ੍ਹ
ਵਿਖੇ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਇਸ ਅਵਸਰ ‘ਤੇ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਮੁੱਖ ਮਹਿਮਾਨ ਰਹੇ।

ਮੁੱਖ ਸਕੱਤਰ ਨੇ ਸਭ ਤੋਂ ਪਹਿਲਾਂ
ਬੋਗਨਵਿਲੀਆ ਗਾਰਡਨ ਸਥਿਤ ਯੁੱਧ ਸਮਾਰਕ ‘ਤੇ ਦੇਸ਼ ਦੀ ਰੱਖਿਆ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਥਿਆਰਬੰਦ ਬਲਾਂ ਦੇ ਵੀਰ ਜਵਾਨਾਂ ਦੀ ਯਾਦ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ।

ਸਮਾਰੋਹ ਦੀ ਸ਼ੁਰੂਆਤ ਮੁੱਖ ਸਕੱਤਰ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ। ਪੁਲਿਸ ਟੁਕੜੀਆਂ ਅਤੇ ਐੱਨਸੀਸੀ ਕੈਡਿਟਾਂ ਦੁਆਰਾ ਪ੍ਰਸਤੁਤ ਅਨੁਸ਼ਾਸਿਤ ਅਤੇ ਪ੍ਰਭਾਵਸ਼ਾਲੀ ਮਾਰਚ-ਪਾਸਟ ਨੇ ਵਾਤਾਵਰਣ ਨੂੰ ਮਾਣ ਅਤੇ ਦੇਸ਼ ਭਗਤੀ ਨਾਲ ਓਤ-ਪ੍ਰੋਤ ਕਰ ਦਿੱਤਾ।

ਗਣਤੰਤਰ ਦਿਵਸ ਪਰੇਡ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਿੰਨ ਵਿਭਾਗਾਂ ਦੁਆਰਾ ਆਕਰਸ਼ਕ ਅਤੇ ਜਾਣਕਾਰੀ ਭਰਪੂਰ ਝਾਕੀਆਂ ਪ੍ਰਸਤੁਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਮਾਜਿਕ ਅਤੇ ਵਿਕਾਸਾਤਮਕ ਵਿਸ਼ਿਆਂ ਨੂੰ ਪ੍ਰਭਾਵੀ ਤੌਰ ‘ਤੇ ਦਰਸਾਇਆ ਗਿਆ।

ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਝਾਕੀ ਨੇ “ਮਾਨਵਤਾ ਨੂੰ ਜ਼ਿੰਦਾ ਰੱਖਣਾ”, ਜਦਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ “ਸਵੱਛ ਵਾਯੂ ਨਾਲ ਟਿਕਾਊ ਵਿਕਾਸ ਦੀ ਤਰਫ਼ ਚੰਡੀਗੜ੍ਹ” ਥੀਮ ਪੇਸ਼ ਕੀਤਾ।

ਸਿੱਖਿਆ ਵਿਭਾਗ ਨੇ “ਵੰਦੇ ਮਾਤਰਮ ਦੇ 150 ਵਰ੍ਹੇ”, ਅਤੇ ਵਿਗਿਆਨ ਅਤੇ ਟੈਕਨੋਲੋਜੀ ਅਤੇ ਅਖੁੱਟ ਊਰਜਾ ਵਿਭਾਗ ਨੇ “ਪੀਐੱਮ ਸੂਰਯ ਘਰ-ਮੁਫ਼ਤ ਬਿਜਲੀ ਯੋਜਨਾ” ਨੂੰ ਦਰਸਾਇਆ।

ਇੱਕ ਪ੍ਰਸਿੱਧ ਡ੍ਰੋਨ ਇਨੋਵੇਟਰ ਦੀ ਝਾਕੀ ਵਿੱਚ “ਡ੍ਰੋਨ ਮੈਨ ਆਵ੍ ਇੰਡੀਆ” ਥੀਮ ਪ੍ਰਸਤੁਤ ਕੀਤਾ ਗਿਆ। ਸਿਹਤ ਵਿਭਾਗ ਦੀ ਝਾਕੀ ਦਾ ਵਿਸ਼ਾ “ਟੀਬੀ ਮੁਕਤ ਚੰਡੀਗੜ੍ਹ” ਰਿਹਾ, ਜਦਕਿ ਨਗਰ ਨਿਗਮ ਨੇ “ਸਵੱਛ ਸਵਾਰੀ” ਨੂੰ ਪ੍ਰਦਰਸ਼ਿਤ ਕੀਤਾ।

ਇੰਜੀਨੀਅਰਿੰਗ ਵਿਭਾਗ ਨੇ “ਊਰਜਾ ਦਕਸ਼ਤਾ – ਆਤਮਨਿਰਭਰ ਭਾਰਤ ਦੀ ਹਰਿਤ ਸ਼ਕਤੀ”, ਉਦਯੋਗ ਵਿਭਾਗ ਨੇ “ਐੱਮਐੱਸਐੱਮਈ (MSME): ਗ੍ਰੋਥ ਅਤੇ ਇਨੋਵੇਸ਼ਨ ਲਈ ਇੰਜਣ”, ਅਤੇ ਵਣ ਵਿਭਾਗ ਨੇ “ਜਲ, ਜੰਗਲ ਅਤੇ ਜ਼ਮੀਨ – ਇਹੀ ਪ੍ਰਕ੍ਰਿਤੀ ਦਾ ਸੰਤੁਲਨ ਹੈ ਅਤੇ ਇਹੀ ਸਾਡੇ ਭਵਿੱਖ ਦੀ ਕੁੰਜੀ ਵੀ” ਵਿਸ਼ੇ ਨੂੰ ਦਰਸਾਇਆ।

ਅੱਗ ਬੁਝਾਊ ਸੇਵਾਵਾਂ ਵਿਭਾਗ ਦੀ ਝਾਕੀ ਵਿੱਚ “ਜਨਸਮੂਹ ਭਵਨਾਂ ਵਿੱਚ ਅੱਗ ਸੁਰੱਖਿਆ – ਸਥਾਈ ਅੱਗ ਬੁਝਾਊ ਪ੍ਰਣਾਲੀਆਂ ਦਾ ਮਹੱਤਵ” ਵਿਸ਼ੇ ਨੂੰ ਪ੍ਰਮੁੱਖਤਾ ਨਾਲ ਪ੍ਰਸਤੁਤ ਕੀਤਾ ਗਿਆ।

ਸਮਾਰੋਹ ਵਿੱਚ ਰੰਗ ਅਤੇ ਊਰਜਾ ਦਾ ਸੰਚਾਰ ਕਰਦੇ ਹੋਏ ਚੰਡੀਗੜ੍ਹ ਦੇ ਵਿਭਿੰਨ ਸਕੂਲਾਂ, ਕਾਲਜਾਂ ਅਤੇ ਗ੍ਰਿੱਡ (GRIID) ਦੇ ਵਿਦਿਆਰਥੀਆਂ ਨੇ ਜੀਵੰਤ ਸੱਭਿਆਚਾਰਕ ਪ੍ਰਦਰਸ਼ਨ ਪ੍ਰਸਤੁਤ ਕੀਤੇ, ਜੋ ਇਸ ਸਮਾਗਮ ਦੇ ਪ੍ਰਮੁੱਖ ਆਕਰਸ਼ਣਾਂ ਵਿੱਚ ਸ਼ਾਮਲ ਰਹੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਸੁਤੰਤਰਤਾ ਸੈਨਾਨੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਭਾਰਤ ਦੀਆਂ ਪ੍ਰਾਚੀਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਆਧੁਨਿਕ ਸੰਵਿਧਾਨਕ ਸਿਧਾਂਤਾਂ ਦਾ ਅਦਭੁਤ ਸੰਗਮ ਹੈ।

ਉਨ੍ਹਾਂ ਨੇ 26 ਜਨਵਰੀ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸੰਵਿਧਾਨ ਨੂੰ ਅੰਗੀਕਾਰ ਕਰਨਾ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਪ੍ਰਤੀ ਰਾਸ਼ਟਰ ਦੀ ਪ੍ਰਤੀਬੱਧਤਾ ਨੂੰ ਦੁਬਾਰਾ ਮਜ਼ਬੂਤ ਕਰਦਾ ਹੈ, ਜੋ ਅੱਜ ਵੀ ਭਾਰਤ ਦੀ ਲੋਕਤੰਤਰੀ ਯਾਤਰਾ ਦਾ ਮਾਰਗਦਰਸ਼ਨ ਕਰ ਰਹੇ ਹਨ।

ਚੰਡੀਗੜ੍ਹ ਦੀਆਂ ਉਪਲਬਧੀਆਂ ਦਾ ਉਲੇਖ ਕਰਦੇ ਹੋਏ ਮੁੱਖ ਸਕੱਤਰ ਨੇ ਦੱਸਿਆ ਕਿ ਸੰਨ 2025 ਵਿੱਚ ਚੰਡੀਗੜ੍ਹ ਪੁਲਿਸ ਨੇ ਦੇਸ਼ ਵਿੱਚ ਸਭ ਤੋਂ ਤੇਜ਼ ਔਸਤ ਐਮਰਜੈਂਸੀ ਪ੍ਰਤੀਕਿਰਿਆ ਸਮਾਂ 5.6 ਮਿੰਟ ਦਰਜ ਕੀਤਾ ਹੈ, ਜਿਸ ਨੂੰ ਕੁਇੱਕ ਰਿਸਪਾਂਸ ਟੀਮ ਮੋਟਰਸਾਇਕਲਾਂ ਅਤੇ ਮਜ਼ਬੂਤ ਪੁਲਿਸਿੰਗ ਬੁਨਿਆਦੀ ਢਾਂਚੇ ਤੋਂ ਸਮਰਥਨ ਮਿਲਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਯੂਟੀ ਚੰਡੀਗੜ੍ਹ ਨੇ ਆਯੁਸ਼ਮਾਨ ਆਰੋਗਯ ਮੰਦਿਰਾਂ ਦੀ 100 ਪ੍ਰਤੀਸ਼ਤ ਸੰਤ੍ਰਿਪਤਾ ਪ੍ਰਾਪਤ ਕੀਤੀ ਹੈ ਅਤੇ 60 ਕੇਂਦਰ ਕਾਰਜਰਤ ਹਨ। ਇਸ ਤੋਂ ਇਲਾਵਾ ਜੀਐੱਮਸੀਐੱਚ-32 ਵਿਖੇ ਨਵਾਂ ਐਮਰਜੈਂਸੀ ਅਤੇ ਟਰਾਮਾ ਬਲਾਕ ਪੂਰਾ ਹੋ ਚੁੱਕਿਆ ਹੈ, ਜਿਸ ਨਾਲ ਐਮਰਜੈਂਸੀ ਸਿਹਤ ਸੰਭਾਲ਼ ਸੇਵਾਵਾਂ ਹੋਰ ਅਧਿਕ ਮਜ਼ਬੂਤ ਹੋਈਆਂ ਹਨ।

ਮੁੱਖ ਸਕੱਤਰ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਉੱਲਾਸ (ULLAS) ਪ੍ਰੋਗਰਾਮ ਦੇ ਤਹਿਤ ਪੂਰੀ ਤਰ੍ਹਾਂ ਸਾਖਰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਹੈ ਅਤੇ ਪਰਖ (PARAKH) ਰਾਸ਼ਟਰੀ ਸਰਵੇਖਣ ਵਿੱਚ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਖੇਡਾਂ ਦੇ ਖੇਤਰ ਵਿੱਚ ਪ੍ਰਗਤੀ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੈਕਟਰ-42 ਵਿੱਚ ਅੰਤਰਰਾਸ਼ਟਰੀ ਮਿਆਰਾਂ ਵਾਲੇ ਮਲਟੀਪਰਪਜ਼ ਇਨਡੋਰ ਹਾਲ ਸਹਿਤ ਅਤਿਆਧੁਨਿਕ ਖੇਡ ਪਰਿਸਰ ਵਿਕਸਿਤ ​​ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਨੇ ਰਾਸ਼ਟਰੀ ਊਰਜਾ ਸੰਭਾਲ਼ ਪੁਰਸਕਾਰ -2025 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਹੈ ਜਿੱਥੇ ਸਾਰੇ ਸਰਕਾਰੀ ਭਵਨਾਂ ਵਿੱਚ 100 ਪ੍ਰਤੀਸ਼ਤ ਸੌਰ ਊਰਜਾ ਸੰਤ੍ਰਿਪਤਾ ਪ੍ਰਾਪਤ ਕੀਤੀ ਗਈ ਹੈ।

ਸਮਾਰੋਹ ਦੇ ਦੌਰਾਨ ਜਨਤਕ ਸੇਵਾ, ਕਲਾ ਅਤੇ ਸੱਭਿਆਚਾਰ, ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ 32 ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਪੰਜ ਪੁਲਿਸ ਕਰਮੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਅਤੇ 25 ਪੁਲਿਸ ਕਰਮੀਆਂ ਨੂੰ ਪ੍ਰਸ਼ਾਸਕ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਸੁਸ਼੍ਰੀ ਕੰਵਰਦੀਪ ਕੌਰ, ਐੱਸਐੱਸਪੀ (ਯੂਟੀ) ਦੀ ਅਗਵਾਈ ਵਿੱਚ ਚੰਡੀਗੜ੍ਹ ਪੁਲਿਸ ਨੂੰ ਓਵਰਆਲ ਬੈਸਟ ਕੰਟੀਜੈਂਟ ਟਰਾਫੀ (ਗੋਲਡ ਪਲੇਟਿਡ) ਪ੍ਰਦਾਨ ਕੀਤੀ ਗਈ।

ਪੁਲਿਸ ਕੰਟੀਜੈਂਟ ਸ਼੍ਰੇਣੀ ਵਿੱਚ, ਚੰਡੀਗੜ੍ਹ ਪੁਲਿਸ (ਪੁਰਸ਼) ਨੇ ਪਹਿਲਾ ਇਨਾਮ ਜਿੱਤਿਆ, ਸੀਆਰਪੀਐੱਫ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅਤੇ ਚੰਡੀਗੜ੍ਹ ਪੁਲਿਸ ਜ਼ਿਲ੍ਹਾ-1 (ਮਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹੋਮ ਗਾਰਡ / ਸਿਵਲ ਡਿਫੈਂਸ / ਫਾਇਰ ਬ੍ਰਿਗੇਡ ਸ਼੍ਰੇਣੀ ਵਿੱਚ, ਚੰਡੀਗੜ੍ਹ ਸਿਵਲ ਡਿਫੈਂਸ ਪਲਟੂਨ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਉਸ ਤੋਂ ਬਾਅਦ ਚੰਡੀਗੜ੍ਹ ਫਾਇਰ ਸਰਵਿਸਿਜ਼ ਦੂਜੇ ਸਥਾਨ ‘ਤੇ ਰਹੀ, ਜਦਕਿ ਚੰਡੀਗੜ੍ਹ ਹੋਮ ਗਾਰਡ ਪਲਟੂਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸੇਂਟ ਜੌਨ ਐਂਬੂਲੈਂਸ ਬ੍ਰਿਗੇਡ / ਰੋਡ ਸੇਫਟੀ / ਪਲਟੂਨ ਸਕਾਊਟਸ ਐਂਡ ਗਾਇਡਸ ਸ਼੍ਰੇਣੀ ਦੇ ਤਹਿਤ, ਜੀਐੱਮਐੱਸਐੱਸਐੱਸ (GMSSS)-26 ਨੇ ਪਹਿਲਾ ਇਨਾਮ ਜਿੱਤਿਆ, ਜੀਐੱਮਐੱਸਐੱਸਐੱਸ (GMSSS)-10 ਐਂਬੂਲੈਂਸ ਬ੍ਰਿਗੇਡ ਦੂਜੇ ਸਥਾਨ ‘ਤੇ ਰਹੀ, ਅਤੇ ਜੀਐੱਮਐੱਸਐੱਸਐੱਸ (GMSSS)-32 (ਲੜਕੀਆਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐੱਨਐੱਸਐੱਸ(NSS) (ਸਕੂਲ) ਸ਼੍ਰੇਣੀ ਵਿੱਚ, ਐੱਸਜੀਐੱਚਐੱਸਐੱਸ (SGHSS)-40 (ਲੜਕਿਆਂ) ਪਹਿਲੇ, ਦੇਵ ਸਮਾਜ-21 (ਲੜਕੀਆਂ) ਦੂਜੇ ਸਥਾਨ ਅਤੇ ਸ਼ਿਵਾਲਿਕ ਸਕੂਲ-41 (ਲੜਕੇ) ਤੀਜੇ ਸਥਾਨ ‘ਤੇ ਰਹੇ।

ਐੱਨਐੱਸਐੱਸ (ਕਾਲਜ) ਸ਼੍ਰੇਣੀ ਵਿੱਚ, ਐੱਨਐੱਸਐੱਸ ਪੀਜੀਜੀਸੀ-11 ਨੇ ਪਹਿਲਾ ਇਨਾਮ ਜਿੱਤਿਆ, ਐੱਨਐੱਸਐੱਸ ਓਪਨ ਯੂਨਿਟ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅਤੇ ਐੱਨਐੱਸਐੱਸ ਪੀਜੀਜੀਸੀ-42 ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਕੂਲ ਬੈਂਡ ਸ਼੍ਰੇਣੀ ਵਿੱਚ, ਮੋਤੀਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-27 ਨੇ ਪਹਿਲਾ ਇਨਾਮ, ਸੈਕਰਡ ਹਾਰਟ ਸਕੂਲ, ਸੈਕਟਰ-26 ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅਤੇ ਨਿਊ ਪਬਲਿਕ ਸਕੂਲ, ਸੈਕਟਰ-18 ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਝਾਕੀ ਸ਼੍ਰੇਣੀ ਵਿੱਚ ਵਿਗਿਆਨ ਅਤੇ ਅਖੁੱਟ ਊਰਜਾ ਵਿਭਾਗ ਨੂੰ ਪਹਿਲਾ, ਸਿੱਖਿਆ ਵਿਭਾਗ ਨੂੰ ਦੂਜਾ ਅਤੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਨੂੰ ਤੀਜਾ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਸੱਭਿਆਚਾਰਕ ਪ੍ਰੋਗਰਾਮ ਟਰਾਫੀ ਵਿੱਚ, ਜੀਜੀਐੱਮਐੱਸਐੱਸਐੱਸ-20ਬੀ ਦੁਆਰਾ ਪ੍ਰਸਤੁਤ “ਵੰਦੇ ਮਾਤਰਮ” ਨੂੰ ਪਹਿਲਾ ਪੁਰਸਕਾਰ, ਜੀਜੀਐੱਮਐੱਸਐੱਸਐੱਸ-37ਬੀ ਦੀ ਹਰਿਆਣਵੀ ਅਤੇ ਭੰਗੜਾ ਪ੍ਰਸਤੁਤੀ ਨੂੰ ਦੂਜਾ ਅਤੇ ਵਿਸ਼ੇਸ਼ ਵਿਦਿਆਰਥੀਆਂ ਦੁਆਰਾ ਪ੍ਰਸਤੁਤ ਪ੍ਰੋਗਰਾਮ ਨੂੰ ਤੀਜਾ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਮੁੱਖ ਸਕੱਤਰ ਨੇ ਕੱਲ੍ਹ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਛੁੱਟੀ ਦਾ ਐਲਾਨ ਵੀ ਕੀਤਾ।

ਇਸ ਅਵਸਰ ‘ਤੇ ਸ਼੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ; ਡਾ. ਸਾਗਰ ਪ੍ਰੀਤ ਹੁੱਡਾ, ਡੀਜੀਪੀ, ਚੰਡੀਗੜ੍ਹ ਪੁਲਿਸ; ਸ਼੍ਰੀ ਦੀਪਰਵਾ ਲਾਕੜਾ, ਵਿੱਤ ਸਕੱਤਰ; ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ ਸਹਿਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਬੜੀ ਸੰਖਿਆ ਵਿੱਚ ਸ਼ਹਿਰਵਾਸੀ ਉਪਸਥਿਤ ਰਹੇ।

×