ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੱਗ ਬੰਨ੍ਹਣ ਦੇ ਪਿੱਛੇ ਸਿਆਸੀ ਉਦੇਸ਼

ਪੰਜਾਬ ਦੀ ਸਿਆਸਤ ਵਿੱਚ ਸਾਂਪ੍ਰਦਾਇਕ ਜ਼ਹਿਰ ਘੋਲਣ ਵਿਰੁੱਧ ਸਾਵਧਾਨ ਕੀਤਾ

ਚੰਡੀਗੜ੍ਹ, 2 ਮਾਰਚ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਫਿਰਕਾਪ੍ਰਸਤੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਉਹ ਨਾਟਕਪੁਣੇ ਨਾਲ ਭਟਕਦੇ ਹਨ।

ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵਿਧਾਨ ਸਭਾ ਵਿੱਚ ਪੱਗ ਬੰਨ੍ਹਣ ਬਾਰੇ ਸਵਾਲ ਪੁੱਛਿਆ ਗਿਆ, ਤਾਂ ਵੜਿੰਗ ਨੇ ਕਿਹਾ ਕਿ ਉਹ ਸੈਣੀ ਦੀ ਕਿਸੇ ਵੀ ਧਰਮ ਨੂੰ ਮੰਨਣ ਅਤੇ ਪੱਗ ਬੰਨ੍ਹਣ ਦੀ ਆਜ਼ਾਦੀ ਦਾ ਆਦਰ ਕਰਦੇ ਹਨ।

ਹਾਲਾਂਕਿ ਉਨ੍ਹਾਂ ਨੇ ਸੈਣੀ ਵੱਲੋਂ ਪੱਗ ਬੰਨ੍ਹਣ ਦੇ ਸਮੇਂ ਨੂੰ ਮਹੱਤਵਪੂਰਨ ਦੱਸਿਆ। ਖਾਸ ਕਰਕੇ ਉਦੋਂ, ਜਦੋਂ ਸੈਣੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਲਈ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਹ ਅਕਸਰ ਪੰਜਾਬ ਵਿੱਚ ਪੱਗ ਬੰਨ੍ਹੇ ਨਜ਼ਰ ਆਉਂਦੇ ਹਨ। ਇਥੋਂ ਤੱਕ ਕਿ ਉਹ ਹਰਿਆਣਾ ਨਾਲੋਂ ਵੱਧ ਪੰਜਾਬ ਵਿੱਚ ਦਿੱਖਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਹਨ, ਖਾਸ ਕਰਕੇ ਪੰਜਾਬ ਤੇ ਹਰਿਆਣਾ ਦਰਮਿਆਨ ਪਾਣੀਆਂ ਦੇ ਵਿਵਾਦ ਬਾਰੇ। ਉਸ ਮਾਮਲੇ ’ਚ ਇਨ੍ਹਾਂ ਦਾ ਰੁਖ ਕੀ ਹੋਵੇਗਾ? ਇਹ ਸਪੱਸ਼ਟ ਤੌਰ ’ਤੇ ਹਿਤਾਂ ਦੇ ਟਕਰਾਅ ਦਾ ਮਾਮਲਾ ਹੈ।

ਜਦਕਿ ਧਾਰਮਿਕ ਪ੍ਰਤੀਕਵਾਦ ਬਾਰੇ, ਵੜਿੰਗ ਨੇ ਕਿਹਾ ਕਿ ਜੇਕਰ ਸੈਣੀ ਇਹ ਸੋਚਦੇ ਹਨ ਕਿ ਪੱਗ ਬੰਨ੍ਹ ਕੇ ਉਹ ਪੰਜਾਬੀਆਂ ਦੇ ਕਿਸੇ ਖਾਸ ਵਰਗ ਨੂੰ ਪ੍ਰਭਾਵਿਤ ਕਰ ਲੈਣਗੇ, ਤਾਂ ਉਹ ਭੁੱਲ ਵਿੱਚ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਸਾਂਪ੍ਰਦਾਇਕ ਆਧਾਰ ’ਤੇ ਵੋਟ ਨਹੀਂ ਪਾਈ ਹੈ ਅਤੇ ਨਾ ਹੀ ਕਦੇ ਪਾਉਣਗੇ।

ਵੜਿੰਗ ਨੇ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿੱਚ ਸਾਂਪ੍ਰਦਾਇਕ ਜ਼ਹਿਰ ਘੋਲਣ ਖਿਲਾਫ ਸਾਵਧਾਨ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬੀ ਨਾ ਤਾਂ ਤੁਹਾਡੀ ਸਾਂਪ੍ਰਦਾਇਕ ਸਿਆਸਤ ਨਾਲ ਲੁਭਾਏ ਜਾ ਸਕਦੇ ਹਨ ਅਤੇ ਨਾ ਹੀ ਨਾਟਕੀਪਣ ਨਾਲ। ਇਸ ਤਰ੍ਹਾਂ ਦੀ ਕੋਸ਼ਿਸ਼ ਸਿਰਫ਼ ਇਹ ਦਿਖਾਉਂਦੀ ਹੈ ਕਿ ਭਾਜਪਾ ਅਤੇ ਇਸਦੇ ਆਗੁ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਕਿੰਨੇ ਦੂਰ ਹਨ।

×