ਕਿਹਾ ਕਿ ਅਖਿਲ ਭਾਰਤੀ ਆਂਗਣਵਾੜੀ ਵਰਕਰ ਦੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਘੋਟਾਲੇ ਦਾ ਪਰਦਾਫਾਸ਼ ਕਰਨ ਲਈ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਦੀ ਐਮ. ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਵਿਚ ਆਂਗਣਵਾੜੀ ਵਰਕਰ ਗਰਭਵੀ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਪੂਰਕ ਪੋਸ਼ਣ ਪ੍ਰਦਾਨ ਕਰਨ ਵਾਲੇ ਆਈ. ਸੀ. ਡੀ. ਐਸ. ਪ੍ਰੋਗਰਾਮ ਵਿਚ ਭ੍ਰਿਸ਼ਟਾਚਾਰ ਦੀ ਸੀ. ਬੀ. ਆਈ. ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਸੰਸਦ ਵਿਚ ਇਸ ਮੁੱਦੇ ਨੂੰ ਚੁੱਕਣ ਲਈ ਬਠਿੰਡਾ ਐਮ. ਪੀ. ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕਿਾਰੀ ਸੰਸਥਾ ਵੇਰਕਾ ਤੋਂ ਦੁੱਧ, ਪਾਊਡਰ, ਘੀ ਅਤੇ ਪੰਜੀਰੀ ਦੀ ਸਪਲਾਈ ਦੀ ਜ਼ਿੰਮੇਵਾਰੀ ਖੋਹ ਕੇ ਇਸ ਨੂੰ ਭਾਰੀ ਕਮਿਸ਼ਨ ’ਤੇ ਇਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਖਾਦ ਪਦਾਰਥਾਂ ਦੀ ਸਪਲਾਈ ਦਾ ਠੇਕਾ ਸਹਿਕਾਰੀ ਸੰਸਥਾ ਤੋਂ ਕਿਉਂ ਖੋਹ ਲਿਆ ਗਿਆ ਜੋ ਸਾਲਾਂ ਤੋਂ ਸੰਤੁਸ਼ਟੀਜਨਕ ਉਤਪਾਦ ਦੀ ਸਪਲਾਈ ਕਰ ਰਹੀ ਸੀ ਅਤੇ ਇਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਆਈ. ਸੀ. ਡੀ. ਐਸ. ਪ੍ਰੋਗਰਾਮ ਦੇ ਤਹਿਤ ਮਿਲਣ ਵਾਲੇ ਫੰਡ ਨੂੰ 150 ਕਰੋੜ ਰੁਪਏ ਤੋਂ ਦੁੱਗਣਾ ਕਰਕੇ 300 ਕਰੋੜ ਰੁਪਏ ਕਰਨ ਲਈ ਇਕ ਫਰਜੀ ਸੂਚੀ ਬਣਾ ਕੇ ਲਾਭਪਾਤਰੀਆਂ ਦੀ ਗਿਣਤੀ ਨੂੰ ਦੁੱਗਣਾ ਕਰ ਦਿੱਤਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਮਾਤਾਵਾਂ ਅਤੇ ਬੱਚਿਆਂ ਨੂੰ ਦਿੱਤੇ ਜਾ ਰਹੇ ਘਟੀਆ ਉਤਪਾਦ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਸਿਰਫ ਸੀ. ਬੀ. ਆਈ. ਦੀ ਜਾਂਚ ਤੋਂ ਹੀ ਪੂਰੇ ਘੋਟਾਲੇ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਲਾਭਪਾਤਰੀਆਂ ਦੀ ਕੋਈ ਗਲਤੀ ਨਹੀਂ ਹੈ, ਇਸ ਲਈ ਇਸ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਪਰ ਆਪ ਦੇ ਅਹੁਦੇਦਾਰਾਂ ਸਮੇਤ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਲੋਕਾਂ ਨੂੰ ਦੰਡਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸਰਵ ਸਿੱਖਿਆ ਅਭਿਆਨ ਦੇ ਫੰਡ ਨੂੰ ਰੋਕ ਦਿੱਤਾ ਗਿਆ ਅਤੇ ਕਿਹਾ ਕਿ ਇਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਬਠਿੰਡਾ ਐਮ. ਪੀ. ਨੇ ਇਸ ਮੌਕੇ ਅਖਿਲ ਭਾਰਤੀ ਆਂਗਣਵਾੜੀ ਵਰਕਰ ਪ੍ਰਧਾਨ ਹਰਗੋਬਿੰਦ ਕੌਰ ਦੇ ਸੋਸ਼ਣ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੂਰੇ ਘੋਟਾਲੇ ਨੂੰ ਉਜਾਗਰ ਕਰਨ ਤੋਂ ਬਾਅਦ ਆਂਗਣਵਾੜੀ ਪ੍ਰਧਾਨ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਇਕ ਸੀ. ਡੀ. ਪੀ. ਓ. ਨੂੰ ਵੀ ਬਰਖਾਸਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਕਰਨ ਦੀ ਬਜਾਏ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਵੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ 4500 ਰੁਪਏ ਅਤੇ 2200 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ।