ਚੰਡੀਗੜ੍ਹ, 13 ਜਨਵਰੀ:

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਆਯੋਜਿਤ ਵਾਰਸ਼ਿਕ ‘ਪਰਵ ਮਿਲਨ’ ਸਮਾਰੋਹ ਦੇ ਦੌਰਾਨ ਚੁਣੇ ਗਏ ਉਮੀਦਵਾਰਾਂ ਅਤੇ ਸੇਵਾ ਕਰ ਰਹੇ ਸਿਵਲ ਸੇਵਕਾਂ – ਸੰਕਲਪ ਆਈਏਐੱਸ, ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀਆਂ – ਨੂੰ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਇੱਕ ਪ੍ਰਮੁੱਖ ਸਿਵਲ ਸੇਵਾਵਾਂ ਕੋਚਿੰਗ ਸੰਸਥਾ, ਸੰਕਲਪ ਆਈਏਐੱਸ ਵਿੱਚ ਟ੍ਰੇਨਿੰਗ ਪ੍ਰਾਪਤ ਸਫ਼ਲ ਉਮੀਦਵਾਰਾਂ ਅਤੇ ਸੇਵਾ ਕਰ ਰਹੇ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਸਿਵਲ ਸੇਵਕ ਸੰਵਿਧਾਨਿਕ ਕਦਰਾਂ-ਕੀਮਤਾਂ ਦੇ ਰਖਵਾਲੇ ਹਨ ਅਤੇ ਰਾਜ ਅਤੇ ਇਸ ਦੇ ਨਾਗਰਿਕਾਂ ਵਿਚਕਾਰ ਇੱਕ ਮਹੱਤਵਪੂਰਨ ਪੁਲ਼ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਇਮਾਨਦਾਰੀ, ਪਾਰਦਰਸ਼ਤਾ ਅਤੇ ਮਨੁੱਖੀ-ਕੇਂਦ੍ਰਿਤ ਗਵਰਨੈਂਸ ਦੀ ਮਹੱਤਤਾ ‘ਤੇ ਬਲ ਦਿੱਤਾ, ਅਤੇ ਜ਼ਿੰਮੇਵਾਰ ਅਤੇ ਨੈਤਿਕ ਸਿਵਲ ਸੇਵਕਾਂ ਨੂੰ ਤਿਆਰ ਕਰਨ ਵਿੱਚ ਸੰਸਥਾਵਾਂ ਅਤੇ ਸਲਾਹਕਾਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਦੇਸ਼ ਭਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਆਈਏਐੱਸ, ਆਈਪੀਐੱਸ, ਆਈਆਰਐੱਸ, ਆਈਆਈਐੱਸ, ਐੱਚਸੀਐੱਸ, ਪੀਸੀਐੱਸ ਅਤੇ ਏਈਟੀਸੀ ਕਾਡਰਾਂ ਦੇ 20 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਲੋਕ ਸੇਵਾ ਪ੍ਰਤੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ।

ਰਾਜਪਾਲ ਨੇ ਸੰਕਲਪ ਆਈਏਐੱਸ ਦੇ ਫੈਕਲਟੀ ਅਤੇ ਸਲਾਹਕਾਰਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਅਕਾਦਮਿਕ ਉਤਕ੍ਰਿਸ਼ਟਤਾ ਅਤੇ ਲੋਕ ਸੇਵਾ ਦੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੰਸਥਾ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਜਾਰੀ ਰੱਖੇਗੀ।

ਸੰਕਲਪ ਆਈਏਐੱਸ, ਚੰਡੀਗੜ੍ਹ ਦੇ ਪ੍ਰਧਾਨ, ਸ਼੍ਰੀ ਚਰਨਜੀਤ ਰਾਏ ਨੇ ਜਾਣਕਾਰੀ ਦਿੱਤੀ ਕਿ ਇਸ ਸੰਸਥਾ ਦੁਆਰਾ ਹੁਣ ਤੱਕ ਯੂਪੀਐੱਸਸੀ ਅਤੇ ਹੋਰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਕੁੱਲ 133 ਸਫ਼ਲ ਉਮੀਦਵਾਰਾਂ ਦਾ ਮਾਰਗਦਰਸ਼ਨ ਕੀਤਾ ਗਿਆ ਹੈ। ਹਾਲ ਹੀ ਦੇ ਪੀਸੀਐੱਸ ਪਰੀਖਿਆ ਦੇ ਨਤੀਜਿਆਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੇ 18 ਉਮੀਦਵਾਰਾਂ ਵਿੱਚੋਂ 13 ਦੀ ਸਿਲੈਕਸ਼ਨ ਹੋਈ ਹੈ, ਜੋ ਸੰਸਥਾ ਲਈ ਮਾਣ ਦਾ ਵਿਸ਼ਾ ਹੈ।

ਇਸ ਅਵਸਰ ‘ਤੇ ਜੋਧਪੁਰ (ਰਾਜਸਥਾਨ) ਤੋਂ ਪਹੁੰਚੇ ਮਹਾਮੁਨੀ ਰਾਮਦਾਸ ਜੀ; ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ, ਸ਼੍ਰੀ ਗਿਆਨ ਚੰਦ ਗੁਪਤਾ; ਪੰਜਾਬ ਦੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵੀ.ਪੀ. ਸਿੰਘ; ਸ਼੍ਰੀ ਸੰਜੈ ਟੰਡਨ; ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ, ਸ਼੍ਰੀ ਟੀ. ਪਦਮ ਨਾਇਰ ਸਹਿਤ ਹੋਰ ਪਤਵੰਤੇ ਨਾਗਰਿਕ ਅਤੇ ਅਧਿਕਾਰੀ ਉਪਸਥਿਤ ਸਨ।

×