ਰਾਜਪਾਲ ਨੇ ‘ਜਨਜਾਤੀਯ ਗੌਰਵ ਦਿਵਸ’ ਦੀ ਦਿੱਤੀ ਵਧਾਈ

ਝਾਰਖੰਡ ਦਾ ਸਥਾਪਨਾ ਦਿਵਸ ਬੁੱਧਵਾਰ ਨੂੰ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀ ਮੌਜੂਦਗੀ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਝਾਰਖੰਡ ਦੇ ਸਥਾਪਨਾ ਦਿਵਸ ‘ਤੇ ਸਮੁੱਚੇ ਦੇਸ਼ਵਾਸੀਆਂ, ਖਾਸ ਕਰਕੇ ਝਾਰਖੰਡ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤ ਵਿਭਿੰਨ ਰੰਗਾਂ ਵਾਲੇ ਸੂਬਿਆਂ ਰੂਪੀ ਫੁੱਲਾਂ ਨਾਲ ਸਜਿਆ ਇੱਕ ਸੁੰਦਰ ਗੁਲਦਸਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਸੂਬਿਆਂ ਦੇ ਸਥਾਪਨਾ ਦਿਵਸ ਨੂੰ ਮਨਾਉਣਾ ਸਿਰਫ਼ ਇੱਕ ਰਸਮੀ ਸਮਾਗਮ ਨਹੀਂ ਹੈ, ਸਗੋਂ ਇਹ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਰਾਜਪਾਲ ਨੇ ‘ਜਨਜਾਤੀਯ ਗੌਰਵ ਦਿਵਸ’ (ਕਬਾਇਲੀ ਮਾਣ ਦਿਵਸ) ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਝਾਰਖੰਡ ਦੇ ਮਹਾਨ ਕ੍ਰਾਂਤੀਕਾਰੀ ਭਗਵਾਨ ਬਿਰਸਾ ਮੁੰਡਾ ਦਾ ਜਨਮ ਦਿਨ ਹੈ; ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਸਾਲ 2021 ਵਿੱਚ ਇਸ ਦਿਨ ਨੂੰ ‘ਜਨਜਾਤੀਯ ਗੌਰਵ ਦਿਵਸ’ ਵਜੋਂ ਮਨਾਉਣ ਦਾ ਇੱਕ ਬੇਮਿਸਾਲ ਫੈਸਲਾ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਸਿਰਫ਼ ਝਾਰਖੰਡ ਵਿੱਚ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦਾ ਸਤਿਕਾਰਯੋਗ ਸਥਾਨ ਹੈ। ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਯੋਗਦਾਨ ਨੂੰ ਮਨਾਉਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸੱਭਿਆਚਾਰ ਨੂੰ ਸੰਭਾਲਣ ਲਈ ਪ੍ਰੇਰਿਤ ਕਰਨ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗਾ।

ਅੰਤ ਵਿੱਚ ਉਨ੍ਹਾਂ ਅਨੇਕਤਾ ਵਿੱਚ ਏਕਤਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇੰਨੀਆਂ ਵਿਭਿੰਨਤਾਵਾਂ ਦੇ ਬਾਵਜੂਦ ਸਮੁੱਚਾ ਦੇਸ਼ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ਹੋਇਆ ਹੈ। ਇਸ ਸੂਤਰ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਦੇਸ਼ ਦੇ ਕੋਨੇ-ਕੋਨੇ ਵਿਚ ਫੈਲੀਆਂ ਹੋਈਆਂ ਹਨ। ਬਾਹਰੋਂ ਦਿਖਣ ਵਾਲੇ ਵਖਰੇਵੇਂ ਅਤੇ ਵਿਭਿੰਨਤਾਵਾਂ ਭੌਤਿਕ ਹਨ, ਪਰ ਭਾਰਤੀਆਂ ਦੇ ਅੰਦਰ ਵਹਿ ਰਹੀ ਏਕਤਾ ਦੀ ਧਾਰਾ ਭਾਵਨਾਤਮਕ ਹੈ। ਇਸ ਨੇ ਦੇਸ਼ ਦੇ ਲੋਕਾਂ ਦੇ ਮਨਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ।

ਇਸ ਮੌਕੇ ਗੌਰਮਿੰਟ ਕਾਲਜ ਫ਼ਾਰ ਵੂਮੈਨ, ਸੈਕਟਰ 11, ਚੰਡੀਗੜ੍ਹ ਦੀਆਂ ਵਿਦਿਆਰਥਣਾਂ ਵੱਲੋਂ ਝਾਰਖੰਡ ਰਾਜ ਦੇ ਲੋਕ ਗੀਤਾਂ ਅਤੇ ਨਾਚਾਂ ਦਾ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਨਾਲ ਹੀ ਝਾਰਖੰਡ ਦੇ ਰਾਜਪਾਲ ਦਾ ਆਡੀਓ-ਵੀਡੀਓ ਸੰਦੇਸ਼ ਵੀ ਪ੍ਰਸਾਰਿਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਚੰਡੀਗੜ੍ਹ ਦੇ ਮੇਅਰ ਸ੍ਰੀ ਅਨੂਪ ਗੁਪਤਾ, ਸ੍ਰੀ ਕੇ. ਸ਼ਿਵਾ ਪ੍ਰਸਾਦ ਆਈ.ਏ.ਐਸ., ਰਾਜਪਾਲ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸ੍ਰੀ ਨਿਤਿਨ ਕੁਮਾਰ ਯਾਦਵ, ਗ੍ਰਹਿ ਸਕੱਤਰ, ਯੂ.ਟੀ., ਚੰਡੀਗੜ੍ਹ, ਸ੍ਰੀ ਪ੍ਰਵੀਰ ਰੰਜਨ ਡੀ.ਜੀ.ਪੀ., ਯੂ.ਟੀ., ਚੰਡੀਗੜ੍ਹ, ਪੰਜਾਬ ਅਤੇ ਚੰਡੀਗੜ੍ਹ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਅਤੇ ਚੰਡੀਗੜ੍ਹ ਵਿੱਚ ਵਸੇ ਝਾਰਖੰਡ ਦੇ ਕਰੀਬ 200 ਵਾਸੀ ਹਾਜ਼ਰ ਸਨ।

×