ਪੰਜਾਬ ਰਾਜ ਭਵਨ

ਚੰਡੀਗੜ੍ਹ

ਪੰਜਾਬ ਰਾਜ ਭਵਨ ਵਿਖੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੇ ਤਹਿਤ 8 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਸਥਾਪਨਾ ਦਿਵਸ ਦਾ ਸ਼ਾਨਦਾਰ ਸਮਾਰੋਹ ਆਯੋਜਿਤ

ਚੰਡੀਗੜ੍ਹ, 31 ਅਕਤੂਬਰ:

8 ਰਾਜਾਂ – ਪੰਜਾਬ, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਤਮਿਲ ਨਾਡੂ – ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ – ਜੰਮੂ ਅਤੇ ਕਸ਼ਮੀਰ, ਲੱਦਾਖ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਿੱਲੀ, ਲਕਸ਼ਦੀਪ ਅਤੇ ਪੁਡੂਚੇਰੀ – ਦੇ ਰਾਜ ਸਥਾਪਨਾ ਦਿਵਸ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਅਤੇ ਜੀਵੰਤ ਸਮਾਰੋਹ ਦਾ ਆਯੋਜਨ ਗੁਰੂ ਨਾਨਕ ਦੇਵ ਆਡੀਟੋਰੀਅਮ, ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਵਿਸ਼ੇ ਦੇ ਤਹਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ।

ਇਸ ਸਮਾਗਮ ਵਿੱਚ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵਿਸ਼ਿਸ਼ਟ ਸੱਭਿਆਚਾਰਕ ਪਹਿਚਾਣ ਨੂੰ ਦਰਸਾਉਂਦੇ ਰੰਗਾਰੰਗ ਪ੍ਰੋਗਰਾਮਾਂ
ਦੇ ਜ਼ਰੀਏ ਭਾਰਤ ਦੀ ਏਕਤਾ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕੀਤਾ ਗਿਆ। ਦੇਸ਼ ਭਰ ਦੇ ਰਵਾਇਤੀ ਨਾਚ, ਲੋਕ ਗੀਤ ਅਤੇ ਖੇਤਰੀ ਸੰਗੀਤ ਪ੍ਰਤੀਭਾਗੀਆਂ ਦੁਆਰਾ ਪੇਸ਼ ਕੀਤੇ ਗਏ, ਜੋ “ਏਕ ਭਾਰਤ ਸ਼੍ਰੇਸ਼ਠ ਭਾਰਤ” – ਵਿਵਿਧਤਾ ਵਿੱਚ ਏਕਤਾ ਦੀ ਭਾਵਨਾ ਦੇ ਸਾਰ ਨੂੰ ਦਰਸਾਉਂਦੇ ਹਨ।

ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੂੰ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੀ ਦੂਰਦਰਸ਼ੀ ਪਹਿਲ ਸ਼ੁਰੂ ਕਰਨ ਲਈ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਭਾਰਤ ਦੇ ਹਰ ਹਿੱਸੇ ਦੇ ਸੱਭਿਆਚਾਰ, ਵਿਰਾਸਤ ਅਤੇ ਪਰੰਪਰਾਵਾਂ ਨੂੰ ਸਮਝਣ, ਸਲਾਹੁਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੇ ਸਮਰੱਥ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ “ਏਕ ਭਾਰਤ ਸ਼੍ਰੇਸ਼ਠ ਭਾਰਤ” ਭਾਰਤ ਦੇ ਲੋਕਾਂ ਵਿੱਚ ਦਿਲਾਂ ਨੂੰ ਜੋੜਨ ਅਤੇ ਭਾਈਚਾਰੇ ਦੇ ਬੰਧਨਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਮਜ਼ਬੂਤ ​​ਮਾਧਿਅਮ ਬਣ ਗਿਆ ਹੈ। ਇਹ ਜੀਵਨ ਦੇ ਸਾਰੇ ਖੇਤਰਾਂ ਦੇ ਨਾਗਰਿਕਾਂ ਨੂੰ ਇੱਕ-ਦੂਸਰੇ ਦੇ ਰੀਤੀ-ਰਿਵਾਜਾਂ, ਕਦਰਾਂ-ਕੀਮਤਾਂ ਅਤੇ ਪ੍ਰਾਪਤੀਆਂ ਬਾਰੇ ਜਾਣਨ ਦਾ ਅਵਸਰ ਦਿੰਦਾ ਹੈ, ਜਿਸ ਨਾਲ ‘ਇੱਕ ਰਾਸ਼ਟਰ, ਇੱਕ ਭਾਵਨਾ, ਇੱਕ ਭਵਿੱਖ’ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲਦਾ ਹੈ।

ਸ਼੍ਰੀ ਕਟਾਰੀਆ ਨੇ ਕਿਹਾ, “ਸਾਡੇ ਦੇਸ਼ ਦੀ ਪਹਿਚਾਣ ਇਸ ਦੀ ‘ਅਨੇਕਤਾ ਵਿੱਚ ਏਕਤਾ’ ਵਿੱਚ ਨਿਹਿਤ ਹੈ। ਭਾਰਤ ਦੀ ਸ਼ਕਤੀ ਇਸ ਦੇ ਲੋਕਾਂ ਤੋਂ ਆਉਂਦੀ ਹੈ – ਸੱਭਿਆਚਾਰ, ਭਾਸ਼ਾ ਅਤੇ ਪਰੰਪਰਾ ਵਿੱਚ ਵਿਵਿਧਤਾ ਦੇ ਬਾਵਜੂਦ, ਜੋ ਦੇਸ਼ਭਗਤੀ ਅਤੇ ਮਾਨਵਤਾ ਦੇ ਇੱਕ ਸੂਤਰ ਵਿੱਚ ਬੱਝੇ ਹੋਏ ਹਨ। ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਨਿਰਮਾਣ ਲਈ ਆਪਣੇ ਅਨੂਠੇ ਤਰੀਕੇ ਨਾਲ ਯੋਗਦਾਨ ਦਿੰਦਾ ਹੈ।”

ਭਾਰਤ ਦੇ ਲੋਹ ਪੁਰਸ਼, ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਨਮ ਵਰ੍ਹੇਗੰਢ ‘ਤੇ ਯਾਦ ਕਰਦੇ ਹੋਏ, ਸ਼੍ਰੀ ਕਟਾਰੀਆ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਇਹ ਸਰਦਾਰ ਪਟੇਲ ਦੀ ਦੂਰਅੰਦੇਸ਼ੀ ਅਗਵਾਈ ਅਤੇ ਦ੍ਰਿੜ੍ਹ ਸੰਕਲਪ ਨੇ ਹੀ ਸੁਤੰਤਰਤਾ ਦੇ ਬਾਅਦ 562 ਰਿਆਸਤਾਂ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਏਕੀਕ੍ਰਿਤ ਕੀਤਾ। ਉਨ੍ਹਾਂ ਨੇ ਕਿਹਾ, “ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਨੀਂਹ ਸਰਦਾਰ ਪਟੇਲ ਨੇ ਰੱਖੀ ਸੀ। ਉਨ੍ਹਾਂ ਦੀ ਦੂਰਦਰਸ਼ਤਾ ਸਾਨੂੰ ‘ਅਖੰਡ ਭਾਰਤ’ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ।”

ਰਾਜਪਾਲ ਨੇ ਅਪ੍ਰੇਸ਼ਨ ਸਿੰਦੂਰ ਦਾ ਵੀ ਵਿਸ਼ੇਸ਼ ਉਲੇਖ ਕੀਤਾ ਅਤੇ ਇਸ ਨੂੰ ਭਾਰਤ ਦੀ ਏਕਤਾ, ਸਾਹਸ ਅਤੇ ਅਨੁਸ਼ਾਸਨ ਦੀ ਇੱਕ ਸ਼ਾਨਦਾਰ ਉਦਾਹਰਣ ਦੱਸਿਆ। ਉਨ੍ਹਾਂ ਨੇ ਸੀਮਾਵਰਤੀ ਰਾਜਾਂ ਦੇ ਲੋਕਾਂ ਅਤੇ ਸੁਰੱਖਿਆ ਬਲਾਂ ਦੁਆਰਾ ਦਿਖਾਈ ਗਈ ਬਹਾਦਰੀ ਅਤੇ ਦੇਸ਼ਭਗਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ।

ਸਿਵਲ ਡਿਫੈਂਸ ਵਲੰਟੀਅਰ ਪ੍ਰੋਗਰਾਮਾਂ ਵਿੱਚ ਚੰਡੀਗੜ੍ਹ ਦੇ ਨੌਜਵਾਨਾਂ ਦੀ ਭਾਗੀਦਾਰੀ ‘ਤੇ ਪ੍ਰਕਾਸ਼ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ, “ਰਾਸ਼ਟਰੀ ਸੇਵਾ ਵਿੱਚ ਨੌਜਵਾਨਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦਰਸਾਉਂਦੀ ਹੈ ਕਿ ਸਾਡੇ ਨੌਜਵਾਨ ਨਾ ਕੇਵਲ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ, ਬਲਕਿ ਰਾਸ਼ਟਰ ਦੇ ਪ੍ਰਤੀ ਆਪਣੇ ਕਰਤੱਵਾਂ ਦੇ ਪ੍ਰਤੀ ਵੀ ਉਤਨੇ ਹੀ ਪ੍ਰਤੀਬੱਧ ਹਨ।”

ਆਪਣੇ ਸੰਬੋਧਨ ਦੇ ਦੌਰਾਨ, ਸ਼੍ਰੀ ਕਟਾਰੀਆ ਨੇ ਹਿੱਸਾ ਲੈਣ ਵਾਲੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਲੱਖਣ ਸੱਭਿਆਚਾਰਕ, ਸਮਾਜਿਕ ਅਤੇ ਵਿਕਾਸਾਤਮਕ ਯੋਗਦਾਨਾਂ ਬਾਰੇ ਵੀ ਗੱਲ ਕੀਤੀ -ਜਿਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਦੀ ਅਧਿਆਤਮਿਕ ਵਿਰਾਸਤ ਅਤੇ ਕੇਰਲ ਦੀ ਸਾਖਰਤਾ ਪ੍ਰਾਪਤੀਆਂ ਤੋਂ ਲੈ ਕੇ ਪੰਜਾਬ ਦੀ ਬਹਾਦਰੀ, ਹਰਿਆਣਾ ਦੀ ਖੇਡ ਉਤਕ੍ਰਿਸ਼ਟਤਾ, ਕਰਨਾਟਕ ਦੇ ਵਿੱਦਿਅਕ ਇਨੋਵੇਸ਼ਨ ਅਤੇ ਤਮਿਲ ਨਾਡੂ ਦੀ ਵਿਗਿਆਨਕ ਵਿਰਾਸਤ ਸ਼ਾਮਲ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਸਮਾਗਮ ਨਾਗਰਿਕਾਂ ਨੂੰ ਭਾਰਤ ਦੇ ਸੱਭਿਆਚਾਰ ਦੀ ਸਮ੍ਰਿੱਧੀ ਬਾਰੇ ਜਾਣਨ ਅਤੇ ਉਸ ਦਾ ਜਸ਼ਨ ਮਨਾਉਣ ਦਾ ਅਵਸਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ, “ਅਜਿਹੇ ਪਲੈਟਫਾਰਮਾਂ ਦੇ ਜ਼ਰੀਏ ਹੀ ਹਰੇਕ ਭਾਰਤੀ ਨੂੰ ਦੇਸ਼ ਦੀ ਏਕਤਾ, ਵਿਵਿਧਤਾ ਅਤੇ ਸੰਪੂਰਨ ਸੱਭਿਆਚਾਰ ਦੀ ਝਲਕ ਮਿਲਦੀ ਹੈ। ਇਹ ਪਹਿਲ ਇਹ ਸੁਨਿਸ਼ਚਿਤ ਕਰਦੀ ਹੈ ਕਿ ਹਰੇਕ ਖੇਤਰ ਇੱਕ-ਦੂਸਰੇ ਤੋਂ ਸਿੱਖੇ ਅਤੇ ਇੱਕ-ਦੂਸਰੇ ਦੇ ਨਾਲ ਅੱਗੇ ਵਧੇ।”

ਲੋਕਾਂ ਨੂੰ ਭਾਈਚਾਰੇ ਅਤੇ ਸਮੂਹਿਕ ਪ੍ਰਗਤੀ ਦੀ ਭਾਵਨਾ ਨੂੰ ਜਾਰੀ ਰੱਖਣ ਦਾ ਸੱਦਾ ਦਿੰਦੇ ਹੋਏ, ਰਾਜਪਾਲ ਨੇ ਸਾਰਿਆਂ ਨੂੰ ਇੱਕ ਮਜ਼ਬੂਤ, ਪ੍ਰਗਤੀਸ਼ੀਲ ਅਤੇ ਨਸ਼ਾਮੁਕਤ ਪੰਜਾਬ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ, ਜਿਸ ਨਾਲ ਦੇਸ਼ ਦਾ ਨੈਤਿਕ ਅਤੇ ਸਮਾਜਿਕ ਤਾਣਾ-ਬਾਣਾ ਹੋਰ ਮਜ਼ਬੂਤ ​​ਕਰੇਗਾ।

ਉਨ੍ਹਾਂ ਨੇ ਆਪਣੇ ਭਾਸ਼ਣ ਦਾ ਸਮਾਪਨ ਇਸ ਸੰਦੇਸ਼ ਨਾਲ ਕੀਤਾ, “ਆਓ ਅਸੀਂ ਆਪਣੀ ਵਿਵਿਧਤਾ ‘ਤੇ ਮਾਣ ਕਰੀਏ, ਇਸ ਨੂੰ ਪ੍ਰੇਮ ਅਤੇ ਸਨਮਾਨ ਦੇ ਨਾਲ ਸੁਰੱਖਿਅਤ ਰੱਖੀਏ, ਅਤੇ ਇਸ ਨੂੰ ਇੱਕ ਮਜ਼ਬੂਤ ​​ਅਤੇ ਵਧੇਰੇ ਇਕਜੁੱਟ ਭਾਰਤ ਦੀ ਨੀਂਹ ਬਣਾਈਏ। ਸਾਡੀ ਏਕਤਾ ਸਾਨੂੰ ਇੱਕ ਉੱਜਵਲ ਅਤੇ ਵਿਕਸਿਤ ਰਾਸ਼ਟਰ ਵੱਲ ਲੈ ਜਾਂਦੀ ਰਹੇ।”

ਇਸ ਅਵਸਰ ‘ਤੇ, ਰਾਜਪਾਲ ਨੇ ਪੰਜਾਬ ਰਾਜ ਭਵਨ ਪਰਿਸਰ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਵਾਤਾਵਰਣ ਸਦਭਾਵ ਦੇ ਪ੍ਰਤੀਕ ਦੇ ਰੂਪ ਸੀਤਾ ਅਸ਼ੋਕ ਦਾ ਪੌਦਾ ਵੀ ਲਗਾਇਆ।

ਇਸ ਸਮਾਗਮ ਦਾ ਸਮਾਪਨ ਇੱਕ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਨਾਲ ਹੋਇਆ ਜਿਸ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਨਾਚਾਂ ਅਤੇ ਸੰਗੀਤਕ ਪ੍ਰਸਤੁਤੀਆਂ ਪ੍ਰਸਤੁਤ ਕੀਤੀਆਂ ਗਈਆਂ, ਜਿਸ ਨਾਲ ਦਰਸ਼ਕਾਂ ਵਿੱਚ ਮਾਣ ਅਤੇ ਦੇਸ਼ਭਗਤੀ ਦੀ ਇੱਕ ਨਵੀਂ ਭਾਵਨਾ ਭਰ ਗਈ।

ਇਸ ਅਵਸਰ ‘ਤੇ ਪੰਜਾਬ ਦੇ ਕੈਬਨਿਟ ਮੰਤਰੀ, ਸ਼੍ਰੀ ਗੁਰਮੀਤ ਸਿੰਘ ਖੁੱਡੀਆਂ, ਚੰਡੀਗੜ੍ਹ ਦੇ ਮੇਅਰ ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ, ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ, ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਸ਼੍ਰੀ ਅਮਿਤ ਕੁਮਾਰ; ਡੀਜੀਪੀ ਚੰਡੀਗੜ੍ਹ, ਡਾ. ਸਾਗਰ ਪ੍ਰੀਤ ਹੁੱਡਾ; ਭਾਜਪਾ ਚੰਡੀਗੜ੍ਹ ਪ੍ਰਧਾਨ, ਸ਼੍ਰੀ ਜਤਿੰਦਰ ਪਾਲ ਮਲਹੋਤਰਾ; ਅਤੇ ਸੀਨੀਅਰ ਭਾਜਪਾ ਨੇਤਾ, ਸ਼੍ਰੀ ਸੰਜੈ ਟੰਡਨ, ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ ਸੀਨੀਅਰ ਅਧਿਕਾਰੀ, ਵਿਦਿਆਰਥੀ ਅਤੇ ਨਾਗਰਿਕ ਸ਼ਾਮਲ ਹੋਏ।

×