ਚੰਡੀਗੜ੍ਹ, 18 ਅਗਸਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੌਰਾਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਸ਼ੇਸ਼ ਜਾਂਚ ਟੀਮ ਦੇ ਅਣਥੱਕ ਯਤਨਾਂ ਤੋਂ ਬਾਅਦ, ਕੈਨੇਡਾ ਸਥਿਤ ਡਰੱਗ ਤਸਕਰ ਸਤਪ੍ਰੀਤ ਸਿੰਘ ਥਿਆੜਾ ਉਰਫ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਪਿੰਡ ਬੰਗਾ ਦੇ ਰਹਿਣ ਵਾਲੇ ਸਤਪ੍ਰੀਤ ਸਿੰਘ ਉਰਫ ਸੱਤਾ ਨੂੰ ਸਾਲ 2021 ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਰਜ ਕੀਤੇ ਗਏ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਹ ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਪੰਜਾਬ ਸਟੇਟ ਕ੍ਰਾਈਮ, ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 25, 27-ਏ ਅਤੇ 29 ਤਹਿਤ ਐਫਆਈਆਰ ਨੰਬਰ 02 ਮਿਤੀ 20/12/21 ਨੂੰ ਦਰਜ ਕੀਤਾ ਗਿਆ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਜਦੋਂ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਭੋਲਾ ਡਰੱਗ ਰੈਕੇਟ ਪੰਜਾਬ ਵਿੱਚ ਸਰਗਰਮ ਸੀ, ਤਾਂ ਦੋਸ਼ੀ ਸਤਪ੍ਰੀਤ ਸੱਤਾ 2007 ਤੋਂ 2013 ਵਿਚਕਾਰ ਨਿਯਮਿਤ ਤੌਰ ‘ਤੇ ਭਾਰਤ ਆ ਰਿਹਾ ਸੀ। ਇਹ ਦੋਸ਼ੀ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਵਿੱਚ ਸ਼ਾਮਲ ਸੀ ਅਤੇ ਉਸ ਸਮੇਂ ਦੀਆਂ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਨਾਲ ਉਸ ਦੇ ਨੇੜਲੇ ਸਬੰਧ ਸਨ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੀ ਬੇਨਤੀ ਤੋਂ ਬਾਅਦ, ਸਮਰਥ ਅਥਾਰਟੀ ਨੇ ਸਤਪ੍ਰੀਤ ਸੱਤਾ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ। ਡੱਬਾ:- ਬਲੂ ਕਾਰਨਰ ਨੋਟਿਸ ਕੀ ਹੁੰਦਾ ਹੈ?
ਇੰਟਰਪੋਲ ਦੁਆਰਾ ਜਾਰੀ ਕੀਤਾ ਗਿਆ ਬਲੂ ਕਾਰਨਰ ਨੋਟਿਸ ਪੁਲਿਸ ਨੂੰ ਅਪਰਾਧਿਕ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਹਰਕਤਾਂ ਸੰਬੰਧੀ ਵਾਧੂ ਜਾਣਕਾਰੀ ਇਕੱਠੀ ਕਰਨ ਦਾ ਅਧਿਕਾਰ ਦਿੰਦਾ ਹੈ।