ਚੰਡੀਗੜ੍ਹ, 28 ਫਰਵਰੀ

ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਇੱਕ ਖ਼ਾਸ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੀ ਕਥਿਤ ਆਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਨੌਤੀ ਦਿੱਤੀ ਕਿ ਉਹ ‘ਆਪ’ ਵਿਧਾਇਕ ਵਿਰੁੱਧ ਸਖ਼ਤ ਕਾਰਵਾਈ ਕਰਨ।

ਉਨ੍ਹਾਂ ਕਿਹਾ ਕਿ ਵਿਧਾਇਕ ਨੇ ਨਾ ਸਿਰਫ਼ ਇੱਕ ਖ਼ਾਸ ਭਾਈਚਾਰੇ ਨੂੰ ਗਾਲ਼ਾਂ ਕੱਢੀਆਂ, ਸਗੋਂ ਕੁਝ ਔਰਤਾਂ ਅਤੇ ਦਸਤਾਰ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ, ਜਿਸ ਨੂੰ ਸਿੱਖ ਧਰਮ ਵਿਚ ਸਨਮਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੀ ‘ਆਪ’ ਦੀ ਚੋਟੀ ਦੀ ਲੀਡਰਸ਼ਿਪ ਉਨ੍ਹਾਂ ਨੂੰ ਵਿਧਾਇਕ ਨੂੰ ਮਿਸਾਲੀ ਸਜ਼ਾ ਦੇਵੇਗੀ? ਬਾਜਵਾ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ। ਪਰ ‘ਆਪ’ ਦਾ ਜਾਤੀਵਾਦੀ, ਸਿੱਖ ਵਿਰੋਧੀ ਅਤੇ ਔਰਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ‘ਆਪ’ ਵਿਚ ਭਾਈਚਾਰਿਆਂ ਨੂੰ ਗਾਲ਼ਾਂ ਕੱਢਣਾ ਆਮ ਗੱਲ ਹੋ ਗਈ ਹੈ। ਇਸ ਤੋਂ ਪਹਿਲਾਂ ‘ਆਪ’ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਇਸੇ ਭਾਈਚਾਰੇ ਵਿਰੁੱਧ ਜਾਤੀਵਾਦੀ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ, ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ‘ਆਪ’ ਦੇ ਇੱਕ ਹੋਰ ਵਿਧਾਇਕ ਨੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਹੁਣ ਤੱਕ ‘ਆਪ’ ਇਸ ‘ਤੇ ਧਿਆਨ ਦੇਣ ‘ਚ ਅਸਫ਼ਲ ਰਹੀ ਹੈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬੇਰਹਿਮੀ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਆਪਣੇ ਹੀ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ, ਬਲਕਾਰ ਸਿੱਧੂ ਦੀ ਅਪਮਾਨਜਨਕ ਆਡੀਓ ਪ੍ਰਸਾਰਿਤ ਕਰਨ ਵਾਲੇ ਸੋਸ਼ਲ ਮੀਡੀਆ ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਗਈ। ਕੀ ਕੋਈ ‘ਆਪ’ ਸਰਕਾਰ ਤੋਂ ਨਿਆਂ ਅਤੇ ਨਿਰਪੱਖਤਾ ਦੀ ਉਮੀਦ ਕਰ ਸਕਦਾ ਹੈ? ਇਹ ਆਜ਼ਾਦ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਜੋ ਅਕਸਰ ‘ਆਪ’ ਲੀਡਰਸ਼ਿਪ ਦੇ ਪਾਖੰਡ ਨੂੰ ਬੇਨਕਾਬ ਕਰਦੇ ਹਨ।

×