ਉਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਅਤੇ ਦੇਸ਼ ਨੂੰ ਉਨ੍ਹਾਂ ਅਪਣਾਉਣਾ ਚਾਹੀਦਾ ਹੈ: ਵਿਰੋਧੀ ਧਿਰ ਦੇ ਆਗੂ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਹਿਲੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ (21) ਦੇ ਅੰਤਿਮ ਸੰਸਕਾਰ ਮੌਕੇ ਆਰਮੀ ਗਾਰਡ ਆਫ਼ ਆਨਰ ਦੀ ਅਣਹੋਂਦ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਸ਼ਨੀਵਾਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਨਹੀਂ ਦਿੱਤੀ?

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਅਤੇ ਦੇਸ਼ ਨੂੰ ਉਨ੍ਹਾਂ ਅਪਣਾਉਣਾ ਚਾਹੀਦਾ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਤੁਰੰਤ ਘੱਟੋ-ਘੱਟ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਜਾਵੇ ਕਿਉਂਕਿ ਉਸ ਦਾ ਪਰਿਵਾਰ ਪੈਨਸ਼ਨ ਅਤੇ ਕੁਝ ਹੋਰ ਲਾਭਾਂ ਦਾ ਹੱਕਦਾਰ ਨਹੀਂ ਹੋਵੇਗਾ।

ਅੰਮ੍ਰਿਤਪਾਲ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਉਨ੍ਹਾਂ ਦੇ ਪਿੰਡ ਕੋਟਲੀ ਕਲਾਂ ਵਿਖੇ ਕੀਤਾ ਗਿਆ ਅਤੇ ਪੁਲਿਸ ਫੋਰਸ ਨੇ ਗਾਰਡ ਆਫ਼ ਆਨਰ ਦਿੱਤਾ।

ਬਾਜਵਾ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਨਿਰਾਸ਼ਾ ਹੋਈ ਹੈ ਕਿ ਅੰਤਿਮ ਸੰਸਕਾਰ ਦੌਰਾਨ ਸ਼ਹੀਦ ਨੂੰ ਕੋਈ ਫ਼ੌਜੀ ਗਾਰਡ ਆਫ਼ ਆਨਰ ਨਹੀਂ ਦਿੱਤਾ ਗਿਆ। ਕੀ ਇਹ ਉਸ ਸੈਨਿਕ ਦਾ ਅਪਮਾਨ ਨਹੀਂ ਹੈ, ਜਿਸ ਨੇ ਸਾਡੇ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ?

ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਲਾਸ਼ ਨੂੰ ਫ਼ੌਜ ਦੀ ਗੱਡੀ ‘ਚ ਵੀ ਨਹੀਂ ਲਿਜਾਇਆ ਗਿਆ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਦੀ ਲਾਸ਼ ਨੂੰ ਲਿਜਾਣ ਲਈ ਵਾਹਨ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ। ਸ਼ਹੀਦ ਦੇ ਪਰਿਵਾਰ ਨੇ ਉਸ ਦੀ ਲਾਸ਼ ਨੂੰ ਨਿੱਜੀ ਤੌਰ ‘ਤੇ ਕਿਰਾਏ ਦੀ ਐਂਬੂਲੈਂਸ ਵਿੱਚ ਲਿਜਾਇਆ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਫ਼ੌਜੀ ਜਵਾਨਾਂ ਦੀ ਭਰਤੀ ਲਈ ਸਭ ਤੋਂ ਮੰਦਭਾਗੀ ਯੋਜਨਾ ਹੈ। ਇਹੀ ਕਾਰਨ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਹਿਲੇ ਦਿਨ ਤੋਂ ਹੀ ਇਸ ਯੋਜਨਾ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ।

ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ਕੇਂਦਰ ਵਿੱਚ ਆਪਣੇ ਆਕਾਵਾਂ ਦੀ ਲੀਹ ‘ਤੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਇਸ ਸਕੀਮ ਨੂੰ ਸਵੀਕਾਰ ਕਰ ਲਿਆ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਹੀਦ ਸੈਨਿਕ ਦੇ ਦੁਖੀ ਪਰਿਵਾਰ ਦਾ ਹੱਥ ਫੜਨ ਤੋਂ ਨਹੀਂ ਭੱਜਣਾ ਚਾਹੀਦਾ।

ਅੰਮ੍ਰਿਤਪਾਲ ਨੇ ਪਿਛਲੇ ਮਹੀਨੇ ਹੀ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਅਤੇ 10 ਅਕਤੂਬਰ ਨੂੰ ਸ਼ਹੀਦ ਹੋ ਗਿਆ ਸੀ। ਇੱਕ ਨਿਊਜ਼ ਰਿਪੋਰਟ ਮੁਤਾਬਿਕ ਅਗਨੀਵੀਰ ਅੰਮ੍ਰਿਤਪਾਲ ਦੇ ਸਿਰ ‘ਤੇ ਗੋਲੀ ਲੱਗਣ ਦਾ ਜ਼ਖ਼ਮ ਵੀ ਮਿਲਿਆ ਹੈ ਅਤੇ ਉਸ ਦੀ ਮੌਤ ਨਾਲ ਜੁੜੇ ਹਾਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

×