ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਰੋਧੀ ਪਾਰਟੀ ਦੇ ਲੋਕਾਂ ‘ਤੇ ਝੂਠੇ ਕੇਸ ਬਣਾਉਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ 18 ਮਹੀਨਿਆਂ ਦੌਰਾਨ ਆਮ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਲੋਕਾਂ ‘ਤੇ ਭਿ੍ਸ਼ਟਾਚਾਰ ਤੇ ਨਸ਼ਿਆਂ ਦੇ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਬਣਾਇਆ ਜਾਵੇ ਤਾਂ ਜੋ ਇਸ ਜਾਂਚ ਰਾਹੀਂ ਜੇਕਰ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਮਿਲ ਸਕੇ ਅਤੇ ਬੇਕਸੂਰ ਨੂੰ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਅੱਜ ਰਾਜ ਦਾ ਹਰ ਨਾਗਰਿਕ ਭਿ੍ਸ਼ਟਾਚਾਰ, ਬੇਰੁਜ਼ਗਾਰੀ ਅਤੇ ਵੱਧ ਰਹੇ ਨਸ਼ਿਆਂ ਤੋਂ ਦੁਖੀ ਹੈ।ਆਪ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।
ਸ੍ਰੀ ਜਾਖੜ ਨੇ ਆਰ.ਟੀ.ਆਈ ਐਕਟਿਵਿਸਟ ਮਾਨਿਕ ਗੋਇਲ ਨੂੰ ਡਰਾਉਣ ਧਮਕਾਉਣ ਦੀ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀ ਵੀ.ਆਈ.ਪੀ ਯਾਤਰਾ ਲਈ ਲਏ ਜਾ ਰਹੇ ਜਹਾਜ਼ ਬਾਰੇ ਖੁਲਾਸੇ ਕੀਤੇ, ਜਿਸ ਨਾਲ ‘ਆਪ’ ਆਦਮੀ ਪਾਰਟੀ ਦੇ ਅਖੌਤੀ ਅਕਸ ਦਾ ਪਰਦਾਫਾਸ਼ ਹੋਇਆ। ਜੇਕਰ ਕੋਈ ਪੁਲਿਸ ਅਧਿਕਾਰੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਦਾ ਹੈ ਜਿਵੇਂ ਕਿ ਐਸ.ਐਸ.ਪੀ ਤਰਨਤਾਰਨ ਨੇ ਰੇਤ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਦਿਖਾਈ ਹੈ,ਜਿਸ ਦਾ ਆਪ ਆਗੂਆਂ ਨਾਲ ਸਿੱਧਾ ਸਬੰਧ ਸੀ। ਉਸਨੂੰ ਤੁਰੰਤ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ। ਆਪਣੇ ਖਿਲਾਫ ਉੱਠੀ ਆਵਾਜ਼ ਨੂੰ ਦਬਾਉਣ ਲਈ ਸੱਤਾ ਦੇ ਨਸ਼ੇ ‘ਚ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦਾ ਨਾਂ ਵਰਤਣ ਦਾ ਅਧਿਕਾਰ ਗੁਆ ਲਿਆ ਹੈ। ਪਿਛਲੇ ਦਿਨੀਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗਿ੍ਫ਼ਤਾਰੀ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਨਤੀਜਾ ਹੈ ਅਤੇ ਸਾਰੇ ਆਗੂ ਆਪਣੀ ਕੁਰਸੀ ਲਈ ਇੱਕ ਦੂਜੇ ਨੂੰ ਨਿਪਟਾਉਣ ਵਿੱਚ ਲੱਗੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਕੌਮੀ ਲੀਡਰਸ਼ਿਪ ਆਪਣੇ ਆਗੂ ਦੀ ਹਮਾਇਤ ਵਿੱਚ ਹੁੰਦਾ ਤਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਪੁਰਾਣੇ ਕੇਸ ਵਿੱਚ ਫੜੇ ਨਾ ਜਾਂਦੇ ਤੇ ਕਾਂਗਰਸ ਇੰਡੀਆ ਗਠਜੋੜ ਨਾਲੋਂ ਆਪਣਾ ਨਾਅਤਾ ਤੋੜ ਲੈਣਾ ਚਾਹੀਦਾ ਸੀ, ਪਰ ਇਸ ਦੇ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਸਿਰਫ਼ ਇਨਾ ਕਹਿ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਕਿ ਅਸੀਂ ਇਸ ਲਈ ਆਪ ਨੇਤਾਵਾਂ ਕੋਲ ਆਪਣੀ ਨਾਖੁਸ਼ੀ ਜਾਹਰ ਕਰ ਦਿੱਤੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਰੋਧੀ ਧਿਰ ਦੇ ਆਗੂਆਂ ਵਿਰੁੱਧ ਜਿਹਾਦ ਛੇੜਿਆ ਹੋਇਆ ਹੈ | ਜਦਕਿ ‘ਆਪ’ ਆਗੂਆਂ ਨੂੰ ਲੋਕਾਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ | ਪਿਛਲੇ ਸਮੇਂ ‘ਚ ਜਦੋਂ ਵੀ ਸਰਕਾਰ ਨੇ ਅਜਿਹੀ ਮੁਹਿੰਮ ਚਲਾਈ, ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ | ਅਜਿਹੇ ਕੇਸ ਬਣਾਏ ਗਏ ਅਤੇ ਵਾਪਸ ਲੈ ਗਏ ਗਏ | ਇਸ ਰਾਜਨੀਤਕ ਪ੍ਰਥਾ ਤੇ ਵਿਰਾਮ ਲਗਣਾ ਜ਼ਰੂਰੀ ਹੈ |
ਉਨ੍ਹਾਂ ਕਿਹਾ ਕਿ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਕਿਤਾਬ ਮੰਗਿਆ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗਿ੍ਫ਼ਤਾਰ ਕਰਨ ਲਈ ਤੁਰੰਤ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਹੁਣ ਜਦੋਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਰੇਲ ਆਵਾਜਾਈ ਨੂੰ ਠੱਪ ਕੀਤਾ ਜਾ ਰਿਹਾ ਹੈ ਤਾਂ ਉਦੋਂ ਲੋੜ ਤਾਂ ਇਹ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਜਾਰੀ ਕਰਦੀ ਤੇ ਉਨ੍ਹਾਂ ਨਾਲ ਗੱਲ ਕਰ ਕੇ ਰੇਲਵੇ ਟਰੈਕ ਖਾਲੀ ਕਰਵਾਉਂਦੀ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਸੂਬਾ ਸਰਕਾਰ ਦੀ ਨਾਕਾਮੀ ਜਗ ਜਾਹਿਰ ਨਾ ਹੋਵੇ, ਇਸਲਈ ਆਪ ਸਰਕਾਰ ਲੋਕਾਂ ਦਾ ਧਿਆਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਲਈ ਅਜਿਹੇ ਮੁੱਦੇ ਖੜ੍ਹੇ ਕਰ ਰਹੀ ਹੈ।