ਮੁੱਖ ਮੰਤਰੀ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਫਸਲਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਾ ਦੇਣ ਦੀ ਕੀਤੀ ਨਿਖੇਧੀ

ਲੋਕਾਂ ਨੂੰ ਪੰਥ ਦੇ ਗੱਦਾਰਾਂ ਨੂੰ ਠੁਕਰਾਉਣ ਅਤੇ ਪੰਥ ਦਾ ਪਰਿਵਾਰ-ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਤਰਨ ਤਾਰਨ ਜ਼ਿਮਨੀ ਚੋਣ ਵਿਚ ਚੋਣ ਕਰਨ ਦੀ ਕੀਤੀ ਅਪੀਲ

ਤਰਨ ਤਾਰਨ/ ਚੰਡੀਗੜ੍ਹ, 27 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੇਨਈ ਤੋਂ ਦੋ ਦਿਨ ਦੀ ਛੁੱਟੀ ਮਨਾਉਣ ਮਗਰੋਂ ਵਾਪਸ ਪਰਤ ਕੇ ਆਪਣਾ ਸਰਕਾਰੀ ਹੈਲੀਕਾਪਟਰ ਦੀਨਾਨਗਰ ਵਿਚ ਛੱਡਣ ਦਾ ਐਲਾਨ ਕਰ ਕੇ ਹੜ੍ਹ ਮਾਰੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।

ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਬੀਤੇ ਕੱਲ੍ਹ ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਬੰਨ ਮਜ਼ਬੂਤ ਕੀਤੇ ਜਾਣ। ਉਹਨਾਂ ਨੂੰ ਟਰੈਕਟਰਾਂ, ਜੇ ਸੀ ਬੀ ਮਸ਼ੀਨਾਂ ਤੇ ਰੇਤੇ ਦੇ ਭਰੇ ਥੈਲਿਆਂ ਦੀ ਜ਼ਰੂਰਤ ਹੈ। ਉਹਨਾਂ ਨੂੰ ਹੈਲੀਕਾਪਟਰ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੀ ਮੁੱਖ ਮੰਤਰੀ ਚਾਹੁੰਦੇ ਹਨ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਹਵਾ ਵਿਚੋਂ ਬਿਸਕੁੱਟ ਸੁੱਟ ਕੇ ਪ੍ਰਾਪੇਗੰਡਾ ਕਰਨ ਦਾ ਕੰਮ ਕਰਨ ? ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਣ ਦੇਣ ਕਿ ਅਕਾਲੀ ਦਲ ਦੇ ਕੇਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਚਾਰ ਦਿਨਾ ਤੋਂ ਪ੍ਰਭਾਵਤ ਇਲਾਕਿਆਂ ਵਿਚ ਪਹਿਲਾਂ ਹੀ ’ਲੰਗਰ ਸੇਵਾ’ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਬੰਨ ਮਜ਼ਬੂਤ ਕਰਨ ਵਾਸਤੇ ਅਤੇ ਖੇਤਾਂ ਵਿਚੋਂ ਹੜ੍ਹਾਂ ਦਾ ਪੀਣੀ ਕੱਢਣ ਵਾਸਤੇ ਜੋ ਸਮਾਨ ਚਾਹੀਦਾ ਸੀ, ਉਹ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਅਜਿਹਾ ਹੋਣਾ ਯਕੀਨੀ ਬਣਾਉਣ ਅਤੇ ਸਸਤੇ ਪਬਲੀਸਿਟੀ ਸਟੰਟ ਕਰਨ ਦੀ ਥਾਂ ਹੜ੍ਹ ਮਾਰੇ ਲੋਕਾਂ ਵਾਸਤੇ ਫੌਰੀ ਰਾਹਤ ਦਾ ਐਲਾਨ ਕਰਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਪੱਕਾ ਹੱਲ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਜਿਥੇ ਵੀ ਖੇਤਾਂ ਅਤੇ ਬੁਨਿਆਦੀ ਢਾਂਚੇ ਨੂੰ ਪਾਣੀ ਦੀ ਮਾਰ ਪੈਂਦੀ ਹੈ, ਉਥੇ ਪੱਕੇ ਬੰਨ ਬਣਾਵਾਂਗੇ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਪਿਛਲੇ ਤਕਰੀਬਨ ਚਾਰ ਸਾਲਾਂ ਵਿਚ ਫਸਲਾਂ ਦੇ ਹੋਏ ਨੁਕਸਾਨ ਦਾ ਇਕ ਵੀ ਰੁਪਿਆ ਮੁਆਵਜ਼ਾ ਨਾ ਦੇਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਵਾਂਗੂ ਹੀ ਪੰਜਾਬ ਨੂੰ ਫੇਲ੍ਹ ਕਰ ਦਿੱਤਾ ਹੈ। ਉਹ ਆਪਣੇ ਹਲਕੇ ਵਿਚ ਵੀ ਚਾਰ ਸਾਲਾਂ ਵਿਚ ਸਿਰਫ ਤਿੰਨ ਵਾਰ ਹੀ ਗਏ ਹਨ।

ਸਰਦਾਰ ਬਾਦਲ ਜਿਹਨਾਂ ਨੇ ਕੱਲ੍ਹ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕੀਤਾ ਸੀ, ਨੇ ਅੱਜ ਪੰਜ ਪਿੰਡਾਂ ਵਿਚ ਬੂਥ ਪੱਧਰੀ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਅਤੇ ਪੰਥ ਦੇ ਗੱਦਾਰ (ਹਰਪ੍ਰੀਤ ਸਿੰਘ ਸੰਧੂ) ਨੂੰ ਠੁਕਰਾਉਣ ਜਿਹਨਾਂ ਨੇ ਗੰਨਮੈਨ ਤੇ ਸੁਰੱਖਿਆ ਜਿਪਸੀਆਂ ਲੈਣ ਵਾਸਤੇ ਆਪ ਵਿਚ ਸ਼ਮੂਲੀਅਤ ਕੀਤੀ, ਨੂੰ ਠੁਕਰਾਉਣ ਅਤੇ ਪੰਥ ਦੇ ਪਰਿਵਾਰ ਤੇ ਧਰਮੀ ਫੌਜੀ ਦੀ ਪਤਨੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਆਉਂਦੀ ਜ਼ਿਮਨੀ ਚੋਣ ਵਿਚ ਚੋਣ ਕਰਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਉਮੀਦਵਾਰਾਂ ਦਰਮਿਆਨ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਿੰਸੀਪਲ ਰੰਧਾਵਾ ਦੇ ਪਤੀ ਨੇ 1985 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਵਿਰੋਧ ਵਿਚ ਫੌਜ ਛੱਡ ਦਿੱਤੀ ਸੀ ਅਤੇ ਉਹਨਾਂ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿਚ ਸਮਾਜ ਵਾਸਤੇ ਵੱਡੇ ਕੰਮ ਕੀਤੇ। ਉਹਨਾਂ ਕਿਹਾ ਕਿ ਦੂਜੇ ਪਾਸੇ ਸਾਡੇ ਕੋਲ ਅਜਿਹਾ ਉਮੀਦਵਾਰ ਹੈ ਜਿਸਨੇ ਸੱਤਾ ਦਾ ਆਨੰਦ ਮਾਣਿਆ ਤੇ ਲੋੜ ਵੇਲੇ ਪਾਰਟੀ ਦਾ ਸਾਥ ਛੱਡ ਗਿਆ। ਉਹਨਾਂ ਕਿਹਾ ਕਿ ਅਜਿਹੇ ਮੌਕਾਪ੍ਰਸਤਾਂ ਨੂੰ ਠੁਕਰਾ ਦੇਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਆਪ ਨੂੰ ਠੁਕਰਾਉਣ ਜੋ ਪੰਜਾਬ ਨੂੰ 10 ਸਾਲ ਪਿੱਛੇ ਲੈ ਗੲ ਹਨ ਤੇ ਆਪਣੀ ’ਕੌਮ ਦੀ ਜਥੇਬੰਦੀ ਦੇ ਹੱਕ ਵਿਚ ਇਕਜੁੱਟ ਹੋਣ। ਉਹਨਾਂ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਰਲ ਮਿਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਕਿਉਂਕਿ ਅਕਾਲੀ ਦਲ ਹੀ ਪੰਥ ਤੇ ਇਸਦੀਆਂ ਸੰਸਥਾਵਾਂ ਦੀ ਰਾਖੀ ਕਰ ਸਕਦਾ ਹੈ।

ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਪੱਕੇ ਉਪਰਾਲੇ ਕਰਨ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਜਿਥੇ ਵੀ ਖੇਤੀਬਾੜੀ ਜ਼ਮੀਨ ਅਤੇ ਕੀਮਤੀ ਬੁਨਿਆਦੀ ਢਾਂਚੇ ਨੂੰ ਡੋਬੇ ਤੋਂ ਬਚਾਉਣ ਦੀ ਲੋੜ ਹੈ, ਅਸੀਂ ਉਥੇ ਪੱਕੇ ਬੰਨ ਬਣਾਵਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਕੱਚੇ ਘਰਾਂ ਵਿਚ ਰਹਿੰਦੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਆਟਾ ਦਾਲ ਅਤੇ ਸ਼ਗਨ ਵਰਗੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਜੋ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਬੰਦ ਕੀਤੀਆਂ ਹਨ, ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਹਾਲੇ ਤੱਕ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਨੂੰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹੀਨੇ ਦੇ ਅੰਦਰ-ਅੰਦਰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ।

ਪਾਰਟੀ ਦੇ ਤਰਨ ਤਾਰਨ ਤੋਂ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਹੱਕ ਵਿਚ ਇਸ ਤਰੀਕੇ ਦੀ ਲਹਿਰ ਚਲਾਉਣ ਕਿ ਪਿੰਡਾਂ ਵਿਚ ਹੋਰ ਪਾਰਟੀਆਂ ਦੇ ਬੂਥ ਹੀ ਨਾ ਲੱਗਣ। ਉਹਨਾਂ ਕਿਹਾ ਕਿ ਪਹਿਲਾਂ ਵੀ ਆਜ਼ਾਦ ਗਰੁੱਭ ਜੋ ਉਹਨਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਵੇਲੇ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ, ਨੇ 43 ਪਿੰਡਾਂ ਵਿਚ ਸਰਪੰਚੀ ਦੀ ਚੋਣ ਜਿੱਤੀ।ਉਹਨਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ ਕਿਵੇਂ ਲੜਨਾ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਆਉ਼ਦੀ ਜ਼ਿਮਨੀ ਚੋਣ ਵਿਚ ਮਾਝੇ ਦੇ ਲੋਕ ਸੱਤਾਧਾਰੀ ਆਪ ਨੂੰ ਕਰਾਰੀ ਹਾਰ ਦੇਣਗੇ।

ਇਸ ਮੌਕੇ ਜ਼ਿਮਨੀ ਚੋਣ ਦੇ ਕੋਆਰਡੀਨੇਟਰ ਤੇ ਉਘੇ ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਸੰਬੋਧਨ ਕੀਤਾ ਜਦੋਂ ਕਿ ਅਲਵਿੰਦਰ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ ਤੇ ਗੌਰਵ ਵਲਟੋਹਾ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਇਲਾਕੇ ਦੇ ਅਨੇਕਾਂ ਪੰਚ-ਸਰਪੰਚ ਅਕਾਲੀ ਦਲ ਦੇ ਪ੍ਰਧਾਨ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ।