ਯੂਕਰੇਨ ਦੇ ਨਵੀਂ ਦਿੱਲੀ ਵਿਚ ਰਾਜਦੂਤ ਨੇ ਆਖਿਆ,’ਪੁਤਿਨ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਮੋਦੀ’

ਵੀਰਵਾਰ ਸਵੇਰੇ ਰੂਸ ਵੱਲੋਂ ਯੂਕਰੇਨ ਉਪਰ ਕੀਤੇ ਗਏ ਹਮਲੇ ਤੋਂ ਬਾਅਦ ਯੂਕਰੇਨ ਦੇ ਭਾਰਤ ਵਿਚ ਰਾਜਦੂਤ ਡਾ ਆਇਗਰ ਪੁਲੇਖਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਪੁਲੇਖਾ ਨੇ ਆਖਿਆ ਕੀ ਮੋਦੀ ਦੁਨੀਆਂ ਦੇ ਤਾਕਤਵਰ ਅਤੇ ਸਨਮਾਨਿਤ ਨੇਤਾਵਾਂ ਵਿੱਚ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ,”ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਹਰ ਤਰੀਕੇ ਨਾਲ ਪੁਤਿਨ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ। ਜੇਕਰ ਮੋਦੀ ਯੂਕਰੇਨ ਦੇ ਸਮਰਥਨ ਵਿੱਚ ਬਿਆਨ ਦਿੰਦੇ ਹਨ ਜਾਂ ਕੋਈ ਸਹਾਇਤਾ ਕਰਦੇ ਹਨ ਤਾਂ ਯੂਕਰੇਨ ਇਸ ਲਈ ਸ਼ੁਕਰਗੁਜ਼ਾਰ ਰਹੇਗਾ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕਰੇਨ ਆਪਣੇ ਸਾਰੇ ਸਾਥੀ ਦੇਸ਼ਾਂ ਤੋਂ ਸਹਾਇਤਾ ਮੰਗ ਰਿਹਾ ਹੈ ਤਾਂ ਕਿ ਜੰਗ ਨੂੰ ਰੋਕਿਆ ਜਾ ਸਕੇ।ਯੂਕਰੇਨ ਇੱਕ ਸ਼ਾਂਤੀ ਪਸੰਦ ਮੁਲਕ ਹੈ।

ਯੂਕਰੇਨ ਦੇ ਰਾਜਦੂਤ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਦੇ ਬਾਹਰ ਉਨ੍ਹਾਂ ਦੇ ਨਾਗਰਿਕਾਂ ਦੀ ਮੌਤ ਹੋਈ ਹੈ।

“ਸਾਡੇ ਰੱਖਿਆ ਮੰਤਰਾਲੇ ਮੁਤਾਬਕ ਯੂਕਰੇਨ ਨੇ ਪੰਜ ਰੂਸੀ ਲੜਾਕੂ ਜਹਾਜ਼,ਦੋ ਹੈਲੀਕਾਪਟਰ ਅਤੇ ਦੋ ਟੈਂਕਾਂ ਸਮੇਤ ਕਈ ਟਰੱਕ ਤਬਾਹ ਕੀਤੇ ਹਨ।”