ਚੰਡੀਗੜ੍ਹ, 10 ਮਾਰਚ:
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਹਰਪ੍ਰੀਤ ਸੰਧੂ ਦੁਆਰਾ ਲਿਖੀ ਗਈ “ਸੁਖਨਾ ਝੀਲ ਐਟ ਡਾਨ” ਸਿਰਲੇਖ ਵਾਲੀ ਇੱਕ ਤਸਵੀਰਾਂ ਵਾਲੀ ਕੌਫੀ ਟੇਬਲ ਬੁੱਕ ਜਾਰੀ ਕੀਤੀ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ “ਸਿਟੀ ਬਿਊਟੀਫੁੱਲ” ਦੇ ਨਾਮ ਨਾਲ ਪ੍ਰਸਿੱਧ ਚੰਡੀਗੜ੍ਹ ਦੀ ਸੁੰਦਰਤਾ ਦਾ ਗਹਿਰਾ ਸਬੰਧ ਸੁਖਨਾ ਲੇਕ ਦੀ ਸ਼ਾਂਤੀ ਅਤੇ ਕੁਦਰਤੀ ਆਕਰਸ਼ਣ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਸੁਖਨਾ ਲੇਕ ਨਾ ਕੇਵਲ ਇੱਕ ਪ੍ਰਮੁੱਖ ਸੈਲਾਨੀ ਆਕਰਸ਼ਣ ਹੈ, ਬਲਕਿ ਇਹ ਸ਼ਹਿਰ ਦੀ ਸੱਭਿਆਚਾਰਕ ਅਤੇ ਵਾਤਾਵਰਣਕ ਵਿਰਾਸਤ ਦਾ ਵੀ ਇੱਕ ਅਭਿੰਨ ਹਿੱਸਾ ਹੈ, ਜੋ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਕੁਦਰਤ ਨਾਲ ਜੁੜਨ ਦਾ ਇੱਕ ਸ਼ਾਂਤ ਵਾਤਾਵਰਣ ਪ੍ਰਦਾਨ ਕਰਦਾ ਹੈ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਸੁਖਨਾ ਲੇਕ ਦੀ ਸੁੰਦਰਤਾ ਅਤੇ ਵਾਤਾਵਰਣਕ ਸੰਤੁਲਨ ਬਣਾਈ ਰੱਖਣਾ ਸਾਡੀ ਸਭ ਦੀ ਸਮੂਹਿਕ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਝੀਲ ਵਿੱਚ ਕਿਸੇ ਵੀ ਪ੍ਰਕਾਰ ਦਾ ਪ੍ਰਦੂਸ਼ਿਤ ਪਾਣੀ ਨਹੀਂ ਜਾਣ ਦੇਣਾ ਚਾਹੀਦਾ, ਕਿਉਂਕਿ ਇਸ ਦੀ ਸ਼ੁੱਧਤਾ ਬਣਾਈ ਰੱਖਣਾ ਚੰਡੀਗੜ੍ਹ ਦੀ ਕੁਦਰਤੀ ਸੁੰਦਰਤਾ ਅਤੇ ਵਾਤਾਵਰਣਕ ਸਿਹਤ ਦੀ ਸੰਭਾਲ਼ ਲਈ ਅਤਿਅੰਤ ਜ਼ਰੂਰੀ ਹੈ।
ਰਾਜਪਾਲ ਨੇ ਲੇਖਕ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕੌਫੀ ਟੇਬਲ ਬੁੱਕ ਦੇ ਜ਼ਰੀਏ ਸੁਖਨਾ ਲੇਕ ਦੇ ਸੁੰਦਰ ਸੁਹਜ ਨੂੰ ਬੇਹੱਦ ਸੁੰਦਰ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਾਂ ਨਾਗਰਿਕਾਂ ਵਿੱਚ ਕੁਦਰਤੀ ਸੰਸਾਧਨਾਂ ਦੀ ਸੰਭਾਲ਼ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਸਹਾਇਕ ਹੁੰਦੀਆਂ ਹਨ ਅਤੇ ਲੋਕਾਂ ਨੂੰ ਚੰਡੀਗੜ੍ਹ ਨੂੰ ਸਵੱਛ, ਹਰਿਤ ਅਤੇ ਸੁੰਦਰ ਬਣਾਈ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ।
ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ, ਹਰਪ੍ਰੀਤ ਸੰਧੂ ਨੇ ਪੁਸਤਕ ਜਾਰੀ ਕਰਨ ਲਈ ਰਾਜਪਾਲ ਦਾ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਇਸ ਪ੍ਰਕਾਸ਼ਨ ਦਾ ਉਦੇਸ਼ ਸਵੇਰ ਵੇਲੇ ਖਿੱਚੀਆਂ ਗਈਆਂ ਤਸਵੀਰਾਂ ਜ਼ਰੀਏ ਸੁਖਨਾ ਲੇਕ ਦੀ ਸਦੀਵੀ ਸੁੰਦਰਤਾ ਨੂੰ ਉਜਾਗਰ ਕਰਨਾ ਹੈ, ਨਾਲ ਹੀ ਲੋਕਾਂ ਨੂੰ ਚੰਡੀਗੜ੍ਹ ਦੇ ਇਸ ਪ੍ਰਤਿਸ਼ਠਿਤ ਸਥਲ ਨੂੰ ਸੰਜੋਣ ਅਤੇ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕਰਨਾ ਵੀ ਹੈ।
ਇਸ ਅਵਸਰ ‘ਤੇ ਪੰਜਾਬ ਦੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਟੂਰਿਜ਼ਮ ਸਕੱਤਰ ਡਾ. ਸਈਦ ਆਬਿਦ ਰਸ਼ੀਦ ਸ਼ਾਹ; ਪੁਲਿਸ ਡਾਇਰੈਕਟਰ ਜਨਰਲ, ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ; ਪੀਏਯੂ (PAU) ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ; ਅਤੇ ਵਿਗਿਆਨੀ ਅਤੇ ਖੇਤੀਬਾੜੀ ਮਾਹਰ ਗੁਰਦੇਵ ਸਿੰਘ ਖੁਸ਼ ਵੀ ਮੌਜੂਦ ਸਨ।