ਬਨੇਗਾ ਦੀ ਪ੍ਰਾਪਤੀ ਅਤੇ ਮੁਫਤ ਵਿਦਿਆ ਗਰੰਟੀ ਲਈ ਸੰਘਰਸ਼ ਜਾਰੀ ਰੱਖਾਂਗੇ:- ਢਾਬਾਂ,ਧਰਮੂ ਵਾਲਾ
ਫਾਜ਼ਿਲਕਾ 26 ਦਸੰਬਰ ( ) ਅੱਜ ਇਥੇ ਸਥਾਨਕ ਔਰਬਿਟ ਪੈਲੇਸ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਹਾੜੇ ਮੌਕੇ ਰੁਜ਼ਗਾਰ ਪ੍ਰਾਪਤੀ ਲਈ ਬਨੇਗਾ ਲਈ ਸੰਘਰਸ਼, ਹਰ ਇਕ ਲਈ ਮੁਫ਼ਤ ਇਲਾਜ ਅਤੇ ਸਿੱਖਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਿਸ਼ਿਆਂ ਤੇ ਸੈਮੀਨਰ ਅਤੇ ਇਨਕਲਾਬੀ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ,ਜਿਲ੍ਹਾ ਪ੍ਰਧਾਨ ਹਰਭਜਨ ਛਪੜੀ ਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਕੀਤੀ।
ਇਸ ਸਮਾਗਮ ਵਿੱਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ, ਫ਼ਿਰੋਜ਼ਪੁਰ-ਫਾਜ਼ਿਲਕਾ ਦੇ ਸਲਾਹਕਾਰ ਅਤੇ ਹੰਸ ਰਾਜ ਗੋਲਡਨ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੁਰਿੰਦਰ ਢੰਡੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸਮੁੱਚਾ ਜੀਵਨ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਸੀ ਅਤੇ ਉਹਨਾਂ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚਲਦਿਆਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ।
ਉਹਨਾਂ ਇਹ ਵੀ ਕਿਹਾ ਕਿ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਇਕੋ ਵਿਚਾਰਧਾਰਾ ਅਤੇ ਖਾਸ ਮਿਸ਼ਨ (ਆਜ਼ਾਦੀ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ) ਦੀ ਪ੍ਰਾਪਤੀ ਸੰਘਰਸ਼ ਦੇ ਝੰਡਾ ਬਰਦਾਰ ਸਨ।