ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਘਰੇਲੂ ਖੇਤਰ ਵਿੱਚ ਸਪਲਾਈ ਦੀ ਕੋਈ ਕਮੀ ਨਹੀਂ ਹੈ। ਹਾਲਾਂਕਿ, ਖਪਤ ਵਿੱਚ ਥੋੜ੍ਹਾ ਵਾਧਾ ਹੋਇਆ ਹੈ, ਜਿਸ ਦਾ ਕਾਰਨ ਕੁਝ ਸਥਾਨਾਂ ‘ਤੇ ਘਬਰਾਹਟ ਵਿੱਚ ਕੀਤੀ ਗਈ ਖਰੀਦ(ਪੈਨਿਕ ਬਾਇੰਗ) ਹੋ ਸਕਦਾ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ ਕਿ ਉਹ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਹਿਤ ਲੋੜੀਂਦਾ ਭੰਡਾਰ (ਸਟਾਕ) ਰੱਖ ਰਹੇ ਹਨ।

ਜਿੱਥੋਂ ਤੱਕ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਸਪਲਾਈ ਦਾ ਸਬੰਧ ਹੈ, ਭਾਰਤ ਸਰਕਾਰ ਨੇ ਇਸ ਨੂੰ ਔਸਤ ਮਾਸਿਕ ਵਿਕਰੀ ਦੇ 20% ਤੱਕ ਸੀਮਿਤ ਕੀਤਾ ਹੈ। ਇਸ ਸੰਦਰਭ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਰੂਰੀ ਸੇਵਾਵਾਂ ਦੇ ਨਿਰਵਿਘਨ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਯੂਟੀ ਚੰਡੀਗੜ੍ਹ ਦੁਆਰਾ ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਅਤੇ ਲੋੜਵੰਦਾਂ ਦੇ ਆਸਰਾ ਘਰਾਂ ਵਿੱਚ ਸੇਵਾਵਾਂ ਨੂੰ ਸੁਚਾਰੂ ਰੂਪ ਨਾਲ ਬਣਾਈ ਰੱਖਿਆ ਜਾ ਰਿਹਾ ਹੈ।

ਘਰੇਲੂ ਐੱਲਪੀਜੀ ਦੇ ਦੁਰਉਪਯੋਗ ਨੂੰ ਰੋਕਣ ਅਤੇ ਡਬਲ ਸਟਾਕਿੰਗ ਅਤੇ ਅਧਿਕ ਮੁੱਲ ਵਸੂਲੀ ‘ਤੇ ਨਿਯੰਤਰਣ ਲਈ ਖੁਰਾਕ ਅਤੇ ਸਪਲਾਈ ਵਿਭਾਗ ਦੇ ਏਰੀਆ ਇੰਸਪੈਕਟਰਾਂ ਅਤੇ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਨਿਰੰਤਰ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਐੱਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਨੂੰ ਰੋਕਣ ਹਿਤ ਜ਼ਰੂਰੀ ਹੋਣ ‘ਤੇ ਕਾਲਾਬਾਜ਼ਾਰੀ ਨਿਵਾਰਣ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਣਾਈ ਰੱਖਣ ਦੇ ਐਕਟ, 1980 ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੇ ਪ੍ਰਾਵਧਾਨ ਲਾਗੂ ਕੀਤੇ ਜਾ ਸਕਦੇ ਹਨ।

​ਵਿਕਲਪਿਕ ਬਾਲਣ ਸਰੋਤਾਂ ਦੇ ਉਪਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਉਪਭੋਗਤਾਵਾਂ ਨੂੰ ਪੀਐੱਨਜੀ ਅਪਣਾਉਣ ਲਈ ਪ੍ਰੋਤਸਾਹਿਤ ਕਰ ਰਹੀ ਹੈ, ਕਿਉਂਕਿ ਇਹ ਆਮ ਤੌਰ ‘ਤੇ ਐੱਲਪੀਜੀ ਦੀ ਤੁਲਨਾ ਵਿੱਚ ਅਧਿਕ ਕਿਫ਼ਾਇਤੀ, ਸੁਰੱਖਿਅਤ ਅਤੇ ਪ੍ਰਭਾਵੀ ਹੈ। ਕਈ ਕਮਰਸ਼ੀਅਲ ਸੰਸਥਾਵਾਂ ਪਹਿਲਾਂ ਹੀ ਪੀਐੱਨਜੀ ਦਾ ਉਪਯੋਗ ਕਰ ਰਹੇ ਹਨ। ਵਰਤਮਾਨ ਵਿੱਚ ਸੈਕਟਰ 10, 11, 17, 22, 26 ਤੋਂ 28, 30, 32 ਤੋਂ 38, 40 ਤੋਂ 44, ਅਤੇ 46 ਤੋਂ 51 ਵਿੱਚ ਪੀਐੱਨਜੀ ਦੀ ਸਪਲਾਈ ਉਪਲਬਧ ਹੈ।

​ਮੋਟਰ ਸਪਿਰਿਟ (ਪੈਟਰੋਲ) ਅਤੇ ਹਾਈ ਸਪੀਡ ਡੀਜ਼ਲ ਦੀ ਲੋੜੀਂਦੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਕਮੀ ਦੀ ਸੂਚਨਾ ਨਹੀਂ ਹੈ।

ਇਸ ਲਈ, ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਾ ਘਬਰਾਉਣ, ਗ਼ੈਰ-ਪ੍ਰਮਾਣਿਤ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਸ ਨੂੰ ਫੈਲਾਉਣ। ਨਾਲ ਹੀ ਐੱਲਪੀਜੀ ਦੀ ਜਮ੍ਹਾਂਖੋਰੀ ਜਾਂ ਕਾਲਾਬਜ਼ਾਰੀ ਵਿੱਚ ਕਿਸੇ ਵੀ ਪ੍ਰਕਾਰ ਨਾਲ ਹਿੱਸਾ ਨਾ ਲੈਣ ਅਤੇ ਨਾ ਹੀ ਉਸ ਨੂੰ ਹੁਲਾਰਾ ਦੇਣ।

×