ਹੁਣ ਤੱਕ ਚਾਰ ਮੁਲਜ਼ਮ ਗ੍ਰਿਫ਼ਤਾਰ – ਇੱਕ ਮੁਲਜ਼ਮ ਦੀ ਭਾਲ ਜਾਰੀ
ਚੰਡੀਗੜ੍ਹ, 4 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਨੇ ਰਜਤ ਇੰਟਰਪ੍ਰਾਈਜਿਜ਼, ਨਾਭਾ ਦੇ ਮਾਲਕ ਰਜਤ ਜਖਮੀ ਨੂੰ 40,85,175 ਰੁਪਏ ਦੀ ਸਰਕਾਰੀ ਗ੍ਰਾਂਟ ਦੇ ਗਬਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਰਜਤ ਜ਼ਖਮੀ ਅਮਲੋਹ ਬਲਾਕ ਅਧੀਨ ਆਉਂਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇਸ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੇ ਤਤਕਾਲੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ 9 ਅਗਸਤ 2024 ਨੂੰ ਵਿਜੀਲੈਂਸ ਬਿਓਰੋ ਦੇ ਰੇਂਜ ਥਾਣਾ ਪਟਿਆਲਾ ਵਿੱਚ ਆਈਪੀਸੀ ਦੀਆਂ ਧਾਰਾਵਾਂ 409 ਅਤੇ 120ਬੀ ਸਮੇਤ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 13(1) ਅਤੇ 13(2) ਤਹਿਤ ਐਫਆਈਆਰ ਨੰਬਰ 37 ਦਰਜ ਕੀਤੀ ਗਈ ਸੀ।ਇਸ ਕੇਸ ਵਿੱਚ ਕੁਲਵਿੰਦਰ ਸਿੰਘ ਰੰਧਾਵਾ, ਜੋ ਹੁਣ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਹਨ ਸਮੇਤ ਪੰਜ ਮੁਲਜ਼ਮ ਸ਼ਾਮਲ ਹਨ। ਉਨ੍ਹਾਂ ‘ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਪ੍ਰਾਈਵੇਟ ਫਰਮਾਂ ਅਤੇ ਆਮ ਲੋਕਾਂ ਨੂੰ ਲਾਭ ਦੇਣ ਦਾ ਦੋਸ਼ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ- ਕੁਲਵਿੰਦਰ ਸਿੰਘ ਰੰਧਾਵਾ, ਇੱਕ ਆਮ ਆਦਮੀ ਹੰਸਰਾਜ ਅਤੇ ਅਮਲੋਹ ਇੰਟਰਪ੍ਰਾਈਜਿਜ਼ ਦੇ ਮਾਲਕ ਸਤਵਿੰਦਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਬਿਊਰੋ ਮਾਮਲੇ ਦੀ ਅਗਲੇਰੀ ਜਾਂਚ ਕਰ ਰਿਹਾ ਹੈ ਅਤੇ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।