ਗੁਰੂ ਘਰਾਂ ਵਿੱਚ ਜਾਣ ਵਾਲੀ ਸੰਗਤ ਨੂੰ ਹੁਣ ਨਹੀਂ ਮਿਲੇਗਾ ਟਰੈਫਿਕ ਜਾਮ

ਅੰਮ੍ਰਿਤਸਰ, 29 ਅਪ੍ਰੈਲ
ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਪੈਂਦੇ ਸੁਲਤਾਨਵਿੰਡ ਪਿੰਡ ਦੇ ਮੁੱਖ ਰਾਹ ਉੱਤੇ ਲੱਗਦੇ ਲੰਮੇ ਜਾਮ ਨੂੰ ਵੇਖਦੇ ਹੋਏ ਜੋ ਪੁਲ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਬਣਾਉਣਾ ਸ਼ੁਰੂ ਕੀਤਾ ਗਿਆ ਸੀ, ਉਹ ਪੁਲ ਮੁਕੰਮਲ ਕਰਨ ਦੀ ਨਿਰਧਾਰਤ ਮਿਤੀ ਜੋ ਕਿ ਜੂਨ 2026 ਹੈ, ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਇਸ ਸਾਲ ਦਸੰਬਰ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਵਿਭਾਗ ਦੇ ਕੈਬਿਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪੁਲ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਕੀਤਾ। ਉਹਨਾਂ ਨਾਲ ਇਸ ਮੌਕੇ ਹਲਕੇ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਡਾਕਟਰ ਨਿੱਜਰ ਦੀ ਸਿਫਾਰਸ਼ ਉਪਰ ਇਸ ਪੁਲ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 34.20 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਪਰ ਅਸੀਂ ਇਸ ਪੁੱਲ ਨੂੰ ਤਕਰੀਬਨ 22.68 ਕਰੋੜ ਰੁਪਏ ਵਿੱਚ ਪੂਰਾ ਕਰ ਲਵਾਂਗੇ, ਜਿਸ ਨਾਲ ਸਰਕਾਰ ਦੇ 11.52 ਕਰੋੜ ਰੁਪਏ ਦੀ ਬਚਤ ਹੋਵੇਗੀ। ਉਹਨਾਂ ਕਿਹਾ ਕਿ ਇਹ 725 ਮੀਟਰ ਲੰਮਾ ਅਤੇ 14 ਮੀਟਰ ਚੌੜੇ ਪੁਲ ਦੇ ਦੋਵੇਂ ਪਾਸੇ 5.5 ਮੀਟਰ ਦੀ ਚੌੜਾਈ ਨਾਲ ਸਰਵਿਸ ਲੇਨ ਦੀ ਉਸਾਰੀ ਵੀ ਕੀਤੀ ਜਾਣੀ ਹੈ। ਉਕਤ ਤੋਂ ਇਲਾਵਾ ਫਲਾਈ ਓਵਰ ਦੇ ਦੋਵੇਂ ਪਾਸੇ ਪਾਣੀ ਦੀ ਨਿਕਾਸੀ ਲਈ ਡਰੇਨ ਅਤੇ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਰੇਨ ਹਾਰਵੈਸਟਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪੁੱਲ ਦੇ ਬਣ ਜਾਣ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਰਨਤਰਨ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ, ਟਾਹਲਾ ਸਾਹਿਬ, ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦਾ ਰਸਤਾ ਆਸਾਨ ਹੋਵੇਗਾ ਅਤੇ ਇੱਥੇ ਲੱਗਣ ਵਾਲਾ ਟਰੈਫਿਕ ਜਾਮ ਬੀਤੇ ਸਮੇਂ ਦੀ ਗੱਲ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਬਾਈਪਾਸ ਉੱਤੇ ਪੈਂਦੀਆਂ ਕਲੋਨੀਆਂ ਅਤੇ ਇਤਿਹਾਸਿਕ ਸੁਲਤਾਨਵਿੰਡ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਇਸ ਪੁੱਲ ਦੇ ਨਿਰਮਾਣ ਨਾਲ ਮਿਲੇਗੀ। ਉਹਨਾਂ ਹੁਣ ਤੱਕ ਹੋਏ ਕੰਮ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਉਕਤ ਕੰਪਨੀ ਨੂੰ ਕੰਮ ਦਸੰਬਰ ਤੱਕ ਪੂਰਾ ਕਰਨ ਦੀ ਹਦਾਇਤ ਵੀ ਕੀਤੀ।

ਕੈਪਸ਼ਨ
ਸੁਲਤਾਨਵਿੰਡ ਵਿਖੇ ਬਣਾਏ ਜਾ ਰਹੇ ਪੁੱਲ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ । ਨਾਲ ਹਨ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ।