ਗਿੱਦੜਬਾਹਾ, 4 ਨਵੰਬਰ
ਆਮ ਆਦਮੀ ਪਾਰਟੀ ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸੇ ਸ਼ੁਰੂ ਕਰ ਦਿੱਤੇ ਹਨ।
ਇਹਨਾਂ ਜਲਸਿਆਂ ਵਿਚ ਉਨ੍ਹਾਂ ਨਾਲ ਵਿਧਾਇਕ ਗੁਰਲਾਲ ਘਨੌਰ, ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਅਤੇ ਮਾਸਟਰ ਜਗਸੀਰ ਸਿੰਘ, ਹਰਿਮੰਦਰ ਸਿੰਘ ਬਰਾੜ, ਅਨਿਲ ਠਾਕੁਰ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ ਰਾਜਨ, ਸੁਖਰਾਜ ਸਿੰਘ ਗੋਰਾ, ਰਣਧੀਰ ਸਿੰਘ ਟੀਟੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।
ਹਲਕੇ ਦੇ ਪਿੰਡ ਸਮਾਘ, ਗਿਲਜੇਵਾਲਾ, ਖੂਨਣ ਖੁਰਦ, ਚੱਕ ਗਿਲਜੇਵਾਲਾ, ਕੋਠੇ ਸੁਰਗਾਪੁਰੀ, ਰੁਖਾਲਾ, ਛੱਤਿਆਣਾ ਅਤੇ ਗਿੱਦੜਬਾਹਾ ਸ਼ਹਿਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਕੰਮ ਕਰਵਾਉਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਸਰਕਾਰ ਤੋਂ ਬਿਨਾਂ ਕੰਮ ਕਰਾਉਣੇ ਬਹੁਤ ਹੀ ਮੁਸ਼ਕਿਲ ਹੈ। ਵਿਰੋਧੀ ਉਮੀਦਵਾਰ ਭਾਵੇਂ ਵੱਖ-ਵੱਖ ਤਰ੍ਹਾਂ ਦੇ ਲਾਰੇ ਲਾ ਕੇ ਲੋਕਾਂ ਨੂੰ ਲਾਲਚ ਦੇ ਰਹੇ ਹਨ, ਪਰ ਸਰਕਾਰ ਤੋਂ ਬਿਨਾਂ ਹਲਕੇ ਦੀ ਤਰੱਕੀ ਵਿਕਾਸ ਤੇ ਲੋਕਾਂ ਦੇ ਕੰਮ ਕਰਵਾਉਣੇ ਬਹੁਤ ਮੁਸ਼ਕਿਲ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਨੂੰ ਤੁਸੀਂ ਤਿੰਨ-ਤਿੰਨ ਚਾਰ-ਚਾਰ ਵਾਰ ਜਿਤਾ ਕੇ ਵੇਖ ਲਿਆ ਹੈ, ਪਰ ਮੈਂ ਤਾਂ ਸਿਰਫ ਦੋ ਸਾਲ ਮੰਗ ਰਿਹਾ ਹਾਂ ਤੇ ਮੈਂ ਵਾਅਦਾ ਕਰਦਾ ਹਾਂ ਕਿ ਇਹਨਾਂ ਦੋ ਸਾਲਾਂ ਵਿੱਚ ਤੁਹਾਡੇ ਸਾਰੇ ਕੰਮ ਨੇਪਰੇ ਚਾੜ ਦੇਵਾਂਗਾ ਅਤੇ ਹਲਕੇ ਨੂੰ ਤਰੱਕੀ ਤੇ ਖ਼ੁਸ਼ਹਾਲੀ ਦੇ ਰਾਹਾਂ ਤੇ ਲੈ ਕੇ ਜਾਵਾਂਗਾ।
ਹਰਦੀਪ ਸਿੰਘ ਡਿੰਪੀ ਢਿਲੋਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਿੱਤੇ ਉਮੀਦਵਾਰਾਂ ਨੇ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਬਿਲਕੁਲ ਵੀ ਸਾਰ ਨਹੀਂ ਲਈ ਸਗੋਂ ਆਪਣੇ ਘਰ ਭਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਗਿੱਦੜਬਾਹਾ ਹਲਕੇ ਦੇ ਲੋਕ ਇਹ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਹੀ ਹਲਕੇ ਦਾ ਵਿਕਾਸ ਕਰਵਾ ਸਕਦੀ ਹੈ। ਇਸ ਲਈ ਗਿੱਦੜਬਾਹਾ ਹਲਕੇ ਦੇ ਲੋਕ ਬਾਹਰ ਦੇ ਉਮੀਦਵਾਰਾਂ ਨੂੰ ਨਕਾਰ ਦੇਣਗੇ ਅਤੇ ਗਿੱਦੜਬਾਹਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਫ਼ਤਵਾ ਦੇਣਗੇ।