ਮਿਤੀ 21 ਅਕਤੂਬਰ ਨੂੰ ਬਲਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ (1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ) ਵੱਲੋਂ ਕੀਤੀ ਗਈ ਆਤਮ-ਹੱਤਿਆ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸੁਸਾਇਡ ਨੋਟ ਵਿੱਚ ਸਪਸ਼ਟ ਰੂਪ ਚ ਉਮੀਦਵਾਰ ਵੱਲੋਂ ਲਿਖਿਆ ਗਿਆ ਹੈ ਕਿ ਇਸਦੇ ਲਈ ਹਰਜੋਤ ਬੈਂਸ, ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। ਇਹ ਘਟਨਾ ਸਰਕਾਰ ਦੀ ਸਿੱਖਿਆ ਨੀਤੀਆਂ ਦੀ ਪੋਲ ਖੋਲਦੀ ਹੈ। ਇੱਕ ਪਾਸੇ ਜਰਜਰ ਹੋ ਰਹੇ ਕਾਲਜ ਅਧਿਆਪਕਾਂ ਬਿਨਾਂ ਖਾਲੀ ਪਏ ਹਨ, ਇੱਕ ਇੱਕ ਅਧਿਆਪਕ 400-400 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਅਤੇ ਦੂਜੇ ਪਾਸੇ ਜਿੰਨ੍ਹਾ ਅਧਿਆਪਕਾਂ ਦੀ ਕਾਲਜਾਂ ਲਈ ਚੋਣ ਹੋਈ ਹੈ ਉਹ 2 ਸਾਲ ਤੋਂ ਦਰ ਦਰ ਭਟਕ ਰਹੇ ਹਨ। ਉਮੀਦਵਾਰ ਦੀ ਖੁਦਕੁਸ਼ੀ ਦਾ ਕਾਰਨ ਸਰਕਾਰ ਹੈ ਕਿਉਂਕਿ ਦਸੰਬਰ 2021 ਨੂੰ ਨਿਯੁਕਤੀ ਪੱਤਰ ਮਿਲ ਜਾਣ ਦੇ ਬਾਵਜੂਦ ਹੁਣ ਤੱਕ ਸਰਕਾਰ ਦੀਆਂ ਬਦਨੀਤੀਆਂ ਦੇ ਚਲਦਿਆਂ ਭਰਤੀ ਸਿਰੇ ਨਹੀਂ ਚੜ ਸਕੀ ਅਤੇ ਤਣਾਅਗ੍ਰਸਤ ਉਮੀਦਵਾਰ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ। ਸਰਕਾਰ ਇੱਕ ਪਾਸੇ ਥੋੜੀ ਗਿਣਤੀ ਦੇ ਅਧਿਆਪਕਾਂ ਤੋਂ ਬੰਧੂਆ-ਮਜਦੂਰੀ ਕਰਵਾ ਰਹੀ ਹੈ ਦੂਜੇ ਪਾਸੇ ਨੌਜਵਾਨ ਰੁਜਗਾਰ ਦੀ ਭਾਲ ਚ ਭਟਕ ਰਹੇ ਹਨ। ਇਹ ਆਤਮ ਹੱਤਿਆ ਨਹੀਂ ਸਗੋਂ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੋਇਆ ਕਤਲ ਹੈ। ਜੀ ਸੀ ਟੀ ਏ ਪੰਜਾਬ ਉਮੀਦਵਾਰ ਲਈ ਇਨਸਾਫ ਦੀ ਮੰਗ ਕਰਦੀ ਹੈ ਅਤੇ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ।
ਪ੍ਰੋ.ਅੰਮ੍ਰਿਤ ਸਮਰਾ
ਪ੍ਰਧਾਨ, ਜੀ.ਸੀ.ਟੀ.ਏ. ਸਰਕਾਰੀ ਕਾਲਜ, ਪੰਜਾਬ