ਲੋਕ ਸੰਪਰਕ ਵਿਭਾਗ ਚੰਡੀਗਡ਼੍ਹ ਪ੍ਰਸ਼ਾਸਨ
ਪ੍ਰੈੱਸ ਨੋਟ
ਚੰਡੀਗਡ਼੍ਹ, 3 ਨਵੰਬਰ, 2025: 14 ਨਵੰਬਰ ਤੋਂ 27 ਨਵੰਬਰ, 2025 ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਆਗਾਮੀ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ)-2025 ਬਾਰੇ ਅੱਜ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸ੍ਰੀ ਨਿਸ਼ਾਂਤ ਕੁਮਾਰ ਯਾਦਵ, ਸਕੱਤਰ ਉਦਯੋਗ ਕਮ ਡਿਪਟੀ ਕਮਿਸ਼ਨਰ, ਚੰਡੀਗਡ਼੍ਹ ਨੇ ਕੀਤੀ।
ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਮੇਲੇ ਵਿੱਚ ਪੰਜ ਵਿਭਾਗ-ਸੈਰ ਸਪਾਟਾ ਵਿਭਾਗ, ਸਿਟਕੋ, ਅਜਾਇਬ ਘਰ, ਨਗਰ ਨਿਗਮ (ਐੱਨ. ਯੂ. ਐੱਲ. ਐੱਮ.) ਅਤੇ ਜੇਲ੍ਹ ਵਿਭਾਗ ਹਿੱਸਾ ਲੈਣਗੇ। ਚੰਡੀਗਡ਼੍ਹ ਦੀਆਂ ਵਿਸ਼ੇਸ਼ ਪਹਿਲਕਦਮੀਆਂ, ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਦੀਆਂ ਤਿਆਰੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਚੰਡੀਗਡ਼੍ਹ ਦੇ ਪ੍ਰਾਈਵੇਟ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਪਲੇਟਫਾਰਮ ਸਥਾਨਕ ਉੱਦਮੀਆਂ ਨੂੰ ਮਹੱਤਵਪੂਰਨ ਮਾਨਤਾ ਅਤੇ ਵਪਾਰਕ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਭਾਗੀਦਾਰੀ ਲਈ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਚੰਡੀਗਡ਼੍ਹ ਪਵੇਲੀਅਨ ਨੂੰ ਸ਼ਹਿਰ ਦੇ ਪ੍ਰਗਤੀਸ਼ੀਲ ਅਕਸ ਅਤੇ ਨਵੀਨਤਾ-ਸੰਚਾਲਿਤ ਚੰਗੇ ਸ਼ਾਸਨ ਮਾਡਲ ਨੂੰ ਰਚਨਾਤਮਕ ਅਤੇ ਲੋਕ-ਮੁਖੀ ਪ੍ਰਦਰਸ਼ਨੀਆਂ ਰਾਹੀਂ ਪੇਸ਼ ਕਰਨਾ ਚਾਹੀਦਾ ਹੈ।