ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੀ ਪਹਿਲੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਸਫਲਤਾਪੂਰਵਕ ਸੰਪੂਰਨ ਹੋਈ, ਜਿਸ ਵਿੱਚ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਬੰਸੀ ਲਾਲ ਗੁੱਜਰ, ਕੌਮੀ ਮੀਤ ਪ੍ਰਧਾਨ ਮੁਕੇਸ਼ ਮਾਨ, ਕੌਮੀ ਜਨਰਲ ਸਕੱਤਰ ਡਾ. ਸ਼ੰਭੂ ਕੁਮਾਰ ਅਤੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਮੀਟਿੰਗ ਦੌਰਾਨ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ਸਾਂਸਦ ਬੰਸੀ ਲਾਲ ਗੁੱਜਰ ਨੇ ਸੰਗਠਨਾਤਮਕ ਵਿਸਥਾਰ, ਕਿਸਾਨੀ ਮੁੱਦੇ ਅਤੇ ਭਵਿੱਖ ਦੀ ਰਣਨੀਤੀ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਭਲਾਈ ਲਈ ਕੀਤੇ ਕਾਰਜਾਂ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਕਿਸਾਨੀ ਮਸਲਿਆਂ ਪ੍ਰਤੀ ਨਾਕਾਮੀਆਂ ਅਤੇ ਡੀਏਪੀ-ਯੂਰੀਆ ਦੀ ਕਥਿਤ ਕਾਲਾਬਾਜ਼ਾਰੀ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ।
ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਕਿਸਾਨ ਮੋਰਚਾ ਪੰਜਾਬ ਦੇ ਹਰ ਇੱਕ ਪਿੰਡ ਤੱਕ ਸੰਗਠਨ ਨੂੰ ਮਜ਼ਬੂਤ ਕਰੇਗਾ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗਾ। ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਕਿਸਾਨ ਤੱਕ ਪਹੁੰਚਾਉਣਾ ਸਾਡੀ ਮੁੱਖ ਤਰਜੀਹ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ 80 ਫ਼ੀਸਦੀ ਮੰਡਲ ਟੀਮਾਂ ਦਾ ਗਠਨ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੀਆਂ ਟੀਮਾਂ ਵੀ ਜਲਦੀ ਤਿਆਰ ਕੀਤੀਆਂ ਜਾਣਗੀਆਂ। ਉਹਨਾਂ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਸਬੰਧੀ ਤਿੰਨ ਅਹਿਮ ਮਤੇ ਵੀ ਕਾਰਜਕਾਰਨੀ ਦੀ ਸਮੂਹ ਇਕੱਤਰਤਾ ਦੀ ਸਹਿਮਤੀ ਨਾਲ ਪਾਸ ਕੀਤੇ ਗਏ।
ਇਸ ਮੌਕੇ ਸੂਬਾ ਜਨਰਲ ਸਕੱਤਰ ਮੇਜਰ ਸਿੰਘ ਟਿੱਬੀ, ਮਨਪ੍ਰੀਤ ਸਿੰਘ ਤਲਵੰਡੀ, ਸਿਕੰਦਰ ਸਿੰਘ ਸਮੇਤ ਸਮੁੱਚੀ ਸੂਬਾਈ ਅਹੁਦੇਦਾਰ, ਕਾਰਜਕਾਰਨੀ ਮੈਂਬਰ, ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।


