ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਤੱਕ 96,000 ਗੈਸ ਕੁਨੈਕਸ਼ਨ ਵੰਡੇ

ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਡਰਾਇੰਗ ਮੁਕਾਬਲੇ ਕਰਵਾਏ ਗਏ, ਕੁਇਜ਼ ਮੁਕਾਬਲੇ ਵੀ ਕਰਵਾਏ ਗਏ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ‘9 ਸਾਲ – ਸੇਵਾ, ਸੁਸ਼ਾਸਨ, ਗਰੀਬ ਕਲਿਆਣ’ ਵਿਸ਼ੇ ‘ਤੇ ਲਗਾਈ ਗਈ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦੇ ਵਾਅਦੇ ਨਾਲ ਅੱਜ ਸਮਾਪਤ ਹੋ ਗਈ |।

ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੀ ਵੰਡੇ ਗਏ।

ਸਮਾਪਤੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜਿੱਥੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹੋਈ ਤਰੱਕੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਪੂਰਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ ਅਤੇ ਪ੍ਰਦਰਸ਼ਨੀ ਦੇ ਨੋਡਲ ਅਫ਼ਸਰ ਅਤੇ ਕੇਂਦਰੀ ਸੰਚਾਰ ਬਿਊਰੋ ਦੇ ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਵੀ ਹਾਜ਼ਰ ਸਨ।

ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜ਼ਿਲ੍ਹਾ ਨੋਡਲ ਅਫ਼ਸਰ ਸੁਖਰਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 96,000 ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਅੱਜ ਦਿੱਤੇ ਗਏ 9 ਕੁਨੈਕਸ਼ਨ ਵੀ ਸ਼ਾਮਲ ਹਨ।

ਅੱਜ ਪ੍ਰਦਰਸ਼ਨੀ ਦੇ ਆਖਰੀ ਦਿਨ ‘ਪਰਾਲੀ ਸਾੜਨ ਦੇ ਨੁਕਸਾਨ’ ਅਤੇ ‘ਸਵੱਛ ਭਾਰਤ ਮਿਸ਼ਨ’ ਵਿਸ਼ਿਆਂ ‘ਤੇ ਡਰਾਇੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਵਿੱਚੋਂ ਗੁਰਲੀਨ ਕੌਰ ਪਹਿਲੇ, ਹਰਜਸਲੀਨ ਕੌਰ ਦੂਜੇ ਅਤੇ ਕ੍ਰਿਸ਼ਨਾ ਪਾਸਵਾਨ ਤੀਜੇ ਸਥਾਨ ’ਤੇ ਰਹੀ। ਮਨਮੀਤ ਕੌਰ ਨੂੰ ਹੱਲਾਸ਼ੇਰੀ ਵਧਾਉ ਇਨਾਮ ਦਿੱਤਾ ਗਿਆ। ਡਰਾਇੰਗ ਮੁਕਾਬਲੇ ਦੀ ਜਿਊਰੀ ਵਿੱਚ ਖੇਤੀਬਾੜੀ ਵਿਭਾਗ ਦੀ ਅਧਿਕਾਰੀ ਹਰਵਿੰਦਰ ਕੌਰ, ਜ਼ਿਲ੍ਹਾ ਚੋਣ ਦਫ਼ਤਰ ਦੀ ਹਰਨੂਰ ਕੌਰ ਅਤੇ ਇੱਕ ਸਕੂਲ ਅਧਿਆਪਕ ਸ਼ਾਮਲ ਸਨ। ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਇਹ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਸਨ।

ਸਵੀਪ ਤਹਿਤ ਵੋਟਰ ਜਾਗਰੂਕਤਾ ਅਤੇ ਉਜਵਲਾ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

×