ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਪੰਜਾਬ ਦੇ ਚੋਣ ਨਤੀਜਿਆਂ ਲਈ ਵੱਡਾ ਦਾਅਵਾ ਕੀਤਾ ਹੈ, ਉਹਨਾਂ ਆਖਿਆ ਹੈ ਕਿ ਪੰਜਾਬ ਵਿਚ ਜੇਕਰ ਅਸੈਂਬਲੀ ਹੰਗ ਹੁੰਦੀ ਹੈ ਤਾਂ 2-3 ਪਾਰਟੀਆਂ ਗੱਠਜੋੜ ਕਰਕੇ ਸਰਕਾਰ ਬਣਾ ਸਕਦੀਆਂ ਹਨ।

ਚੰਡੀਗੜ: ਚੋਣਾਂ ਵਿਚ ਹਮੇਸ਼ਾ ਜਿੱਤ ਹਾਰ ਦੀ ਸਥਿਤੀ ਹੁੰਦੀ ਹੈ ਇਕ ਧਿਰ ਜਿੱਤਦੀ ਅਤੇ ਦੂਜੀ ਹਾਰਦੀ ਹੈ, ਪਰ ਕਈ ਵਾਰ ਫ਼ਸਵਾਂ ਮੁਕਾਬਲਾ ਹੋਣ ਕਰਕੇ ਜਿੱਤ ਹਾਰ ਦਾ ਪਤਾ ਨਹੀਂ ਲੱਗਦਾ ਤਾਂ ਹੰਗ ਅਸੈਂਬਲੀ ਹੋ ਜਾਂਦੀ ਹੈ ਅਤੇ ਵਾਗਡੋਰ ਰਾਸ਼ਟਰਪਤੀ ਦੇ ਹੱਥਾਂ ਵਿਚ ਜਾਣ ਦੀ ਕਵਾਇਦ ਹੁੰਦੀ ਹੈ। ਪਰ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਪੰਜਾਬ ਦੇ ਚੋਣ ਨਤੀਜਿਆਂ ਲਈ ਵੱਡਾ ਦਾਅਵਾ ਕੀਤਾ ਹੈ, ਉਹਨਾਂ ਆਖਿਆ ਹੈ ਕਿ ਪੰਜਾਬ ਵਿਚ ਜੇਕਰ ਅਸੈਂਬਲੀ ਹੰਗ ਹੁੰਦੀ ਹੈ ਤਾਂ 2-3 ਪਾਰਟੀਆਂ ਗੱਠਜੋੜ ਕਰਕੇ ਸਰਕਾਰ ਬਣਾ ਸਕਦੀਆਂ ਹਨ ਰਾਸ਼ਟਰਪਤੀ ਸਾਸ਼ਨ ਕਿਸੇ ਵੀ ਹਾਲਤ ਵਿਚ ਨਹੀਂ ਲੱਗ ਸਕਦਾ।

ਅਮਿਤ ਸ਼ਾਹ ਦੇ ਵੱਡੇ ਦਾਅਵੇ ਦੇ ਮਾਇਨੇ

 ਭਾਜਪਾ ਦੇ ਵੱਡੇ ਆਗੂ ਵਾਰ-ਵਾਰ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਾਉਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਭਾਜਪਾ ਨੂੰ ਕਦੇ ਵੀ ਸੇਵਾ ਦਾ ਮੌਕਾ ਨਹੀਂ ਦਿੱਤਾ।ਉਹਨਾਂ ਅਪੀਲ ਕੀਤੀ ਸੀ ਕਿ ਵੱਡੀ ਗਿਣਤੀ ਵਿਚ ਪੰਜਾਬੀ ਭਾਜਪਾ ਨੂੰ ਵੋਟ ਕਰਨ। ਪੰਜਾਬ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਦਾ ਨਜ਼ਰੀਆ ਇਹਨਾਂ ਬਿਆਨਾਂ ਤੋਂ ਸਮਝਿਆ ਜਾ ਸਕਦਾ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਹਨਾਂ ਬਿਆਨਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਹਾਲਾਤ ਜੋ ਵੀ ਹੋਣ ਭਾਜਪਾ ਨੇ ਪਹਿਲਾਂ ਹੀ ਸਰਕਾਰ ਬਣਾਉਣ ਦੀ ਜੁਗਤ ਲੜਾਈ ਹੋਈ ਹੈ। ਬੇਸ਼ੱਕ ਭਾਜਪਾ ਅਤੇ ਅਕਾਲੀ ਦਲ ਨਾਤਾ ਖੇਤੀ ਕਾਨੂੰਨਾਂ ਨੇ ਤੋੜ ਦਿੱਤਾ ਸੀ ਪਰ 10 ਮਾਰਚ ਤੋਂ ਬਾਅਦ ਇਹ ਰਿਸ਼ਤਾ ਦੁਬਾਰਾ ਵੀ ਜੁੜ ਸਕਦਾ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਸੰਕੇਤ ਦਿੱਤਾ ਸੀ ਕਿ ਜੇਕਰ ਚੋਣਾਂ ਤੋਂ ਬਾਅਦ ਹੰਗ ਅਸੈਂਬਲੀ ਵਰਗੀ ਸਥਿਤੀ ਬਣੀ ਤਾਂ ਉਹ ਭਾਜਪਾ ਨਾਲ ਗੱਠਜੋੜ ਕਰ ​​ਸਕਦੇ ਹਨ ‘ਤੇ ਹੁਣ ਅਮਿਤ ਸ਼ਾਹ ਦੇ ਗੱਠਜੋੜ ਵਾਲੇ ਬਿਆਨ ਨੇ ਕਿਤੇ ਨਾ ਕਿਤੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।