ਆਪ ਸਰਕਾਰ ਵੱਲੋਂ ਕੇਜਰੀਵਾਲ ਦੇ ਅਨੇਕਾਂ ਰਾਜਾਂ ਵਿਚ ਚੋਣ ਪ੍ਰਚਾਰ ਲਈ ਜਾਣ ਵਾਸਤੇ ਆਪ ਸਰਕਾਰ ਵੱਲੋਂ 10 ਸੀਟਾਂ ਵਾਲਾ ਹਵਾਈ ਜਹਾਜ਼ ਕਿਰਾਏ ’ਤੇ ਲੈਣ ਦਾ ਖੁਲ੍ਹਾਸਾ ਕਰਨ ਵਾਲੇ ਆਰ ਟੀ ਆਈ ਕਾਰਕੁੰਨ ਨੂੰ ਪੰਜਾਬ ਪੁਲਿਸ ਵੱਲੋਂ ਧਮਕੀ ਦੇਣ ਦੀ ਕੀਤੀ ਨਿਖੇਧੀ

ਫਾਜ਼ਿਲਕਾ, 29 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਨਾ ਕਰ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਬੇਨਕਾਬ ਕਰਨ ਵਾਲੇ ਸਮਾਜ ਕਾਰਕੁੰਨ ਨੂੰ ਧਮਕਾ ਕੇ ਦਬਾਉਣ ਦੇ ਯਤਨ ਕਰ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ 6800 ਰੁਪੲ ਪ੍ਰਤੀ ਏਕੜ ਦਾ ਮੁਆਵਜ਼ਾ ਜਾਰੀ ਨਾ ਕਰ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀਆਂ ਕਰਵਾਉਣ ਵਿਚ ਫੇਰੀ ਕਰ ਕੇ ਜਾਣ ਬੁੱਝ ਕੇ ਮੁਆਵਜ਼ਾ ਜਾਰੀ ਕਰਨ ਦਾ ਕੰਮ ਲਟਕਾਇਆ ਤੇ ਹੁਣ ਤੱਕ ਗਿਰਦਾਵਰੀਆਂ ਪੂਰੀਆਂ ਨਹੀਂ ਹੋਈਆਂ। ਉਹਨਾਂ ਕਿਹਾ ਕਿ ਇਸ ਜ਼ਿਲ੍ਹੇ ਦੇ ਕਿਸਾਨਾਂ ਦਾ ਸੈਂਕੜੇ ਕਰੋੜ ਰੁਪਏ ਦਾ ਨੁਕਸਾਨ ਉਦੋਂ ਹੋਇਆ ਜਦੋਂ ਆਪ ਦੇ ਐਮ ਪੀ ਨੇ ਧੱਕੇ ਨਾਲ ਹਰੀਕੇ ਪੱਤਣ ਦੇ ਸਾਰੇ 32 ਗੇਟ ਇਕੋ ਸਮੇਂ ਖੁਲ੍ਹਵਾ ਦਿੱਤੇ। ਉਹਨਾਂ ਕਿਹਾ ਕਿ ਜ਼ਿਲ੍ਹੇ ਲਈ 8.5 ਕਰੋੜ ਰੁਪਏ ਮੁਆਵਜ਼ੇ ਵਾਸਤੇ ਰੱਖ ਕੇ ਸਰਕਾਰ ਨੇ ਸਾਡੇ ਮਿਹਨਤੀ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ ਜਦੋਂ ਕਿ ਸਰਕਾਰ ਬੱਕਰੀਆਂ ਤੇ ਮੁਰਗੀਆਂ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕਰ ਰਹੀ ਸੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਦੇ ਗਲਤ ਕੰਮਾਂ ਨੂੰ ਬੇਨਕਾਬ ਕਰਨ ਵਾਸਤੇ ਸਮਾਜਿਕ ਕਾਰਕੁੰਨ ਨੂੰ ਧਮਕਾਉਣ ਤੇ ਨਤੀਜੇ ਭੁਗਤਣ ਦੀਆਂ ਚੇਤਾਵਨੀਆਂ ਦੇਣ ਦੀ ਵੀ ਨਿਖੇਧੀ ਕੀਤੀ। ਮਾਣਿਕ ਗੋਇਲ ਵਰਗੇ ਕਾਰਕੁੰਨਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਮਾਣਿਕ ਨੂੰ ਪੰਜਾਬ ਪੁਲਿਸ ਨੇ ਖੁੱਲ੍ਹੇਆਮ ਧਮਕੀ ਦਿੱਤੀ ਹੈ ਕਿ ਉਹ ਆਪ ਸਰਕਾਰ ਵੱਲੋਂ ਛੇ ਮਹੀਨੇ ਵਾਸਤੇ 10 ਸੀਟਾਂ ਵਾਲਾ ਹਵਾਈ ਜਹਾਜ਼ ਕਿਰਾਏ ’ਤੇ ਲੈਣ ਲਈ ਲਗਾਏ ਟੈਂਡਰ ਵਾਲਾ ਟਵੀਟ ਡਲੀਟ ਕਰੇ।

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਜਹਾਜ਼ ਕਈ ਰਾਜਾਂ ਦੀਆਂ ਆ ਰਹੀਆਂ ਚੋਣਾਂ ਵਿਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਚਾਰ ਕਰਨ ਵਾਸਤੇ ਵਰਤਿਆ ਜਾਣਾ ਹੈ ਜਿਸਦੇ ਖਰਚੇ ਦਾ ਬੋਝ ਪੰਜਾਬ ਦੇ ਖ਼ਜ਼ਾਨੇ ’ਤੇ ਪਾਇਆ ਜਾ ਰਿਹਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਖੁੱਲ੍ਹੇਆਮ ਅਜਿਹੀਆਂ ਧਮਕੀਆਂ ਦੇਣਾ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕੇਜਰੀਵਾਲ ਦੇ ਹਵਾਈ ਸਫਰ ਵਾਸਤੇ ਹਵਾਈ ਜਹਾਜ਼ ਕਿਰਾਏ ’ਤੇ ਲੈਣ ਦਾ ਪੁਰਜ਼ੋਰ ਕਰੇਗਾ। ਉਹਨਾਂ ਕਿਹਾ ਕਿ ਇਹ ਪੈਸਾ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਾਸਤੇ ਵਰਤਿਆ ਜਾ ਸਕਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਵਿਧਾਇਕਾਂ ਵੱਲੋਂ ਸੂਬੇ ਦੀ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਰੇਤੇ ਦੀ ਨਜਾਇਜ਼ ਮਾਇਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਵਾਸਤੇ ਮਜਬੂਰ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੱਲ੍ਹ ਤਰਨ ਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਸਿਰਫ ਇਸ ਕਰ ਕੇ ਬਦਲਿਆ ਗਿਆ ਕਿਉਂਕਿ ਉਹਨਾਂ ਨੇ ਆਪ ਵਿਧਾਇਕ ਦੇ ਜੀਜੇ ਨੂੰ ਰੇਤੇ ਦੀ ਨਜਾਇਜ਼ ਮਾਇਨਿੰਗ ਕਰਦਿਆਂ ਫੜਿਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਵਿਧਾਇਕ ਨਸ਼ਾ ਸਮਗਲਰਾਂ ਨੂੰ ਸਿਆਸੀ ਪੁਸ਼ਤਪਨਾਹੀ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਮਹੀਨੇ ਵਜੋਂ ਵਸੂਲ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰੀ ਬਹੁਤ ਜ਼ਿਆਦਾ ਵੱਧ ਗਈ ਹੈ। ਉਹਨਾਂ ਨੇ ਮੁਕਤਸਰ ਵਿਚ ਵਕੀਲ ਨਾਲ ਪੁਲਿਸ ਦੀ ਵਧੀਕੀ ਦੀ ਉਦਾਹਰਣ ਵੀ ਦਿੱਤੀ।

ਸਰਦਾਰ ਬਾਦਲ ਨੇ ਇਹਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਦੇ ਰਾਜ ਵਿਚ ਜ਼ਿਲ੍ਹੇ ਵਿਚ ਵਿਕਾਸ ਕਾਰਜ ਪ੍ਰਭਾਵਤ ਹੋ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਸ ਜ਼ਿਲ੍ਹੇ ਦੀ ਸਿਰਜਣਾ ਕੀਤੀ ਸੀ ਤੇ ਇਸਦਾ ਵਿਕਾਸ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਇਸ ਜ਼ਿਲ੍ਹੇ ਨੂੰ ਇੰਨਾ ਅਣਡਿੱਠ ਕੀਤਾ ਜਾ ਰਿਹਾ ਹੈ ਕਿ ਸੜਕਾਂ ਦਾ ਬੁਰਾ ਹਾਲ ਹੈ ਤੇ ਸਿੱਖਿਆ ਤੇ ਮੈਡੀਕਲ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ, ਐਸ ਸੀ ਸਕਾਲਰਸ਼ਿਪ, ਸਾਈਕਲਾਂ, ਭਾਂਡੇ ਤੇ ਜਿੰਮ ਆਦਿ ਤੋਂ ਵੀ ਵਾਂਝਾ ਕਰ ਦਿੱਤਾ ਹੈ।

ਸੀਨੀਅਰ ਆਗੂ ਸ੍ਰੀ ਹੰਸ ਰਾਜ ਜੋਸਨ ਨੇ ਇਸ ਮੌਕੇ ਕਿਹਾ ਕਿ ਖੇਤਾਂ ਵਿਚ ਵੱਡੀ ਮਾਤਰਾ ਵਿਚ ਰੇਤਾ ਆਉਣ ਕਾਰਨ ਖੇਤ ਫਸਲਾਂ ਬੀਜਣ ਯੋਗ ਨਹੀਂ ਰਹਿ ਗਏ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਹਾਲਾਤ ਵਿਚ ਕਣਕ ਦੀ ਫਸਲ ਲਾਉਣੀ ਬਹੁਤ ਔਖੀ ਹੋ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਔਖੇ ਵੇਲੇ ਖੇਤਾਂ ਨੂੰ ਪੱਧਰਾ ਕਰ ਕੇ ਰੇਤਾ ਕੱਢਣ ਵਿਚ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਇਸ ਮੌਕੇ ਸੀਨੀਅਰ ਆਗੂ ਡਾ. ਮਹਿੰਦਰ ਸਿੰਘ ਰਿਣਵਾ ਤੇ ਸਤਿੰਦਰਜੀਤ ਸਿੰਘ ਮੰਟਾ ਵੀ ਹਾਜ਼ਰ ਸਨ।

×