ਨਰਮਾ ਉਤਪਾਦਕਾਂ ਦੀ ਹਾਲਾਤ ਤਰਸਯੋਗ ਕਿਉਂਕਿ ’ਕਠਪੁਤਲੀ ਮੁੱਖ ਮੰਤਰੀ’ ਆਪਣੇ ਆਕਾ ਦਾ ਹੋਰ ਰਾਜਾਂ ਵਿਚ ਪ੍ਰਚਾਰ ਕਰਨ ’ਤੇ ਰੁੱਝਾ: ਸੁਖਬੀਰ
ਅਕਾਲੀ ਦਲ ਮੁਖੀ ਨੇ ਨਰਮੇ ਦੇ ਖੇਤਾਂ ਦਾ ਕੀਤਾ ਦੌਰਾ
ਬੱਲੂਆਣਾ (ਫਾਜ਼ਿਲਕਾ), 14 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਤਜਵੀਜ਼ਸ਼ੁਦਾ ਵਿਧਾਨ ਸਭਾ ਇਜਲਾਸ ਨੂੰ ਸਸਤੀ ਸ਼ੋਹਰਤ ਵਾਸਤੇ ਸੱਦਿਆ ਬੇਤੁਕਾ ਇਜਲਾਸ ਕਰਾਰ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆ ਕੇ ਪਹਿਲਾਂ ਕਸੂਤੇ ਫਸੇ ਨਰਮਾ ਉਤਪਾਦਕਾਂ ਦੇ ਹੋਰ ਕਿਸਾਨਾਂ ਦਾ ਹਾਲ ਪੁੱਛਣ ਜੋ ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਬੁਰੇ ਉਲਝੇ ਹਨ।
ਭਗਵੰਤ ਮਾਨ ਨਾਲ ਐਸ ਵਾਈ ਐਲ ’ਤੇ ਬਹਿਸ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਠਪੁਤਲੀ ਮੁੱਖ ਮੰਤਰੀ ਜਿਸ ਕੋਲ ਕੋਹੀ ਤਾਕਤ ਨਹੀਂ ਤੇ ਨਾ ਹੀ ਕੋਈ ਫੈਸਲਾ ਲੈਣ ਦੀ ਦਲੇਰੀ ਹੈ, ਉਸ ਨਾਲ ਬਹਿਸ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਕਿਹਾ ਕਿ ਉਹਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਆਕਾ ਤੇ ’ਅਸਲ ਮੁੱਖ ਮੰਤਰੀ’ ਅਰਵਿੰਦ ਕੇਜਰੀਵਾਲ ਨੂੰ ਸਾਡੇ ਸਾਹਮਣੇ ਲਿਆਵੇ, ਅਸੀਂ ਬਹਿਸ ਵਾਸਤੇ ਤਿਆਰ ਹਾਂ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਦਾ ਆਉਂਦਾ ਦੋ ਰੋਜ਼ਾ ਇਜਲਾਸ ਸਿਰਫ ਇਕ ਵਿਅਕਤੀ ਭਗਵੰਤ ਮਾਨ ਦੀ ਹਊਮੈ ਸ਼ਾਂਤ ਕਰਨ ਵਸਤੇ ਹੈ ਜੋ ਚਾਹੁੰਦਾ ਹੈ ਕਿ ਸਿਰਫ ਉਸਦਾ ਲਾਈਵ ਭਾਸ਼ਣ ਚੱਲੇ ਜੋ ਧੱਕੇ ਨਾਲ ਚਲਾਇਆ ਜਾਵੇ ਤੇ ਹੋਰ ਸਭ ਨੂੰ ਜਾਂ ਤਾਂ ਖਾਮੋਸ਼ ਕਰ ਦਿੱਤਾ ਜਾਵੇ ਜਾਂ ਅਣਡਿੱਠ ਕਰ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਸੈਸ਼ਨ ਦਾ ਸਤਲੁਜ ਯਮੁਨਾ ਲਿੰਕ (ਐਸ ਵਾਈ ਐਲ) ਨਹਿਰ ਨਾਲ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਰਾਜਪਾਲ ਨੇ ਪਹਿਲਾਂ ਹੀ ਉਸਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਪਿਛਲੇ ਸੈਸ਼ਨ ਵਾਂਗੂ ਰਾਜਪਾਲ ਸਦਨ ਵਿਚ ਹੋਣ ਵਾਲੇ ਕੰਮਾਂ ਨੂੰ ਕੋਈ ਮਨਜ਼ੂਰੀ ਨਹੀਂ ਦੇਣਗੇ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬਹੁਤ ਸਪਸ਼ਟ ਹਾਂ ਕਿ ਮੈਨੂੰ ਐਸ ਵਾਈ ਐਲ ਦੇ ਮਾਮਲੇ ’ਤੇ ਬਾਰੀਕੀ ਨਾਲ ਬਹਿਸ ਕਰਨ ਵਿਚ ਕੋਈ ਹਰਜ਼ ਨਹੀਂ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਇਹ ਬਹਿਸ ਭਗਵੰਤ ਮਾਨ ਵਰਗੀ ਕਠਪੁਤਲੀ ਨਾਲ ਹੋਵੇ। ਉਹਨਾਂ ਕਿਹਾ ਕਿ ਇਹ ਚੰਗਾ ਹੋਵੇਗਾ ਜੇਕਰ ਆਪ ਆਪਣੇ ’ਅਸਲ ਮੁੱਖ ਮੰਤਰੀ’ ਅਰਵਿੰਦ ਕੇਜਰੀਵਾਲ ਨੂੰ ਮੇਰੇ ਖਿਲਾਫ ਮੈਦਾਨ ਵਿਚ ਨਿਤਾਰੇ। ਉਹਨਾਂ ਕਿਹਾ ਕਿ ਮੈਂ ਐਸ ਵਾਈ ਐਲ ਨਹਿਰ ਦੇ ਹਰ ਪਹਿਲੂ ’ਤੇ ਦਰਿਆਈ ਪਾਣੀਆਂ ਦੀ ਵੰਡ ’ਤੇ ਕੇਜਰੀਵਾਲ ਨਾਲ ਬਹਿਸ ਵਾਸਤੇ ਤਿਆਰ ਹਾਂ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ’ਤੇ ਬਹੁਤ ਸਪਸ਼ਟ ਹੈ। ਨਾ ਤਾਂ ਸਾਡੇ ਕੋਲ ਇਕ ਵੀ ਬੂੰਦ ਪਾਣੀ ਹੈ ਤੇ ਨਾ ਹੀ ਪੰਜਾਬ ਵਿਚ ਕੋਈ ਐਸ ਵਾਈ ਐਲ ਨਹਿਰ ਹੈ ਜਿਸ ਤੋਂ ਹਰਿਆਣਾ ਨੂੰ ਪਾਣੀ ਦਿੱਤਾ ਜਾ ਸਕੇ। ਉਹਨਾਂ ਕਿਹਾਕਿ ਇਸ ਮੁਤਾਬਕ ਅਸੀਂ ਕਿਸੇਵੀ ਕੇਂਦਰੀ ਟੀਮ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਸਾਡੇ ਦਰਿਆਈ ਪਾਣੀ ਸਾਡੇ ਤੋਂ ਖੋਹਣ ਵਾਸਤੇ ਕੋਈ ਸਰਵੇਖਣ ਕਰਨ ਦਿਆਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਬੱਲੂਆਣਾ ਹਲਕੇ ਵਿਚ ਨਰਮੇ ਦੇ ਖੇਤਾਂ ਦਾ ਵੀ ਦੌਰਾ ਕੀਤਾ ਜਿਥੇ ਕਿਸਾਨ ਗੁਲਾਬੀ ਸੁੰਢੀ ਦੇ ਹਮਲੇ ਤੋਂ ਪ੍ਰੇਸ਼ਾਨ ਹਨ। ਕਿਸਾਨਾਂ ਨਾਲ ਹਮਦਰਦੀ ਤੇ ਇਕਜੁੱਟਤਾ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋ਼ ਅਰਵਿੰਦ ਕੇਜਰੀਵਾਲ ਦਾ ਡ੍ਰਾਈਵਰ ਬਣ ਕੇ ਉਸਨੂੰ ਵੱਖ-ਵੱਖ ਰਾਜਾਂ ਵਿਚ ਪੰਜਾਬ ਸਰਕਾਰ ਦੇ ਖਰਚੇ ’ਤੇ ਲੈ ਕੇ ਜਾਂਦੇ ਰਹਿਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਹਾਲੇ ਤੱਕ ਗੁਲਾਬੀ ਸੁੰਢੀ ਦੇ ਹਮਲੇ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ’ਕਠਪੁਤਲੀ ਮੁੱਖ ਮੰਤਰੀ’ ਪਹਿਲਾਂ ਵੀ ਕਈ ਵਾਰ ਕਿਸਾਨਾਂ ਨੂੰ ਫੇਲ੍ਹ ਕਰ ਚੁੱਕਾ ਹੈ।ਉਹਨਾਂ ਕਿਹਾ ਕਿ ਕਿਸਾਨ ਵਾਰ ਵਾਰ ਜੁਲਾਈ ਵਿਚ ਆਏ ਹੜ੍ਹਾਂ ਕਾਰਨ ਹੋਏ ਝੋਨੇ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਇਹ ਦੂਜੀ ਵਾਰ ਹੈ ਕਿ ਗੁਲਾਬੀ ਸੁੰਢੀ ਦਾ ਹੋਇਆ ਹੈ ਪਰ ਸਰਕਾਰ ਨੇਹਾਲੇ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਬਲਾਕ ਪੱਧਰੀ ਦੌਰੇ ਸ਼ੁਰੂ ਕਰਨ ਜੋ ਪਿਛਲੇ ਦੋ ਸਾਲਾਂ ਤੋਂ ਬੰਦ ਪਏ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਖੇਤਾਂ ਵਿਚ ਆ ਕੇ ਵੇਖਣ ਕਿ ਕਿਵੇਂ ਕਿਸਾਨ ਮੁਸੀਬਤਾਂ ਮਾਰੇ ਹਨ। ਉਹਨਾਂ ਕਿਹਾ ਕਿ ਕਿਸਾਨ ਇਸ ਕਰ ਕੇ ਹੋਰ ਕਰਜ਼ਈ ਹੋ ਰਹੇ ਹਨ ਕਿਉਂਕਿ ਤੁਸੀਂ ਸੰਕਟ ਵੇਲੇ ਉਹਨਾਂ ਦੀ ਬਾਂਹ ਫੜਨ ਵਿਚ ਨਾਕਾਮ ਸਾਬਤ ਹੋਏ ਹੋ। ਉਹਨਾਂ ਕਿਹਾ ਕਿ ਤੁਸੀਂ ਵੇਖੋ ਕਿਸ ਤਰੀਕੇ ਤੁਹਾਡੇ ਮੰਤਰੀਆਂ ਤੇ ਵਿਧਾਇਕ ਨਸ਼ਿਆਂ ਦੀ ਬੁਰਾਈ ਵਿਚ ਲੱਗੇ ਹਨ ਤੇ ਇਸਦੀ ਪੁਸ਼ਤਪਨਾਹੀ ਕਰ ਰਹੇ ਹਨ।ਉਹਨਾਂ ਕਿਹਾਕਿ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਆਪਣੀਆਂ ਅਸਫਲਤਾਵਾਂ ’ਤੇ ਪਰਦੇ ਪਾਉਣ ਨਾਲ ਕੰਮ ਕਰ ਕੇ ਵਿਖਾਓ।
ਪਾਰਟੀ ਦੇ ਬੱਲੂਆਣਾ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਤੇ ਨਵੇਂ ਨਿਯੁਕਤ ਅਬੋਹਰ ਹਲਕੇ ਦੇ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਅਤੇ ਕੌਰ ਸਿੰਘ ਬਾਹਾਵਾਲਾ ਵੀ ਮੌਕੇ ’ਤੇ ਹਾਜ਼ਰ ਸਨ।