ਮੁੱਖ ਮੰਤਰੀ ਪੰਜਾਬ ਨੇ ਆਪਣੇ ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਸਮੇਤ ਸੰਯੁਕਤ ਕਿਸਾਨ ਮੋਰਚਾ ਨਾਲ ਵਿਸਥਾਰ ਸਹਿਤ ਕਿਸਾਨੀ ਮਸਲੇ ਵਿਚਾਰੇ
ਚੰਡੀਗੜ੍ਹ 19 ਦਸੰਬਰ ( ) ਅੱਜ ਪੰਜਾਬ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੈਨਲ ਮੀਟਿੰਗ ਹੋਈ। ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਕੱਤਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਕਿਸਾਨਾਂ ਦੇ ਮੰਗਾਂ ਮਸਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਲਈ ਇੱਕ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।ਇਸ ਕਮੇਟੀ ਵਿੱਚ ਸੂਬੇ ਦੇ ਖੇਤੀਬਾੜੀ ਮੰਤਰੀ ਤੋਂ ਇਲਾਵਾ ਤਿੰਨ ਅਧਿਕਾਰੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਪੰਜ ਕਿਸਾਨ ਆਗੂ ਸ਼ਾਮਲ ਹੋਣਗੇ। ਸੰਯੁਕਤ ਕਿਸਾਨ ਮੋਰਚਾ ਵਲੋਂ ਇਨ੍ਹਾਂ ਪੰਜ ਆਗੂਆਂ ਦੇ ਨਾਂ ਮੀਟਿੰਗ ਕਰਕੇ ਤੈਅ ਕਰਨ ਮਗਰੋਂ ਦਿੱਤੇ ਜਾਣਗੇ।
ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੰਗ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਬਾਰੇ ਸੀ। ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਵਿਸਥਾਰ ਵਿੱਚ ਮੁੱਖ ਮੰਤਰੀ ਦੇ ਧਿਆਨ ਵਿੱਚ ਮਾਮਲਾ ਲਿਆਉਣ ਮਗਰੋਂ ਪੰਜਾਬ ਸਰਕਾਰ ਨੇ ਸੂਬਾਈ ਪੱਧਰ ਤੇ ਵਿਸ਼ੇਸ਼ ਖੇਤੀਬਾੜੀ ਸਕੱਤਰ ਸ੍ਰੀ ਸਈਅਮ ਅਗਰਵਾਲ ਨੂੰ ਨੋਡਲ ਅਫਸਰ ਨਿਯੁਕਤ ਕਰਕੇ 31 ਮਾਰਚ ਤੱਕ ਇਹ ਮਾਮਲਾ ਹੱਲ ਕਰਨ ਦੀ ਹਦਾਇਤ ਕੀਤੀ ਗਈ।ਇਸੇ ਤਰ੍ਹਾਂ ਪੁਲਿਸ ਕੇਸਾਂ ਦੇ ਨਿਪਟਾਰੇ ਲਈ ਪੁਲਿਸ ਅਧਿਕਾਰੀ ਜਸਕਰਨ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਕਿਸਾਨਾਂ ਸਿਰ ਚੜੇ ਕਰਜ਼ੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨੂੰ ਫੌਰੀ ਰਾਹਤ ਵਜੋਂ ਸਹਿਕਾਰੀ ਅਦਾਰਿਆਂ ਦੇ ਕਰਜ਼ੇ ਦੇ ਨਿਪਟਾਰੇ ਲਈ ਇੱਕ ਮੁਸ਼ਤ ਕਰਜ਼ ਨਿਬੇੜੂ ਯੋਜਨਾ ਲਈ ਸਿਧਾਂਤਕ ਸਹਿਮਤੀ ਦਿੰਦਿਆਂ ਵੀ ਮੁੱਖ ਸਕੱਤਰ ਨੂੰ ਇਸ ਸਬੰਧੀ ਦੂਜੇ ਬੈਂਕਾਂ ਦੀ ਇਸ ਸਬੰਧੀ ਨੀਤੀ ਅਤੇ ਨਾਬਾਰਡ ਨਾਲ ਸਲਾਹ ਮਸ਼ਵਰਾ ਕਰਕੇ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਮੌਕੇ ਤੇ ਜਾਰੀ ਕੀਤੀ।
ਜ਼ਮੀਨਾਂ ਦੇ ਤਕਸੀਮ ਦੇ ਕੇਸਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਜਿੱਥੇ ਕੋਈ ਵਿਵਾਦ ਨਹੀਂ ਹੈ, ਉਹ ਤਕਸੀਮ ਦੇ ਕੇਸ ਪਿੰਡਾਂ ਵਿੱਚ ਕੈਂਪ ਲਗਾ ਕੇ ਸਮਾਂਬੱਧ ਤਰੀਕੇ ਨਾਲ ਹੱਲ ਕੀਤੇ ਜਾਣ ਅਤੇ ਸਮੇਂ ਸਿਰ ਕਾਰਵਾਈ ਨਾ ਕਰਨ ਵਾਲੇ ਅਫਸਰਾਂ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਕਿ ਪਿੰਡਾਂ ਵਿੱਚ 01/01/2024 ਤੋਂ 13/04/2024 ਤੱਕ ਕੈਂਪ ਲਗਾ ਕੇ ਤਕਸੀਮ ਬਗੈਰਾ ਦੇ ਨਿਰਵਿਵਾਦ ਕੇਸ ਹੱਲ ਕੀਤੇ ਜਾਣਗੇ।
ਸਰਹੰਦ ਫੀਡਰ ਤੇ ਲਿਫਟ ਪੰਪਾਂ ਵਾਲੀਆਂ ਮੋਟਰਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਤੇ ਵਾਅਦਾ ਕੀਤਾ ਗਿਆ ਕਿ ਇੱਕ ਜਨਵਰੀ ਤੋਂ ਇਹਨਾਂ ਮੋਟਰਾਂ ਨੂੰ ਖੇਤੀਬਾੜੀ ਕਨੈਕਸ਼ਨ ਐਲਾਨ ਕੇ ਬਿੱਲ ਮਾਫ ਕਰ ਦਿੱਤੇ ਜਾਣਗੇ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਕੀਤੀ ਗਈ ਸੀ ਕਿ ਖਾਦਾਂ ਦੇ ਨਾਲ ਨੈਨੋ ਪੈਕਿੰਗ ਦੇਣੀ ਬੰਦ ਕੀਤੀ ਜਾਵੇ। ਇਸ ਤੇ ਤੁਰੰਤ
ਪਾਬੰਦੀ ਲਾਉਣ ਦਾ ਫੈਸਲਾ ਕਰਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਇਸ ਉੱਪਰ ਅਮਲ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ ਗਿਆ। ਇਸੇ ਤਰ੍ਹਾਂ ਨਕਲੀ ਕੀੜੇ ਮਾਰ ਅਤੇ ਨਦੀਨ ਨਾਸ਼ਕ ਦਵਾਈਆਂ, ਬੀਜ ਅਤੇ ਖਾਦਾਂ ਦੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਨੇ ਮੋਬਾਇਲ ਸੈਂਪਲ ਵੈਨਾਂ ਦੇ ਪਾਇਲਟ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੇ ਨਾਲ ਹੀ ਡਾਇਰੈਕਟਰ ਖੇਤੀਬਾੜੀ ਨੂੰ ਹਦਾਇਤਾਂ ਕੀਤੀਆਂ ਕਿ ਉਲੰਘਣਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਮੁੜ ਤੋਂ 12 ਬੋਰ ਦੇ ਹਥਿਆਰ ਦਾ ਲਾਇਸੰਸ ਦੇਣ ਅਤੇ ਪਿੰਡਾਂ ਦੇ ਕਲਸਟਰ ਬਣਾ ਸਮੁੱਚੀ ਪ੍ਰਕਿਰਿਆਂ ਨੂੰ ਸਰਲ ਬਣਾਉਣ ਦੀ ਮੰਗ ਨੂੰ ਵੀ ਮੰਨਦਿਆਂ ਹੋਇਆਂ ਇਸ ਸਬੰਧੀ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਦਿਸ਼ਾ ਨਿਰਦੇਸ਼ ਦਿੱਤੇ।
ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ 31 ਮਾਰਚ 2024 ਤੱਕ ਕੋਈ ਨਾ ਕੋਈ ਹੱਲ ਕੱਢਣ ਦਾ ਵਾਅਦਾ ਕੀਤਾ ਗਿਆ। ਸੜਕਾਂ ਤੇ ਪਸ਼ੂ ਖੁੱਲੇ ਛੱਡਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੂੰ ਹੜ੍ਹਾਂ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ 31 ਮਾਰਚ 2024 ਤੱਕ ਦੇਣ ਦਾ ਵਾਅਦਾ ਕੀਤਾ ਗਿਆ। ਗੰਨੇ ਦੇ ਖਰਾਬੇ ਲਈ ਗਿਰਦਾਵਰੀ ਕਰਨ ਸਬੰਧੀ ਚਿੱਠੀ ਜਾਰੀ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਸਹਿਕਾਰੀ ਸੁਸਾਇਟੀਆਂ ਵਿੱਚ ਨਵੇਂ ਖਾਤੇ ਖੋਲਣ ਤੇ ਲਾਈ ਪਾਬੰਦੀ ਹਟਾਉਣ ਦੀ ਮੰਗ ਨੂੰ ਮੰਨਦਿਆਂ ਇੱਕ ਜਨਵਰੀ 2024 ਤੋਂ ਇਸ ਉੱਪਰ ਲੱਗੀ ਪਾਬੰਦੀ ਹਟਾ ਦਿੱਤੀ ਜਾਵੇਗੀ ਅਤੇ ਨਵੇਂ ਕਿਸਾਨ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣ ਸਕਣਗੇ।
ਆਬਾਦਕਾਰਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਸਬੰਧੀ ਵੀ ਸਰਕਾਰ ਇੱਕ ਸਬ ਕਮੇਟੀ ਬਣਾਵੇਗੀ ਅਤੇ ਜ਼ਮੀਨਾਂ ਦੇ ਮਾਹਿਰ ਵਿਅਕਤੀਆਂ ਕੋਲੋਂ ਸਲਾਹ ਮਸ਼ਵਰਾ ਲ਼ੈ ਕੇ ਮਸਲੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਰਕਾਰ ਪਾਣੀਆਂ ਤੇ ਮਾਲਕੀ ਦਾ ਹੱਕ ਜਤਾਵੇ ਅਤੇ ਡੈਮ ਸੇਫਟੀ ਐਕਟ ਰੱਦ ਕਰਵਾਉਣ ਲਈ ਕੇਂਦਰ ਤੇ ਜ਼ੋਰ ਪਾਵੇ। ਸਰਕਾਰ ਵੱਲੋਂ ਕਿਹਾ ਗਿਆ ਕਿ ਉਹ ਕੇਂਦਰ ਨਾਲ ਪਾਣੀਆਂ ਦੀ ਲੜਾਈ ਪੂਰੀ ਦ੍ਰਿੜਤਾ ਨਾਲ ਲੜੇਗੀ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਮੰਗ ਕੀਤੀ ਗਈ ਕਿ ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਕੇਂਦਰ ਤੇ ਜ਼ੋਰ ਪਾਵੇ ਅਤੇ ਬਿਜਲੀ ਵੰਡ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਲਾਇਸੰਸ ਦੇਣ ਦੀ ਕੇਂਦਰ ਦੀ ਨੀਤੀ ਪੰਜਾਬ ਵਿੱਚ ਲਾਗੂ ਨਾ ਕੀਤੀ ਜਾਵੇ। ਇਸ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਵੰਡ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਦਾਖਲ ਨਹੀਂ ਕੀਤਾ ਜਾਵੇਗਾ। ਚਿਪ ਵਾਲੇ ਸਮਾਰਟ ਮੀਟਰਾਂ ਸਬੰਧੀ ਦੱਸਿਆ ਗਿਆ ਕਿ ਪੁਰਾਣੀ ਕਿਸਮ ਦੇ ਮੀਟਰ ਬਣਨੇ ਹੀ ਬੰਦ ਹੋ ਗਏ ਹਨ ਪਰ ਪੰਜਾਬ ਸਰਕਾਰ ਸਮਾਰਟ ਮੀਟਰਾਂ ਨੂੰ ਪ੍ਰੀਪੇਡ ਵਿੱਚ ਨਹੀਂ ਬਦਲੇਗੀ।
ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਡਾਕਟਰ ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਸੁਖ ਗਿੱਲ ਮੋਗਾ, ਅੰਗਰੇਜ਼ ਸਿੰਘ ਮੋਹਾਲੀ,ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਲਵਿੰਦਰ ਸਿੰਘ ਰਾਜੂ ਔਲਖ, ਸਤਨਾਮ ਸਿੰਘ ਸਾਹਨੀ , ਡਾ.ਸਤਨਾਮ ਸਿੰਘ ਅਜਨਾਲ, ਗੁਰਦਰਸ਼ਨ ਸਿੰਘ, ਬੂਟਾ ਸਿੰਘ ਸ਼ਾਦੀਪੁਰ, ਸਤਿਨਾਮ ਸਿੰਘ ਬਹਿਰੂ , ਜੰਗਵੀਰ ਸਿੰਘ ਚੌਹਾਨ,ਕੁਲਦੀਪ ਸਿੰਘ ਵਜੀਦਪੁਰ, ਬਿੰਦਰ ਸਿੰਘ ਗੋਲੇਵਾਲਾ, ਜਗਮਨਦੀਪ ਸਿੰਘ ਪੜ੍ਹੀ , ਗੁਰਵਿੰਦਰ ਸਿੰਘ ਬੱਲੋ, ਹਰਜੀਤ ਸਿੰਘ ਰਵੀ, ਨਿਰਵੈਲ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਕਿਰਨਜੀਤ ਸਿੰਘ ਸੇਖੋਂ ਅਤੇ ਰਛਪਾਲ ਸਿੰਘ ਹਾਜ਼ਰ ਸਨ।
ਜਾਰੀ ਕਰਤਾ: ਸੰਯੁਕਤ ਕਿਸਾਨ ਮੋਰਚਾ, ਪੰਜਾਬ।