ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੀ ਰਾਜਨੀਤੀ ਦੀ ਚਰਚਾ ਅੱਜ ਪੂਰੇ ਦੇਸ਼ ਵਿੱਚ ਕੀਤੀ ਜਾਂਦੀ ਹੈ- ਕੇਜਰੀਵਾਲ
ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਮੈਂ ਮੁੱਖ ਮੰਤਰੀ ਬਣਾਂਗਾ ਜਾਂ ਨਹੀਂ, ਮੇਰੀ ਚਿੰਤਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ, ਗ਼ਰੀਬਾਂ ਦਾ ਮੁਫ਼ਤ ਇਲਾਜ ਅਤੇ 24 ਘੰਟੇ ਬਿਜਲੀ ਦਾ ਕੀ ਬਣੇਗਾ? – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਜਨਮ ਸੰਵਿਧਾਨ ਦਿਵਸ ‘ਤੇ ਹੋਇਆ, ਇਹ ਆਮ ਲੋਕਾਂ ਦੀ ਪਾਰਟੀ ਹੈ, ਇਸ ਦਾ ਚੋਣ ਨਿਸ਼ਾਨ ਝਾੜੂ ਹੈ, ਜਿਸ ਨਾਲ ਅਸੀਂ ਪੂਰੇ ਦੇਸ਼ ਨੂੰ ਸਾਫ਼ ਕਰਨਾ ਹੈ – ਕੇਜਰੀਵਾਲ
ਦੇਸ਼ ਦੇ ਹਰ ਆਮ ਆਦਮੀ ਦੀ ਉਮੀਦ ਬਣ ਚੁੱਕੀ “ਆਮ ਆਦਮੀ ਪਾਰਟੀ” ਅੱਜ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਪਾਰਟੀ ਹੈ-ਕੇਜਰੀਵਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਰਟੀ ਵਰਕਰਾਂ ਨੂੰ ਸਥਾਪਨਾ ਦਿਵਸ ਦੀ ਦਿੱਤੀ ਵਧਾਈ
ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ‘ਚੋਂ ਉੱਭਰੀ ਇੱਕ ਪਾਰਟੀ ਹੈ ਜਿਸ ਦੇ ਵਿਚਾਰ ਅੱਜ ਪੂਰੇ ਦੇਸ਼ ਵਿੱਚ ਗੂੰਜ ਰਹੇ ਹਨ-ਭਗਵੰਤ ਮਾਨ
ਦੇਸ਼ ਦੇ ਆਮ ਨਾਗਰਿਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਅਤੇ ਸੰਵਿਧਾਨ ਨੂੰ ਬਚਾਉਣ ਲਈ ਅੱਜ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਲਗਾਤਾਰ ਕੰਮ ਕਰ ਰਹੀ ਹੈ – ਡਾ: ਸੰਦੀਪ ਪਾਠਕ
ਆਮ ਆਦਮੀ ਪਾਰਟੀ ਵੱਲੋਂ ਸੰਵਿਧਾਨ ਦਿਵਸ ਅਤੇ ਸਥਾਪਨਾ ਦਿਵਸ ਮੌਕੇ ਸੰਕਲਪ ਸਭਾ ਦਾ ਕੀਤਾ ਆਯੋਜਨ
ਨਵੀਂ ਦਿੱਲੀ/ਚੰਡੀਗੜ੍ਹ, 26 ਨਵੰਬਰ 2024
ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਮੰਗਲਵਾਰ ਨੂੰ ਪਾਰਟੀ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵੱਡੇ ਆਗੂ ਹੈੱਡਕੁਆਟਰ ‘ਤੇ ਇਕੱਠੇ ਹੋਏ ਅਤੇ ਸੰਵਿਧਾਨ ਦਿਵਸ ‘ਤੇ ਬਣੀ ਆਮ ਆਦਮੀ ਪਾਰਟੀ ਦੇ 13ਵੇਂ ਸਥਾਪਨਾ ਦਿਵਸ ‘ਤੇ ਸਮੂਹ ਸਮਰਥਕਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਬਣੀ ਨੂੰ 12 ਸਾਲ ਹੋ ਗਏ ਹਨ। ਇਨ੍ਹਾਂ 12 ਸਾਲਾਂ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਅਸੀਂ ਇਸ ਦੇਸ਼ ਨੂੰ ਇਮਾਨਦਾਰੀ ਵਾਲਾ ਮਾਡਲ ਆੱਫ਼ ਗਵਰਨੈਂਸ ਦਿੱਤਾ ਹੈ। ਇਸ ਮਾਡਲ ਵਿੱਚ, ਅਸੀਂ ਆਮ ਆਦਮੀ ਦੇ ਪਰਿਵਾਰ ਦੇ ਮੈਂਬਰ ਬਣ ਕੇ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਕੁਝ ਸਹੂਲਤ ਪ੍ਰਦਾਨ ਕੀਤੀ, ਦਿੱਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਅਤੇ ਬਜਟ ਨੂੰ ਵੀ ਮੁਨਾਫ਼ੇ ਵਿੱਚ ਰੱਖਿਆ। ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੀ ਸਿਆਸਤ ਦੀ ਅੱਜ ਦੇਸ਼ ਭਰ ਵਿੱਚ ਚਰਚਾ ਹੈ। ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਮੈਂ ਮੁੱਖ ਮੰਤਰੀ ਬਣਾਂਗਾ ਜਾਂ ਨਹੀਂ, ਮੇਰੀ ਚਿੰਤਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ, ਗ਼ਰੀਬਾਂ ਦਾ ਮੁਫ਼ਤ ਇਲਾਜ ਅਤੇ 24 ਘੰਟੇ ਬਿਜਲੀ ਦਾ ਕੀ ਬਣੇਗਾ ?
ਜਦੋਂ ਰੱਬ ਨੂੰ ਲੱਗਾ ਕਿ ਦੇਸ਼ ਦਾ ਸੰਵਿਧਾਨ ਖ਼ਤਰੇ ਵਿੱਚ ਹੈ ਤਾਂ ਉਸ ਨੇ ਸੰਵਿਧਾਨ ਦਿਵਸ ਦੇ ਦਿਨ ‘ਤੇ ਹੀ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ – ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਣੀ ਨੂੰ 12 ਸਾਲ ਹੋ ਗਏ ਹਨ। ਅੱਜ ਪਾਰਟੀ ਦਾ 13ਵਾਂ ਜਨਮਦਿਨ ਹੈ। ਅਜਿਹਾ ਲਗਦਾ ਹੈ ਜਿਵੇਂ ਇਹ ਕੱਲ੍ਹ ਹੀ ਬਣੀ ਸੀ। ਅੱਜ ਭਾਰਤ ਦਾ ਸੰਵਿਧਾਨ ਦਿਵਸ ਵੀ ਹੈ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਦਿਵਸ ਵਾਲੇ ਦਿਨ ਹੀ ਭਾਰਤ ਵਿੱਚ 60-70 ਸਾਲਾਂ ਬਾਅਦ ਇੱਕ ਨਵੀਂ ਪਾਰਟੀ ਦਾ ਜਨਮ ਹੋਇਆ। ਪਰਮਾਤਮਾ ਜੋ ਕੁਝ ਕਰਦਾ ਹੈ, ਉਸ ਵਿਚ ਪਰਮਾਤਮਾ ਦੀ ਕੋਈ ਨਾ ਕੋਈ ਮੰਸ਼ਾ ਹੁੰਦੀ ਹੈ। ਇਸ ਲਈ ਪ੍ਰਮਾਤਮਾ ਨੇ ਸੰਵਿਧਾਨ ਦਿਵਸ ‘ਤੇ ਹੀ ਆਮ ਆਦਮੀ ਪਾਰਟੀ ਬਣਾਈ, ਉਸ ਨੇ ਜ਼ਰੂਰ ਕੁਝ ਸੋਚ ਕੇ ਕੀਤਾ ਹੋਵੇਗਾ। ਰੱਬ ਵੀ ਮਹਿਸੂਸ ਕਰ ਰਿਹਾ ਹੋਵੇਗਾ ਕਿ ਸੰਵਿਧਾਨ ਖ਼ਤਰੇ ਵਿੱਚ ਹੈ, ਇਸ ਲਈ ਹੁਣ ਇੱਕ ਪਾਰਟੀ ਦੀ ਲੋੜ ਹੈ ਜੋ ਇਸ ਨੂੰ ਬਚਾਵੇ।
ਸੰਘਰਸ਼ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੁੰਦਾ, ਜੋ ਵੀ ਸਾਡੇ ਖ਼ਿਲਾਫ਼ ਚੱਲ ਰਿਹਾ ਹੈ, ਇਹ ਸੰਘਰਸ਼ ਸਾਡੀ ਕਿਸਮਤ ਵਿੱਚ ਹੀ ਲਿਖਿਆ ਹੈ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਿੱਚ ਤਿੰਨ ਵੱਡੀਆਂ ਗੱਲਾਂ ਅਹਿਮ ਹਨ। ਪਹਿਲਾਂ ਇਸ ਪਾਰਟੀ ਦਾ ਨਾਂ ਆਮ ਆਦਮੀ ਪਾਰਟੀ ਰੱਖਿਆ ਗਿਆ। ਇਹ ਆਮ ਲੋਕਾਂ ਦੀ ਪਾਰਟੀ ਹੈ, ਉਨ੍ਹਾਂ ਲੋਕਾਂ ਵਾਂਗ ਨਹੀਂ ਹੈ। ਆਮ ਲੋਕਾਂ ਨੇ ਇਕੱਠੇ ਹੋ ਕੇ ਇਸ ਨੂੰ ਬਣਾਇਆ। ਜਦੋਂ ਪਾਰਟੀ ਬਣੀ ਤਾਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਸ ਦਾ ਪਿਤਾ, ਦਾਦਾ ਜਾਂ ਪੜਦਾਦਾ ਆਗੂ ਹੋਵੇ। ਸਾਰੇ ਆਮ ਲੋਕ ਸਨ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਰਟੀ ਬਣਾਈ ਅਤੇ ਵਾਹਿਗੁਰੂ ਦੀ ਮੇਹਰ ਨਾਲ 12 ਸਾਲ ਬੀਤ ਗਏ ਅਤੇ ਇਸ ਦੌਰਾਨ ਬਹੁਤ ਕੁਝ ਪ੍ਰਾਪਤ ਹੋਇਆ। ਦੂਜਾ, ਝਾੜੂ ਇਸ ਦਾ ਚੋਣ ਨਿਸ਼ਾਨ ਹੈ, ਇਸ ਲਈ ਪ੍ਰਮਾਤਮਾ ਨੇ ਜ਼ਰੂਰ ਕੁਝ ਸੋਚਿਆ ਹੋਵੇਗਾ ਕਿ ਸੰਵਿਧਾਨ ਦਿਵਸ ਵਾਲੇ ਦਿਨ, ਆਮ ਆਦਮੀ ਪਾਰਟੀ ਅਤੇ ਝਾੜੂ ਚੋਣ ਨਿਸ਼ਾਨ ਹਨ, ਭਾਵ ਪ੍ਰਮਾਤਮਾ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਝਾੜੂ ਨੂੰ ਚੱਲਾਉਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਮਿਲ ਕੇ ਇਸ ਪੂਰੇ ਦੇਸ਼ ਨੂੰ ਸਾਫ਼ ਕਰਨਾ ਹੈ। ਜਦੋਂ ਤੁਸੀਂ ਦੇਸ਼ ਨੂੰ ਸਾਫ਼ ਕਰੋਗੇ ਅਤੇ ਕੂੜਾ ਬਾਹਰ ਕੱਢੋਗੇ, ਕੁਝ ਧੂੜ ਉੱਠੇਗੀ। ਸਾਨੂੰ ਸੰਘਰਸ਼ ਕਰਨਾ ਪਵੇਗਾ। ਸੰਘਰਸ਼ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸਾਡੇ ਵਿਰੁੱਧ ਜੋ ਵੀ ਹੋ ਰਿਹਾ ਹੈ, ਇਹ ਸੰਘਰਸ਼ ਸਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ।
ਅਸੀਂ ਸਾਬਤ ਕਰ ਦਿੱਤਾ ਕਿ ਸਰਕਾਰ ਇਮਾਨਦਾਰੀ ਨਾਲ ਅਤੇ ਮੁਨਾਫ਼ੇ ਵਿੱਚ ਵੀ ਚੱਲ ਸਕਦੀ ਹੈ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੋਈ ਪੁੱਛੇ ਕਿ 12 ਸਾਲਾਂ ‘ਚ ਕੀ ਹਾਸਲ ਕੀਤਾ? ਤਾਂ ਕੋਈ ਕਹੇਗਾ ਕਿ ਦੋ ਰਾਜਾਂ ਵਿੱਚ ਸਰਕਾਰ ਆਈ ਹੈ, ਗੁਜਰਾਤ ਵਿੱਚ ਪੰਜ ਵਿਧਾਇਕ ਆ ਗਏ ਹਨ। ਗੋਆ ਅਤੇ ਕਸ਼ਮੀਰ ਵਿੱਚ ਵਿਧਾਇਕ ਆਏ ਹਨ। ਇੱਥੇ-ਇੱਥੇ ਦੇ ਮੇਅਰ ਬਣ ਗਏ। ਪਰ ਮੇਰੇ ਹਿਸਾਬ ਨਾਲ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ ਇਸ ਦੇਸ਼ ਨੂੰ ਅਜਿਹਾ ਮਾਡਲ ਆੱਫ ਗਵਰਨੈਂਸ ਦਿੱਤਾ ਹੈ ਕਿ ਸਰਕਾਰ ਇਸ ਤਰ੍ਹਾਂ ਚੱਲ ਵੀ ਸਕਦੀ ਹੈ। ਸਰਕਾਰ ਵੀ ਇਮਾਨਦਾਰੀ ਨਾਲ ਚਲ ਸਕਦੀ ਹੈ ਅਤੇ ਜੇਕਰ ਸਰਕਾਰ ਇਮਾਨਦਾਰੀ ਨਾਲ ਚੱਲੇ ਤਾਂ ਬਹੁਤ ਕੁਝ ਹੋ ਸਕਦਾ ਹੈ। ਸਰਕਾਰ ਨੂੰ ਘਾਟੇ ਵਿੱਚ ਚੱਲਣ ਦੀ ਲੋੜ ਨਹੀਂ, ਸਰਕਾਰ ਲਾਭ ਵਿੱਚ ਵੀ ਚੱਲ ਸਕਦੀ ਹੈ।
ਅੱਜ ਪੂਰੀ ਦੁਨੀਆ ਵਿੱਚ ਲੰਡਨ, ਨਿਊਯਾਰਕ ਅਤੇ ਟੋਕੀਓ ਨਾਲੋਂ ਵੱਧ ਸੀਸੀਟੀਵੀ ਕੈਮਰੇ ਦਿੱਲੀ ਵਿੱਚ ਹਨ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਇਸ ਦੇਸ਼ ਨੂੰ ਸ਼ਾਸਨ ਦਾ ਇੱਕ ਅਜਿਹਾ ਮਾਡਲ ਆੱਫ ਗਵਰਨੈਂਸ ਦਿੱਤਾ ਹੈ, ਜਿਸ ਵਿੱਚ ਇੱਕ ਪਾਸੇ ਅਸੀਂ ਆਮ ਆਦਮੀ ਦੇ ਪਰਿਵਾਰਕ ਮੈਂਬਰ ਅਤੇ ਮਿੱਤਰ ਬਣ ਗਏ ਹਾਂ ਅਤੇ ਉਸ ਦੇ ਰੋਜ਼ਾਨਾ ਜੀਵਨ ਵਿੱਚ ਕੁਝ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤ। ਪਾਣੀ ਦਾ ਬਿੱਲ ਮੁਆਫ਼ ਕੀਤੇ। ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹੇ-ਲਿਖੇ ਹੋਣ। ਇੱਕ ਆਦਮੀ ਆਪਣੇ ਬੱਚਿਆਂ ਲਈ ਇੱਕ ਸਮੇਂ ਦਾ ਇੱਕ ਭੋਜਨ ਵੀ ਛੱਡ ਦਿੰਦਾ ਹੈ।ਪੇਟ ਕੱਟ ਕੇ ਵੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਅਸੀਂ ਉਨ੍ਹਾਂ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ। ਇਕ ਆਦਮੀ ਚਾਹੁੰਦਾ ਹੈ ਕਿ ਜੇਕਰ ਉਸ ਦੇ ਘਰ ਕੋਈ ਬਿਮਾਰ ਹੋ ਜਾਵੇ ਤਾਂ ਉਸ ਦਾ ਸਹੀ ਇਲਾਜ ਹੋਵੇ, ਅਸੀਂ ਇਸ ਦਾ ਪ੍ਰਬੰਧ ਕੀਤਾ ਹੈ। ਇੱਕ ਪਾਸੇ ਅਸੀਂ ਇਹ ਸਭ ਕੀਤਾ, ਪਰ ਦੂਜੇ ਪਾਸੇ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਅਸੀਂ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਜਦੋਂ ਦਿੱਲੀ ਵਿੱਚ ਸਾਡੀ ਸਰਕਾਰ ਬਣੀ ਤਾਂ 200 ਕਿੱਲੋਮੀਟਰ ਮੈਟਰੋ ਲਾਈਨਾਂ ਸਨ, ਅੱਜ 450 ਕਿੱਲੋਮੀਟਰ ਮੈਟਰੋ ਲਾਈਨਾਂ ਹਨ। ਅਣਅਧਿਕਾਰਤ ਕਾਲੋਨੀਆਂ ਵਿੱਚ 10 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਈਆਂ। ਸਾਡੀ ਸਰਕਾਰ ਤੋਂ ਪਹਿਲਾਂ 65 ਸਾਲਾਂ ਵਿੱਚ ਦਿੱਲੀ ਦੇ ਅੰਦਰ 62 ਫਲਾਈਓਵਰ ਸਨ, ਅਸੀਂ ਨੌਂ ਸਾਲਾਂ ਵਿੱਚ 38 ਨਵੇਂ ਫਲਾਈਓਵਰ ਬਣਾਏ। ਕਈ ਕਿੱਲੋਮੀਟਰ ਸੀਵਰੇਜ ਦੀਆਂ ਪਾਈਪ ਲਾਈਨਾਂ ਵਿਛਾਈਆਂ ਗਈਆਂ ਅਤੇ ਨਾਲੀਆਂ ਬਣਾਈਆਂ ਗਈਆਂ। ਅੱਜ ਦਿੱਲੀ ਵਿੱਚ ਲੰਡਨ, ਨਿਊਯਾਰਕ ਅਤੇ ਟੋਕੀਓ ਨਾਲੋਂ ਕਈ ਜ਼ਿਆਦਾ ਸੀਸੀਟੀਵੀ ਕੈਮਰੇ ਹਨ।
ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਜਰਾਤ ਚੋਣਾਂ ਵਿਚ ਪ੍ਰਧਾਨ ਮੰਤਰੀ ਨੂੰ ਇਕ ਟੈਂਟ ਦਾ ਸਕੂਲ ਬਣਾ ਕੇ ਆਪਣੀ ਫ਼ੋਟੋ ਕਰਵਾਉਣੀ ਪਈ, ਇਸ ਦਾ ਮਤਲਬ ਹੈ ਕਿ ਸਕੂਲ ਦੀ ਰਾਜਨੀਤੀ ਚੱਲ ਪਈ ਹੈ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਜੋ ਗਵਰਨੈਂਸ ਮਾਡਲ ਦਿੱਤਾ ਹੈ, ਉਸ ਵਿੱਚ ਇੱਕ ਪਾਸੇ ਆਮ ਆਦਮੀ ਦੀ ਜ਼ਿੰਦਗੀ ਵਿੱਚ ਸੁਵਿਧਾਵਾਂ ਦਿੱਤੀਆਂ ਹਨ ਅਤੇ ਦੂਜੇ ਪਾਸੇ ਇਸ ਨੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਹੈ ਅਤੇ ਤੀਜੇ ਪਾਸੇ ਇਹ ਸਭ ਕੁਝ ਦੇਣ ਦੇ ਬਾਵਜੂਦ ਬਜਟ ਨੂੰ ਲਾਭ ਵਿੱਚ ਰੱਖਿਆ ਗਿਆ ਹੈ। ਅਸੀਂ ਦਿੱਲੀ ਦੇ ਬਜਟ ਨੂੰ ਘਾਟੇ ਵਿੱਚ ਨਹੀਂ ਜਾਣ ਦਿੱਤਾ। ਇਹ ਦਿੱਲੀ ਦਾ ਮਾਡਲ ਆਫ ਗਵਰਨੈਂਸ ਹੈ ਜੋ ਮੈਨੂੰ ਲੱਗਦਾ ਹੈ ਕਿ ਸਾਡਾ ਸਭ ਤੋਂ ਵੱਡਾ ਯੋਗਦਾਨ ਹੈ। ਉਹੀ ਲੋਕ ਜੋ ਸਾਨੂੰ ਗਾਲ੍ਹਾਂ ਕੱਢਦੇ ਸਨ ਅਤੇ ਸਾਨੂੰ ਮੁਫ਼ਤ ਦੀ ਰੇਵੜੀ ਕਹਿੰਦੇ ਸਨ, ਉਹੀ ਲੋਕ ਹੁਣ ਸਿਆਸਤ ਵਿੱਚ ਇਹ ਗੱਲਾਂ ਕਰਨ ਲੱਗ ਪਏ ਹਨ। ਇਨ੍ਹਾਂ ਲੋਕਾਂ ਨੇ ਸਕੂਲਾਂ ਦੀ ਗੱਲ ਵੀ ਸ਼ੁਰੂ ਕਰ ਦਿੱਤੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਜਰਾਤ ਚੋਣਾਂ ਦੌਰਾਨ ਖ਼ੁਦ ਪ੍ਰਧਾਨ ਮੰਤਰੀ ਨੂੰ ਛੋਟੇ ਟੈਂਟ ਦਾ ਸਕੂਲ ਬਣਵਾ ਕੇ ਫ਼ੋਟੋ ਖਿਚਵਾਉਣੀ ਪਈ ਸੀ। ਇਸ ਦਾ ਮਤਲਬ ਸਕੂਲ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਲੋਕ ਇਸ ਬਾਰੇ ਗੱਲ ਕਰਦੇ ਹਨ ਕਿ ਤੁਸੀਂ ਸਕੂਲ ਨਾਲ ਕੀ ਕੀਤਾ? ਲੋਕ ਹੁਣ ਰਾਜਨੀਤੀ ਵਿੱਚ ਸਕੂਲ ਬਾਰੇ ਪੁੱਛਦੇ ਹਨ, ਇਸੇ ਲਈ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ। ਲੋਕ ਹਸਪਤਾਲਾਂ ਬਾਰੇ ਪੁੱਛਦੇ ਹਨ।
ਅਸੀਂ ਲੋਕਾਂ ਵਿੱਚ ਸਿਰਫ਼਼ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਾਂ, ਇਸ ਲਈ ਸਾਡੇ ਵਰਕਰ ਇੰਨੇ ਜਨੂੰਨ ਨਾਲ ਕੰਮ ਕਰਦੇ ਹਨ-ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੇ ਮੁੱਦਿਆਂ ਨੂੰ ਰਾਜਨੀਤੀ ਵਿੱਚ ਲਿਆਂਦਾ ਹੈ। ਇਸ ਦੌਰਾਨ ਲੱਖਾਂ-ਕਰੋੜਾਂ ਅਜਿਹੇ ਚਿਹਰੇ ਹਨ ਜੋ ਕਦੇ ਸਾਹਮਣੇ ਨਹੀਂ ਆਏ। ਕਈ ਲੋਕ ਹਨ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਕੁਝ ਮੰਤਰੀ ਬਣੇ, ਕੁਝ ਮੁੱਖ ਮੰਤਰੀ ਬਣੇ, ਕੁਝ ਵਿਧਾਇਕ ਬਣੇ ਤੇ ਕੁਝ ਕੌਂਸਲਰ ਬਣ ਗਏ, ਪਰ ਬਹੁਤ ਸਾਰੇ ਲੋਕ ਕੁਝ ਨਹੀਂ ਬਣੇ। ਉਹ ਫਿਰ ਵੀ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ। ਕਿਉਂ ਕਰਦੇ ਰਹੇ? ਇਹ ਜਨੂੰਨ ਕਿੱਥੋਂ ਆਇਆ? ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਨੇਤਾ ਹੈ, ਉਹ ਕਹਿ ਰਿਹਾ ਸੀ ਕਿ ਪਤਾ ਨਹੀਂ ਕੇਜਰੀਵਾਲ ਆਪਣੇ ਵਰਕਰਾਂ ਨੂੰ ਕੀ ਖੁਆਉਂਦੇ ਹਨ ਕਿ ਉਹ ਇੰਨੇ ਜਨੂੰਨ ਨਾਲ ਕੰਮ ਕਰਦੇ ਹਨ। ਅਸੀਂ ਕੁਝ ਨਹੀਂ ਖੁਆਉਂਦੇ। ਅਸੀਂ ਸਿਰਫ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਾਂ।
ਸਾਡੇ ਵਰਕਰ ਇਹ ਸੋਚ ਕੇ ਕੰਮ ਨਹੀਂ ਕਰਦੇ ਕਿ ਉਨ੍ਹਾਂ ਨੇ ਮੁੱਖ ਮੰਤਰੀ, ਮੰਤਰੀ ਜਾਂ ਪਾਰਟੀ ਨੂੰ ਸੱਤਾ ਵਿਚ ਲਿਆਉਣਾ ਹੈ, ਸਗੋਂ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਨਾ ਹੈ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੋਈ ਆਮ ਆਦਮੀ ਜਾਂ ਆਮ ਵਲੰਟੀਅਰ ਆਮ ਆਦਮੀ ਪਾਰਟੀ ਲਈ ਕੰਮ ਕਰਦਾ ਹੈ ਤਾਂ ਉਹ ਇਹ ਸੋਚ ਕੇ ਕੰਮ ਨਹੀਂ ਕਰਦਾ ਕਿ ਉਹ ਆਮ ਆਦਮੀ ਪਾਰਟੀ ਲਈ ਕੰਮ ਕਰ ਰਿਹਾ ਹੈ। ਉਹ ਇਹ ਸੋਚ ਕੇ ਕੰਮ ਨਹੀਂ ਕਰਦਾ ਕਿ ਉਸ ਨੇ ਕਿਸੇ ਨੂੰ ਮੁੱਖ ਮੰਤਰੀ ਬਣਾਉਣਾ ਹੈ, ਮੰਤਰੀ ਬਣਾਉਣਾ ਹੈ ਜਾਂ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣਾ ਹੈ। ਸਗੋਂ ਉਹ ਇਹ ਸੋਚ ਕੇ ਕੰਮ ਕਰਦਾ ਹੈ ਕਿ ਉਹ ਦੇਸ਼ ਲਈ ਕੰਮ ਕਰ ਰਿਹਾ ਹੈ। ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਦਾ ਹੈ। ਅਤੇ ਜਦੋਂ ਮਨੁੱਖ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਦਾ ਹੈ, ਤਾਂ ਉਹ ਤਨ, ਮਨ, ਧਨ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਇਸ ਲਈ ਅਸੀਂ ਆਪਣੇ ਪਾਰਟੀ ਵਰਕਰਾਂ ਨੂੰ ਕੁਝ ਨਹੀਂ ਦੇ ਸਕਦੇ। ਮੈਨੂੰ ਦੂਜੀਆਂ ਪਾਰਟੀਆਂ ਬਾਰੇ ਪਤਾ ਲੱਗਾ ਹੈ ਕਿ ਉਹ ਪੈਸੇ ਅਤੇ ਤਨਖ਼ਾਹਾਂ ਵੀ ਦਿੰਦੀਆਂ ਹਨ। ਉਨ੍ਹਾਂ ਕੋਲ ਵੱਡੀ ਫ਼ੌਜ ਹੈ। ਅਸੀਂ ਕਿਸੇ ਨੂੰ ਕੁਝ ਨਹੀਂ ਦਿੰਦੇ। ਅਸੀਂ ਤਾਂ ਏਹੀ ਕਹਿੰਦੇ ਹਾਂ ਕੀ ਤੁਹਾਡੇ ਹੀ ਬੱਚੇ ਹਨ, ਤੁਹਾਡਾ ਹੀ ਦੇਸ਼ ਹੈ। ਹਰ ਕਿਸੇ ਦਾ ਦੇਸ਼ ਹੈ। ਜੇਕਰ ਤੁਸੀਂ ਆਮ ਆਦਮੀ ਪਾਰਟੀ ਲਈ ਕੰਮ ਕਰੋਗੇ ਤਾਂ ਦੇਸ਼ ਤਰੱਕੀ ਕਰੇਗਾ, ਨਹੀਂ ਤਾਂ ਇਹੀ ਪੈਟਰਨ ਚੱਲਦਾ ਰਹੇਗਾ।
ਜੇਕਰ ਸਾਡੀ ਸਰਕਾਰ ਚਲੀ ਗਈ ਤਾਂ ਉਸ ਉਮੀਦ ਦਾ ਕੀ ਬਣੇਗਾ ਜੋ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਵਿਚ ਜਗਾਈ ਹੈ-ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਹਰ ਛੇ ਮਹੀਨੇ ਦੇ ਅੰਦਰ ਸਾਡੀ ਸ਼ਰਧਾਂਜਲੀ ਲਿਖੀ ਜਾਂਦੀ ਹੈ ਕਿ ਹੁਣ ਤਾਂ ਗਏ, ਹੁਣ ਤਾਂ ਹਾਰ ਗਏ ਹਾਂ। ਤਿੰਨ-ਚਾਰ ਦਿਨ ਪਹਿਲਾਂ ਮੈਂ ਇੱਕ ਪੱਤਰਕਾਰ ਨੂੰ ਮਿਲਿਆ ਤਾਂ ਉਸ ਨੇ ਕਿਹਾ, ਕੇਜਰੀਵਾਲ ਜੀ, ਦਿੱਲੀ ਦਾ ਮਾਹੌਲ ਤਾਂ ਏਹੀ ਹੈ ਕਿ ਤੁਹਾਡੀ ਸਰਕਾਰ ਆ ਰਹੀ ਹੈ, ਦੋ-ਚਾਰ ਸੀਟਾਂ ਕਮ-ਜ਼ਿਆਦਾ ਹੋ ਸਕਦੀਆਂ ਹਨ। ਪਰ ਕੇਜਰੀਵਾਲ ਜੀ, ਹਾਰ ਗਏ ਤਾਂ ਤੁਹਾਡਾ ਕੀ ਬਣੇਗਾ? ਮੈਂ ਕਿਹਾ ਯਾਰ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਜੇ ਮੈਂ ਹਾਰ ਗਿਆ ਤਾਂ ਮੇਰਾ ਕੀ ਬਣੇਗਾ। ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਮੈਂ ਹਾਰ ਗਿਆ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਕੀ ਹੋਵੇਗਾ। ਪੂਰੇ ਦੇਸ਼ ਵਿੱਚ ਦਿੱਲੀ ਵਰਗੇ ਸਕੂਲ ਨਹੀਂ ਹਨ। ਬੜੀ ਮੁਸ਼ੱਕਤ ਨਾਲ ਅਸੀਂ ਦਸ ਸਾਲਾਂ ਦੇ ਅੰਦਰ ਇੰਨੀ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਜੇਕਰ ਸਾਡੀ ਸਰਕਾਰ ਚਲੀ ਗਈ ਤਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਕੀ ਬਣੇਗਾ, ਜਿਨ੍ਹਾਂ ਨੂੰ ਇਹ ਉਮੀਦ ਹੈ ਕਿ ਉਨ੍ਹਾਂ ਦਾ ਬੱਚਾ ਵੀ ਡਾਕਟਰ, ਇੰਜੀਨੀਅਰ, ਵਕੀਲ ਬਣੇਗਾ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਮੇਰਾ ਕੀ ਬਣੇਗਾ? ਮੈਂ ਇੱਥੇ ਸੱਤਾ ਲਈ ਨਹੀਂ ਆਇਆ ਅਤੇ ਨਾ ਹੀ ਆਮ ਆਦਮੀ ਪਾਰਟੀ ਵਿੱਚ ਕੋਈ ਸੱਤਾ ਲਈ ਆਇਆ ਹੈ। ਸਾਡੀ ਚਿੰਤਾ ਇਹ ਹੈ ਕਿ ਅੱਜ ਦਿੱਲੀ ਵਿੱਚ ਜਦੋਂ ਕਿਸੇ ਗ਼ਰੀਬ ਘਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਸਾਰੇ ਲੋਕਾਂ ਦਾ ਕੀ ਹੋਵੇਗਾ? ਫ਼ਿਲਹਾਲ ਉਨ੍ਹਾਂ ਨੂੰ ਪੈਸਿਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਰਵਾਉਂਦੇ ਹਨ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ 8 ਤੋਂ 10 ਘੰਟੇ ਬਿਜਲੀ ਕੱਟ ਲੱਗਦੇ ਸਨ। ਜੇਕਰ ਸਾਡੀ ਸਰਕਾਰ ਚਲੀ ਗਈ ਤਾਂ ਦਿੱਲੀ ਵਿੱਚ 8-10 ਘੰਟੇ ਦੇ ਬਿਜਲੀ ਕੱਟ ਮੁੜ ਸ਼ੁਰੂ ਹੋ ਜਾਣਗੇ। ਸਾਡੇ ਦੇਸ਼ ਦੀ ਰਾਜਧਾਨੀ ਦਾ ਕੀ ਬਣੇਗਾ, 2 ਕਰੋੜ ਲੋਕਾਂ ਦਾ ਕੀ ਹੋਵੇਗਾ। ਅੱਜ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਵਿੱਚ ਉਮੀਦ ਜਗਾਈ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਕੁਝ ਕਰੇਗੀ। ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਨੇ ਜੋ ਉਮੀਦ ਜਗਾਈ ਹੈ, ਉਸ ਦਾ ਕੀ ਬਣੇਗਾ? ਕੇਜਰੀਵਾਲ ਜਿੱਤੇ ਜਾਂ ਹਾਰੇ, ਇਹ ਛੋਟੀ ਗੱਲ ਹੈ। ਕੇਜਰੀਵਾਲ ਇੱਥੇ ਸੱਤਾ ਲਈ ਨਹੀਂ ਆਇਆ, ਇੱਥੇ ਮੁੱਖ ਮੰਤਰੀ ਬਣਨ ਨਹੀਂ ਆਇਆ। ਮੁੱਖ ਮੰਤਰੀ ਦੀ ਕੁਰਸੀ ਨੂੰ ਬਿਨਾਂ ਕਿਸੇ ਦਬਾਅ ਦੇ ਦੋ ਵਾਰ ਲੱਤ ਮਾਰੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਰਟੀ ਵਰਕਰਾਂ ਨੂੰ ਸਥਾਪਨਾ ਦਿਵਸ ਦੀ ਦਿੱਤੀ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ। ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ‘ਚੋਂ ਉੱਭਰੀ ਇੱਕ ਪਾਰਟੀ ਹੈ ਜਿਸ ਦੇ ਵਿਚਾਰ ਅੱਜ ਪੂਰੇ ਦੇਸ਼ ਵਿੱਚ ਗੂੰਜ ਰਹੇ ਹਨ। ਭਾਰਤ ਦੇ ਸੰਵਿਧਾਨ ਦਿਵਸ ‘ਤੇ ਪੈਦਾ ਹੋਈ ਪਾਰਟੀ ਨੇ ਜਿੱਥੇ ਆਮ ਲੋਕਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮੁਫ਼ਤ ਸਿਹਤ ਸੇਵਾਵਾਂ ਵਰਗੇ ਅਧਿਕਾਰ ਦਿੱਤੇ, ਉੱਥੇ ਹੀ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਵੀ ਕਰਵਾਇਆ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਪੂਰੀ ਮਿਹਨਤ ਅਤੇ ਲਗਨ ਨਾਲ ਅੱਗੇ ਵਧ ਰਹੀ ਹੈ। ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸਾਡੀ ਲੜਾਈ ਜਾਰੀ ਰਹੇਗੀ। ਆਓ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦੇਸ਼ ਅਤੇ ਸੂਬੇ ਨੂੰ ਹੋਰ ਬੇਹਤਰ ਬਣਾਉਣ ਦਾ ਸੰਕਲਪ ਲਈਏ। ਮੁੱਖ ਮੰਤਰੀ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦੇਸ਼ ਅਤੇ ਸੂਬੇ ਨੂੰ ਹੋਰ ਬੇਹਤਰ ਬਣਾਉਣ ਦਾ ਸੰਕਲਪ ਲਈਏ।
ਇਨ੍ਹਾਂ 12 ਸਾਲਾਂ ‘ਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹਰ ਵਾਰ ਅਸੀਂ ਮਜ਼ਬੂਤੀ ਨਾਲ ਸਾਹਮਣੇ ਆਏ – ਡਾ: ਸੰਦੀਪ ਪਾਠਕ
ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਡਾ: ਸੰਦੀਪ ਪਾਠਕ ਨੇ ਕਿਹਾ ਕਿ ਕਿਸੇ ਵੀ ਲੋਕਤੰਤਰ ਦਾ ਆਧਾਰ ਸੰਵਿਧਾਨ ਹੁੰਦਾ ਹੈ। ਜਿਸ ਦੇਸ਼ ਵਿੱਚ ਸੰਵਿਧਾਨ ਦੀ ਸੁਰੱਖਿਆ ਹੁੰਦਾ ਹੈ ਅਤੇ ਸੰਵਿਧਾਨ ਸੁਰੱਖਿਅਤ ਹੁੰਦਾ ਹੈ, ਉਹ ਦੇਸ਼ ਤਰੱਕੀ ਕਰਦਾ ਹੈ। ਸੰਵਿਧਾਨ ਦੀ ਰਾਖੀ ਦੀ ਜ਼ਿੰਮੇਵਾਰੀ ਕਿਸੇ ਇੱਕ ਸਿਆਸੀ ਪਾਰਟੀ ਦੀ ਨਹੀਂ ਹੈ, ਸਗੋਂ ਇਸ ਦੇਸ਼ ਦੇ ਹਰ ਵਿਅਕਤੀ ਅਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਅੱਜ ਖ਼ਾਸ ਇਤਫ਼ਾਕ ਹੈ ਕਿ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਅਤੇ ਸੰਵਿਧਾਨ ਦਿਵਸ ਇੱਕੋ ਦਿਨ ਪੈ ਰਹੇ ਹਨ। ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਇਸ ਪਾਰਟੀ ਦੀ ਸਥਾਪਨਾ ਸੰਵਿਧਾਨ ਦੀ ਰਾਖੀ, ਇਸ ਦੇਸ਼ ਦੇ ਆਮ ਨਾਗਰਿਕਾਂ ਦੇ ਜੀਵਨ ਨੂੰ ਸੁਖੀ ਬਣਾਉਣ ਅਤੇ ਦੇਸ਼ ਨੂੰ ਨਵੀਂ ਰਾਜਨੀਤੀ ਦੇਣ ਦੇ ਉਦੇਸ਼ ਨਾਲ ਕੀਤੀ। 12 ਸਾਲ ਪਹਿਲਾਂ ਸਾਰਿਆਂ ਨੇ ਮਿਲ ਕੇ ਇਸ ਪਾਰਟੀ ਨੂੰ ਜਨਮ ਦਿੱਤਾ ਸੀ ਅਤੇ ਇਸ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਸੀ। ਇੱਥੇ ਤੱਕ ਪਹੁੰਚਣ ਲਈ ਕੋਈ ਵਿਚਾਰ ਰੱਖਣਾ ਅਤੇ ਉਸ ਦਾ ਪਾਲਣ ਪੋਸ਼ਣ ਕਰਨਾ ਕੋਈ ਆਸਾਨ ਗੱਲ ਨਹੀਂ ਹੈ। ਜੇਕਰ ਅਸੀਂ ਦੁਨੀਆ ਭਰ ‘ਚ ਨਜ਼ਰ ਮਾਰੀਏ ਤਾਂ ਸ਼ਾਇਦ ਹੀ ਕੋਈ ਅਜਿਹੀ ਮਿਸਾਲ ਮਿਲੇਗੀ, ਜਿੱਥੇ 10 ਸਾਲਾਂ ‘ਚ ਕੋਈ ਨਵਾਂ ਵਿਚਾਰ ਜਨਮ ਲੈਂਦਾ ਹੈ ਅਤੇ ਉਸ ‘ਤੇ ਆਧਾਰਿਤ ਪਾਰਟੀ ਦੋ ਸੂਬਿਆਂ ‘ਚ ਸਰਕਾਰ ਬਣਾ ਲੈਂਦੀ ਹੈ ਅਤੇ ਉਸ ਦਾ ਸੰਗਠਨ ਦੇਸ਼ ਭਰ ‘ਚ ਫੈਲ ਜਾਂਦਾ ਹੈ।
ਡਾ. ਸੰਦੀਪ ਪਾਠਕ ਨੇ ਅੱਗੇ ਕਿਹਾ ਕਿ ਇਨ੍ਹਾਂ 12 ਸਾਲਾਂ ‘ਚ ਭਾਜਪਾ ਨੇ ਸਾਡੀ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਸਾਡੀ ਪਾਰਟੀ ਦੇ ਤਕਰੀਬਨ ਸਾਰੇ ਚੋਟੀ ਦੇ ਆਗੂਆਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਸੀ ਤਾਂ ਉਸ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਉਸ ਦੀ ਯੋਜਨਾ ਕੰਮ ਕਰੇਗੀ ਅਤੇ ਪਾਰਟੀ ਟੁੱਟ ਜਾਵੇਗੀ। ਪਰ ਉਨ੍ਹਾਂ ਨੂੰ ਸੁਪਨਿਆਂ ਵਿੱਚ ਵੀ ਇਹ ਉਮੀਦ ਨਹੀਂ ਸੀ ਕਿ ਇਸ ਸੰਕਟ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗੀ। ਉਨ੍ਹਾਂ ਔਖੇ ਸਮੇਂ ਵਿੱਚ ਜਦੋਂ ਉਨ੍ਹਾਂ ਨੇ ਸਾਡੇ ਨੇਤਾਵਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਜੇਲ੍ਹ ਵਿੱਚ ਪਾ ਦਿੱਤਾ ਸੀ, ਮੈਂ ਹਰ ਉਸ ਵਰਕਰ ਨੂੰ ਸਲਾਮ ਕਰਦਾ ਹਾਂ ਜੋ ਪਾਰਟੀ ਦੀ ਰੱਖਿਆ ਲਈ ਇੱਕਜੁੱਟ ਹੋ ਕੇ ਇਸ ਨੂੰ ਅੱਗੇ ਲੈ ਕੇ ਗਏ। ਭਾਜਪਾ ਆਪਣੀਆਂ ਸਾਜ਼ਿਸ਼ਾਂ ਜਾਰੀ ਰੱਖੇਗੀ ਅਤੇ ਅਸੀਂ ਉਨ੍ਹਾਂ ਨਾਲ ਲੜਦੇ ਰਹਾਂਗੇ। ਉਨ੍ਹਾਂ ਨੂੰ ਜੋ ਮਰਜ਼ੀ ਕਰਨ ਦਿਓ; ਅਸੀਂ ਚੰਗਾ ਕਰ ਰਹੇ ਹਾਂ, ਚੰਗਾ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਕਰਾਂਗੇ, ਦੇਸ਼ ਲਈ ਕੰਮ ਕਰਾਂਗੇ।