ਦੇਸ਼ ਦੀ ਸੇਵਾ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਦੇਸ਼ ਭਗਤੀ ਦੀ ਮਿਸ਼ਾਲ ਜਗਾਉਣ ਵਾਸਤੇ ਐਮ.ਐਲ.ਐਫ. ਪ੍ਰਬੰਧਕਾਂ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 30 ਨਵੰਬਰ, 2024:

ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਕਿਹਾ ਕਿ ਮਿਲਟਰੀ ਲਿਟਰੇਟਰ ਫੈਸਟੀਵਲ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਦਾ ਸਭ ਤੋਂ ਅਹਿਮ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਜੰਗਾਂ ਵਿੱਚ ਪੰਜਾਬ ਦੇ ਧੀਆਂ-ਪੁੱਤਰਾਂ ਵੱਲੋਂ ਦਿਖਾਈ ਗਈ ਬਹਾਦਰੀ ਦੇਸ਼ ਭਰ ਦੇ ਲੋਕਾਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।

ਰਾਜਪਾਲ ਅੱਜ ਇੱਥੇ ਲੇਕ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦੇ 8ਵੇਂ ਐਡੀਸ਼ਨ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਅੱਜ ਤੋਂ ਸ਼ੁਰੂ ਹੋਣ ਵਾਲਾ ਦੋ-ਰੋਜ਼ਾ ਸਮਾਗਮ ਨੌਜਵਾਨਾਂ ਨੂੰ ਫੌਜੀ ਇਤਿਹਾਸ ਦੀ ਝਲਕ ਦਿਖਾਉਣ ਅਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਰੱਖਿਆ ਸੇਵਾਵਾਂ ਵਿੱਚ ਆਗੂ ਬਣ ਕੇ ਦੇਸ਼ ਦੀ ਸੇਵਾ ਕਰ ਸਕਣ।

ਰਾਜਪਾਲ ਨੇ ਕਿਹਾ ਕਿ ਇਹ ਫੈਸਟੀਵਲ ਨਾ ਸਿਰਫ਼ ਭਾਰਤ ਦੀ ਸ਼ਾਨਦਾਰ ਫੌਜੀ ਵਿਰਾਸਤ ਦੀ ਝਲਕ ਪੇਸ਼ ਕਰਦਾ ਹੈ, ਬਲਕਿ ਨਾਗਰਿਕਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਦੇਸ਼ ਭਗਤੀ ਨੂੰ ਉਤਸ਼ਾਹਤ ਕਰਨ ਵਿੱਚ ਮਿਲਟਰੀ ਲਿਟਰੇਟਰ ਦੀ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ।

ਹਥਿਆਰਬੰਦ ਬਲਾਂ ਵਿੱਚ ਔਰਤਾਂ ਦੇ ਸ਼ਾਮਲ ਹੋਣ ਦੀ ਵੱਧ ਰਹੀ ਗਿਣਤੀ ‘ਤੇ ਚਾਨਣਾ ਪਾਉਂਦਿਆਂ ਰਾਜਪਾਲ ਨੇ ਕਿਹਾ ਕਿ ਇਹ ਸਾਡੇ ਬਲਾਂ ਵਿੱਚ ਲਿੰਗ ਸਮਾਨਤਾ ਅਤੇ ਸਮਾਵੇਸ਼ ਵੱਲ ਇੱਕ ਪ੍ਰਗਤੀਸ਼ੀਲ ਕਦਮ ਹੈ। ਰਾਜਪਾਲ ਨੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸਾਹਿਤ ਕਰਨ ਅਤੇ ਤਿਆਰ ਕਰਨ ਲਈ ਫੈਸਟੀਵਲ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਆਤਮ ਨਿਰਭਰ ਭਾਰਤ ਤਹਿਤ ਰੱਖਿਆ ਵਿੱਚ ਸਵੈ-ਨਿਰਭਰਤਾ ਵੱਲ ਭਾਰਤ ਦੇ ਵਧ ਰਹੇ ਕਦਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਭਾਰਤ ਨਾ ਸਿਰਫ਼ ਅਤਿ-ਆਧੁਨਿਕ ਹਥਿਆਰਾਂ ਅਤੇ ਫ਼ੌਜੀ ਸਾਜ਼ੋ-ਸਾਮਾਨ ਦਾ ਨਿਰਮਾਣ ਕਰ ਰਿਹਾ ਹੈ, ਸਗੋਂ ਦੂਜੇ ਦੇਸ਼ਾਂ ਨੂੰ ਆਧੁਨਿਕ ਹਥਿਆਰ ਅਤੇ ਸਾਜ਼ੋ-ਸਮਾਨ ਨਿਰਯਾਤ ਕਰਨ ਵਾਲੇ ਪ੍ਰਮੁੱਖ ਕੇਂਦਰ ਵਜੋਂ ਵੀ ਉਭਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਮਿਲਟਰੀ ਇਨੋਵੇਸ਼ਨ ਵਿੱਚ ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੇ ਵਧ ਰਹੇ ਕੱਦ ਨੂੰ ਦਰਸਾਉਂਦਾ ਹੈ।

ਰਾਜਪਾਲ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਅਗਵਾਈ ਹੇਠ ਕੀਤੇ ਪੋਖਰਣ ਪਰਮਾਣੂ ਪ੍ਰੀਖਣ ਦੌਰਾਨ ਭਾਰਤ ਦੀ ਇਤਿਹਾਸਕ ਪ੍ਰਾਪਤੀ ਨੂੰ ਯਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੋਖਰਣ ਪਰਮਾਣੂ ਪ੍ਰੀਖਣ ਇੱਕ ਅਜਿਹਾ ਜ਼ਰੀਆ ਬਣਿਆ ਜਿਸ ਨੇ ਪੂਰੇ ਸੰਸਾਰ ਨੂੰ ਭਾਰਤ ਦੀ ਸਮਰੱਥਾ ਅਤੇ ਸੰਕਲਪ ਤੋਂ ਜਾਣੂ ਕਰਵਾਇਆ। ਇਹ ਪੂਰੇ ਦੇਸ਼ ਲਈ ਮਾਣ ਵਾਲਾ ਪਲ ਸੀ ਜਿਸਨੇ ਸਾਡੇ ਦੇਸ਼ ਨੂੰ ਵੱਡੀ ਪ੍ਰਮਾਣੂ ਸ਼ਕਤੀ ਵਜੋਂ ਉਭਾਰਿਆ। ਉਨ੍ਹਾਂ ਨੌਜਵਾਨਾਂ ਨੂੰ ਭਾਰਤ ਦੇ ਫੌਜੀ ਇਤਿਹਾਸ ਵਿਚਲੇ ਅਜਿਹੇ ਮੀਲ ਪੱਥਰਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।

ਫੈਸਟੀਵਲ ਦੇ ਇਸ ਐਡੀਸ਼ਨ ਦਾ ਵਿਸ਼ਾ, “ਵਾਰ ਅੰਡਰ ਦ ਨਿਊਕਲੀਅਰ ਅੰਬਰੇਲਾ” ਹੈ ਜਿਸ ਵਿਸ਼ਵ ਦੀਆਂ ਸਮਕਾਲੀ ਚੁਣੌਤੀਆਂ ਅਤੇ ਭਵਿੱਖ ਦੇ ਸੰਘਰਸ਼ਾਂ ਲਈ ਭਾਰਤ ਦੀ ਤਿਆਰੀ ‘ਤੇ ਵਿਚਾਰ-ਵਟਾਂਦਰੇ ਕੀਤਾ ਜਾਵੇਗਾ। ਇਸ ਦੌਰਾਨ ਯੂਕਰੇਨ ਵਿੱਚ ਜੰਗ, ਖੇਤਰੀ ਅਸਥਿਰਤਾ, ਅਤੇ ਰੱਖਿਆ ਤਕਨਾਲੋਜੀ ਵਿੱਚ ਪ੍ਰਗਤੀ ਵਰਗੇ ਵਿਸ਼ਿਆਂ ‘ਤੇ ਵੱਖ-ਵੱਖ ਪੈਨਲ ਚਰਚਾਵਾਂ ਕਰਵਾਈਆਂ ਜਾਣਗੀਆਂ।

ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੇ ਮਹੱਤਵਪੂਰਨ ਸਾਧਨ ਵਜੋਂ ਮਿਲਟਰੀ ਲਿਟਰੇਚਰ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਨੇ ਫੈਸਟੀਵਲ ਦੇ ਪ੍ਰਬੰਧਕਾਂ ਨੂੰ ਇਹ ਫੈਸਟੀਵਲ ਦਾ ਵਿਸਤਾਰ ਸੂਬੇ ਭਰ ਦੇ ਪਿੰਡਾਂ ਤੱਕ ਕਰਨ ਦੀ ਅਪੀਲ ਕੀਤੀ ਤਾਂ ਜੋ ਬਹਾਦਰੀ, ਕੁਰਬਾਨੀ ਅਤੇ ਦੇਸ਼ ਭਗਤੀ ਦੀਆਂ ਕਹਾਣੀਆਂ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ। ਰਾਜਪਾਲ ਨੇ ਇਸ ਫੈਸਟੀਵਲ ਦੀ ਸਮੱਗਰੀ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਸੁਰੱਖਿਅਤ ਰੱਖਣ ਅਤੇ ਪ੍ਰਸਾਰਿਤ ਕਰਨ ਲਈ ਇੱਕ ਸਾਲਾਨਾ ਮੈਗਜ਼ੀਨ ਪ੍ਰਕਾਸ਼ਿਤ ਕਰਨ ਦਾ ਵੀ ਪ੍ਰਸਤਾਵ ਦਿੱਤਾ।

ਰਾਜਪਾਲ ਨੇ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜੀਵਨੀਆਂ, ਸੰਘਰਸ਼ ਅਤੇ ਪ੍ਰਾਪਤੀਆਂ ਨੌਜਵਾਨਾਂ ਵਿੱਚ ਫਰਜ਼ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾ ਸਕਦੀਆਂ ਹਨ ਜਿਸ ਨਾਲ ਉਹਨਾਂ ਨੂੰ ਸਾਡੇ ਰਾਸ਼ਟਰ ਦੇ ਭਵਿੱਖੀ ਰਾਖੇ ਬਣਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਇਸ ਫੈਸਟੀਵਲ ਵਿੱਚ ਪੱਛਮੀ ਕਮਾਂਡ ਵੱਲੋਂ ਫੌਜੀ ਸਾਜ਼ੋ-ਸਾਮਾਨ ਦੀ ਸ਼ਾਨਦਾਰ ਪ੍ਰਦਰਸ਼ਨੀ ਵੀ ਦਿਖਾਈ ਗਈ ਹੈ, ਜਿਸ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਰਾਜਪਾਲ ਨੇ ਇਸ ਵਿਸ਼ਵ ਪੱਧਰੀ ਫੈਸਟੀਵਲ ਦੇ ਆਯੋਜਨ ਲਈ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਅਤੇ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਨਾਗਰਿਕਾਂ ਨੂੰ ਰੱਖਿਆ ਅਤੇ ਫੌਜੀ ਉੱਤਮਤਾ ਵਿੱਚ ਸਵੈ-ਨਿਰਭਰਤਾ ਵੱਲ ਭਾਰਤ ਦੀ ਯਾਤਰਾ ਬਾਰੇ ਜਾਣਨ ਦੀ ਅਪੀਲ ਕੀਤੀ।

ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ 8ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਆਧੁਨਿਕ ਯੁੱਧ ਅਤੇ ਵਿਸ਼ਵ ਸੁਰੱਖਿਆ ਸਬੰਧੀ ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਦਿਆਂ ਦੇਸ਼ ਦੀ ਅਮੀਰ ਮਿਲਟਰੀ ਵਿਰਾਸਤ ਦੀ ਬੇਮਿਸਾਲ ਝਲਕ ਪੇਸ਼ ਕਰਨ ਵਾਲੇ ਮੰਚ ਵਜੋਂ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਸ ਮੌਕੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਵੀ ਹਾਜ਼ਰ ਸਨ।

×