ਚੰਡੀਗੜ੍ਹ, 5 ਦਸੰਬਰ: ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ‘ਹਿੰਦ ਦੀ ਚਾਦਰ’- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਦਿਲੀ ਸ਼ਰਧਾਂਜਲੀ ਭੇਟ ਕਰਦਿਆਂ ਲੋਕਾਂ ਨੂੰ ਮਾਨਵਤਾ ਹਿਤ ਆਪਾ ਵਾਰਨ ਵਾਲੇ ਮਹਾਨ ਰਹਿਬਰ ਦੀਆਂ ਸਿੱਖਿਆਵਾਂ ਅਤੇ ਪੂਰਨਿਆਂ ’ਤੇ ਚੱਲਣ ਦੀ ਅਪੀਲ ਕੀਤੀ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਰੂ ਜੀ ਦੀ ਸਰਵਉੱਚ ਕੁਰਬਾਨੀ ਦਾ ਮੁੱਖ ਉਦੇਸ਼ ਮਨਚਾਹੇ ਧਰਮ ਨੂੰ ਮੰਨਣ ਆਜ਼ਾਦੀ ਅਤੇ ਨਿਆਂ, ਸਵੈਮਾਣ ਅਤੇ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣਾ ਸੀ। ਉਨ੍ਹਾਂ ਦੀ ਮਹਾਨ ਵਿਰਾਸਤ ਜ਼ੁਲਮ ਦਾ ਡੱਟ ਕੇ ਟਾਕਰਾ ਕਰਨਾ, ਸਰਬੱਤ ਦੇ ਭਲੇ ਅਤੇ ਮਾਨਵਤਾ ਲਈ ਪ੍ਰੇਰਨਾ ਦੇ ਇੱਕ ਸਥਾਈ ਸਰੋਤ ਵਜੋਂ ਕੰਮ ਕਰਦੀ ਹੈ।
ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਨ੍ਹਾਂ ਦੀ ਬਾਣੀ, ਅਧਿਆਤਮਿਕ ਗਿਆਨ, ਆਲਮੀ ਭਾਈਚਾਰਾ, ਅਤੇ ਪਦਾਰਥਵਾਦ ਤੋਂ ਨਿਰਲੇਪਤਾ ਨੂੰ ਉਤਸ਼ਾਹਿਤ ਕਰਦੀ ਹੈ।
ਰਾਜਪਾਲ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਸ਼ਮੀਰੀ ਪੰਡਿਤਾਂ ਅਤੇ ਹੋਰਾਂ ਦੇ ਅਧਿਕਾਰਾਂ ਦੀ ਰਾਖੀ ਲਈ 1675 ਵਿੱਚ ਗੁਰੂ ਜੀ ਦੀ ਸ਼ਹਾਦਤ ਸੱਚ ਅਤੇ ਨਿਆਂ ਲਈ ਉਨ੍ਹਾਂ ਦੇ ਅਟੱਲ ਦ੍ਰਿੜਤਾ ਦਾ ਪ੍ਰਤੀਕ ਹੈ।
ਸ਼੍ਰੀ ਕਟਾਰੀਆ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ, ਜੋ ਨਿਰਸਵਾਰਥਤਾ, ਨਿਡਰਤਾ ਅਤੇ ਦਇਆ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸ਼ੁਭ ਅਵਸਰ ਨੂੰ ਮਨਾਉਣ ਲਈ ਸਮੂਹਿਕ ਤੌਰ ’ਤੇ ਸ਼ਮੂਲੀਅਤ ਕਰਨ ਅਤੇ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਉਨ੍ਹਾਂ ਦੇ ਸ਼ਾਂਤੀ, ਸਦਭਾਵਨਾ ਅਤੇ ਏਕਤਾ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਪਵਿੱਤਰ ਦਿਹਾੜਾ ਗੁਰੂ ਜੀ ਦੇ ਸਦੀਵੀ ਸੰਦੇਸ਼ ਲਈ ਸ਼ਰਧਾਂਜਲੀ ਹੈ ਅਤੇ ਸਾਨੂੰ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਾਡੀ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ।


