ਮੀਤ ਹੇਅਰ ਦਾ ਸਵਾਲ- ਜਿਹੜੇ ਰਾਜ ਖੇਡਾਂ ਦੇ ਮਾਮਲੇ ਵਿਚ ਪਿਛੇ ਹਨ, ਉਨ੍ਹਾਂ ਨੂੰ ਜ਼ਿਆਦਾ ਫੰਡ ਕਿਉਂ ਜਾਰੀ ਕੀਤੇ ਜਾ ਰਹੇ ਹਨ?
ਕੇਂਦਰ ਸਰਕਾਰ ਨੂੰ ਖੇਡਾਂ ਵਿੱਚ ਵੱਧ ਪ੍ਰਾਪਤੀਆਂ ਕਰਨ ਵਾਲੇ ਰਾਜਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਨਾ ਕਿ ਆਪਣੀ ਪਾਰਟੀ ਦੀਆਂ ਸਰਕਾਰਾਂ ਨੂੰ – ਮੀਤ ਹੇਅਰ
ਖੇਡਾਂ ਵਿੱਚ ਪੰਜਾਬ ਦਾ ਸ਼ਾਨਦਾਰ ਇਤਿਹਾਸ ਹੈ, ਪੰਜਾਬ ਨੇ ਦੇਸ਼ ਨੂੰ ਲਗਭਗ ਹਰ ਅੰਤਰਰਾਸ਼ਟਰੀ ਖੇਡ ਵਿੱਚ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ – ਮੀਤ ਹੇਅਰ
ਗੁਜਰਾਤ ਤੋਂ ਕੋਈ ਮੈਡਲ ਨਹੀਂ, ਉਸ ਨੂੰ 400 ਕਰੋੜ ਰੁਪਏ ਦਿੱਤੇ, ਯੂਪੀ ਨੂੰ ਵੀ 400 ਕਰੋੜ ਰੁਪਏ ਦਿੱਤੇ, ਫਿਰ ਪੰਜਾਬ ਨਾਲ ਵਿਤਕਰਾ ਕਿਉਂ?-ਮੀਤ ਹੇਅਰ
ਚੰਡੀਗੜ੍ਹ, 16 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਦਿੱਤੇ ਗਏ ਖੇਡ ਫੰਡਾਂ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ’ਤੇ ਪੰਜਾਬ ਦੇ ਖਿਡਾਰੀਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ।
ਮੀਤ ਹੇਅਰ ਨੇ ਕਿਹਾ ਕਿ ਦੇਸ਼ ਦੇ ਕੁੱਲ ਮੈਡਲਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਸਭ ਤੋਂ ਵੱਧ 20 ਫੀਸਦੀ ਯੋਗਦਾਨ ਹੈ। ਉਲੰਪਿਕ ਤੋਂ ਲੈ ਕੇ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਤੱਕ ਹਰ ਖੇਡ ਅਤੇ ਹਰ ਸਾਲ ਪੰਜਾਬ ਦੇ ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ, ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਖੇਡ ਫੰਡ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਦੇ ਮਾਮਲੇ ਵਿੱਚ ਪੰਜਾਬ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਪੰਜਾਬ ਨੇ ਦੇਸ਼ ਨੂੰ ਲਗਭਗ ਹਰ ਅੰਤਰਰਾਸ਼ਟਰੀ ਖੇਡ ਵਿੱਚ ਮਹਾਨ ਖਿਡਾਰੀ ਦਿੱਤੇ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ‘ਖੇਲੋ ਇੰਡੀਆ’ ਸਕੀਮ ਤਹਿਤ ਰਾਜਾਂ ਨੂੰ ਜਾਰੀ ਕੀਤੇ ਫੰਡਾਂ ਵਿੱਚ ਪੰਜਾਬ ਪਹਿਲੇ 10 ਨੰਬਰਾਂ ਵਿੱਚ ਵੀ ਨਹੀਂ ਆਉਂਦਾ।
ਉਨ੍ਹਾਂ ਦੱਸਿਆ ਕਿ ਪਿਛਲੀਆਂ ਉਲੰਪਿਕ ਖੇਡਾਂ ਵਿੱਚ ਵੀ ਪੰਜਾਬ ਤੋਂ 20 ਖਿਡਾਰੀ ਗਏ ਸਨ। ਜਦੋਂ ਕਿ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਦੇ ਸਨ ਅਤੇ ਉਹ ਹਾਕੀ ਵਿੱਚ ਭਾਰਤ ਲਈ ਤਗਮੇ ਲੈ ਕੇ ਆਏ ਸਨ। ਇਸੇ ਤਰ੍ਹਾਂ ਏਸ਼ਿਆਈ ਖੇਡਾਂ ਵਿੱਚ ਲਗਭਗ 661 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 58 ਖਿਡਾਰੀ ਪੰਜਾਬ ਦੇ ਸਨ। ਇਸ ਵਿੱਚੋਂ ਉਹ 20 ਮੈਡਲ ਲੈ ਕੇ ਆਏ ਜੋ ਕੁੱਲ ਮੈਡਲਾਂ ਦਾ 20 ਫੀਸਦੀ ਬਣਦਾ ਹੈ।
ਮੀਤ ਹੇਅਰ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਪੰਜਾਬ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹੈ, ਪਰ ਮੈਡਲ 20 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਕੇਂਦਰ ਸਰਕਾਰ ਬਿਨਾਂ ਮੈਡਲ ਵਾਲੇ ਰਾਜਾਂ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 400 ਕਰੋੜ ਰੁਪਏ ਦੇ ਰਹੀ ਹੈ। ਸਾਡੀ ਮੰਗ ਹੈ ਕਿ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਉਸ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਫੰਡ ਦਿੱਤੇ ਜਾਣ ਤਾਂ ਜੋ ਸਾਡੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰ ਕੇ ਦੇਸ਼ ਲਈ ਹੋਰ ਤਗਮੇ ਲਿਆ ਸਕਣ। ਮੀਤ ਹੇਅਰ ਨੇ ਕੇਂਦਰ ਸਰਕਾਰ ਤੋਂ ਫੰਡ ਅਲਾਟਮੈਂਟ ਲਈ ਨਿਰਪੱਖ ਤਰੀਕਾ ਅਪਣਾਉਣ ਦੀ ਮੰਗ ਵੀ ਕੀਤੀ।