ਬਿਨਾਂ ਬਾਰ ਕੋਡ ਦੇ 2411 ਵਿਸਕੀ ਕਰੇਟ ਜ਼ਬਤ
ਆਬਕਾਰੀ ਵਿਭਾਗ, ਯੂਟੀ ਚੰਡੀਗੜ੍ਹ ਦੀ ਟੀਮ ਨੇ ਬੀਤੀ ਦੇਰ ਰਾਤ ਉਦਯੋਗਿਕ ਖੇਤਰ ਵਿੱਚ ਇੱਕ ਸ਼ਰਾਬ ਦੇ ਗੋਦਾਮ ਵਿੱਚ ਛਾਪਾ ਮਾਰਿਆ। ਆਬਕਾਰੀ ਟੀਮ ਨੂੰ ਬਾਰ ਕੋਡ ਅਤੇ ਹੋਲੋਗ੍ਰਾਮ ਤੋਂ ਬਿਨਾਂ ਵਿਦੇਸ਼ੀ ਸ਼ਰਾਬ ਦੀਆਂ 2411 ਪੇਟੀਆਂ ਬਰਾਮਦ ਹੋਈਆਂ। ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਸ਼ਰਾਬ ਦੀਆਂ ਪੇਟੀਆਂ ਸ਼ਹਿਰ ਵਿੱਚੋਂ ਸ਼ਰਾਬ ਦੀ ਤਸਕਰੀ ਲਈ ਰੱਖੀਆਂ ਗਈਆਂ ਹਨ। ਨਾਜਾਇਜ਼ ਸ਼ਰਾਬ ਦੇ ਪੇਟੀਆਂ ਨੂੰ ਜ਼ਬਤ ਕਰਨ ਤੋਂ ਬਾਅਦ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ।
ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚੋਂ ਸ਼ਰਾਬ ਦੀ ਤਸਕਰੀ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਵਿਭਾਗ ਦੀ ਟੀਮ ਦੇਰ ਰਾਤ ਤੱਕ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ, ਬੋਤਲਾਂ ਦੇ ਪਲਾਂਟਾਂ ਅਤੇ ਗੋਦਾਮਾਂ ’ਤੇ ਨਜ਼ਰ ਰੱਖ ਰਹੀ ਹੈ। ਵਿਭਾਗ ਨੇ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਚੰਡੀਗੜ੍ਹ ਤੋਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਰਾਜਾਂ ਨੂੰ ਸ਼ਰਾਬ ਦੀ ਤਸਕਰੀ ਹੋ ਰਹੀ ਸੀ ਪਰ ਆਬਕਾਰੀ ਵਿਭਾਗ ਆਪਣੀ ਮੁਹਿੰਮ ਰਾਹੀਂ ਵੱਡੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਫੜ ਰਿਹਾ ਹੈ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਸਕਰੀ ਵਿੱਚ ਸ਼ਾਮਲ ਪਾਏ ਗਏ ਠੇਕੇਦਾਰਾਂ ਅਤੇ ਸ਼ਰਾਬ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।