-ਸਰਕਾਰ ਵਿੱਚ ਛੇ ਮੰਤਰੀ ਐਸ ਸੀ ਭਾਈਚਾਰੇ ਦੇ ਅਤੇ ਹੁਣ ਹੋਣਗੇ ਸਰਕਾਰੀ ਵਕੀਲ ਵੀ
ਅੰਮ੍ਰਿਤਸਰ 14 ਅਪ੍ਰੈਲ
ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਛੜੇ ਹੋਏ ਲੋਕਾਂ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰ ਅੰਬੇਦਕਰ ਵੱਲੋਂ ਲਏ ਗਏ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਪਹਿਲੀ ਸਰਕਾਰ ਹੈ । ਉਹਨਾਂ ਦੱਸਿਆ ਕਿ ਜਿੱਥੇ ਇਸ ਸਰਕਾਰ ਵਿੱਚ ਪਹਿਲਾਂ ਅਨੁਸੂਚਿਤ ਜਾਤੀ ਭਾਈਚਾਰੇ ਵਿੱਚੋਂ ਛੇ ਮੰਤਰੀ ਵੱਡੇ ਵਿਭਾਗਾਂ ਦੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ, ਉੱਥੇ ਹੁਣ ਪੰਜਾਬ ਸਰਕਾਰ ਨੇ ਰਾਜ ਦੇ ਕਾਨੂੰਨੀ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਰੱਖੇ ਜਾਣ ਵਾਲੇ ਵੱਖ ਵੱਖ ਖੇਤਰਾਂ ਦੇ ਮਾਹਿਰ ਵਕੀਲਾਂ ਵਿੱਚ ਵੀ ਰਾਖਵਾਂ ਕਰਨ ਦੀ ਸਹੂਲਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹਾ ਪੰਜਾਬ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ।
ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੋ ਕਿ ਚੋਣਾਂ ਤੋਂ ਪਹਿਲਾਂ ਅਕਸਰ ਪ੍ਰਚਾਰ ਵੇਲੇ ਕਵਿਤਾ “ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਗਾਉਂਦੇ ਹੁੰਦੇ ਸਨ, ਨੇ ਕੁਰਸੀ ਉੱਤੇ ਬੈਠਣ ਵਾਲੇ ਦਿਨ ਤੋਂ ਹੀ ਇਨਾਂ ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਸਿੱਟਾ ਇਹ ਹੋਇਆ ਕਿ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਨੂੰ ਮਿਲਣ ਵਾਲੀ ਵਜੀਫੇ ਦੀ ਰਾਸ਼ੀ ਬਿਨਾਂ ਕਿਸੇ ਰੋਕ ਟੋਕ ਤੋਂ ਮਿਲਣ ਲੱਗੀ। ਇਸ ਤੋਂ ਇਲਾਵਾ ਹਰੇਕ ਸਰਕਾਰੀ ਨੌਕਰੀ ਵਿੱਚ ਪਿਆ ਭਾਈਚਾਰੇ ਦਾ ਬੈਕਲਾਗ ਪਹਿਲ ਦੇ ਅਧਾਰ ਉੱਤੇ ਭਰਿਆ ਗਿਆ ਅਤੇ ਹੁਣ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਵੀ ਭਾਈਚਾਰੇ ਨੂੰ ਰਾਖਵਾਂ ਕਰਨ ਦੀ ਸਹੂਲਤ ਦੇ ਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ 2017 ਦੀਆਂ ਚੋਣਾਂ ਵਿੱਚ ਇਹ ਮੁੱਦਾ ਬੜੇ ਜ਼ੋਰ ਨਾਲ ਚੁੱਕਿਆ ਸੀ ਪਰ ਸਰਕਾਰ ਨਹੀਂ ਬਣੀ, ਅਸੀਂ ਕਾਂਗਰਸ ਤੋਂ ਵਾਰ-ਵਾਰ ਮੰਗ ਕਰਦੇ ਰਹੇ ਕਿ ਐਸ ਸੀ ਭਾਈਚਾਰੇ ਦੇ ਰਾਖਵਾਂ ਕਰਨ ਐਡਵੋਕੇਟ ਜਨਰਲ ਦੇ ਵਕੀਲਾਂ ਵਿੱਚ ਹੋਣਾ ਚਾਹੀਦਾ ਹੈ। ਪਰ ਉਹਨਾਂ ਨਹੀਂ ਕੀਤਾ ਅਤੇ ਹੁਣ ਤੁਹਾਡੀ ਤਾਕਤ ਨਾਲ ਅਸੀਂ ਇਹ ਕਾਨੂੰਨ ਬਣਾਇਆ ਹੈ ਕਿ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਲੈ ਜਾਣ ਵਾਲੇ ਮਾਹਰਾਂ ਵਕੀਲਾਂ ਵਿੱਚ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਵਕੀਲ ਵੀ ਹੋਣਗੇ। ਉਹਨਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਦੇ ਸਮਾਨਤਾ ਦੇ ਅਧਿਕਾਰ ਉੱਤੇ ਪਹਿਰਾ ਦੇ ਰਹੇ ਹਾਂ ਦਿੰਦੇ ਰਹਾਂਗੇ।
ਇਸ ਮੌਕੇ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਹਾੜਾ ਵੀ ਪਾਰਟੀ ਦਫਤਰ ਵਿੱਚ ਲੋਕਾਂ ਨਾਲ ਲੱਡੂ ਵੰਡ ਕੇ ਮਨਾਇਆ ਅਤੇ ਸਾਰਿਆਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
