ਚੰਡੀਗੜ੍ਹ, 30 ਮਈ 2025: ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਅਤੇ ਯੂਥ ਅਫੇਅਰਸ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਨਾਲ, ਚੰਡੀਗੜ੍ਹ ਦੇ ਉਨ੍ਹਾਂ ਸ਼ਾਨਦਾਰ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ ਜਿਨ੍ਹਾਂ ਨੇ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਅਤੇ ਚੈਂਪੀਅਨਸ਼ਿਪਾਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੁਆਰਾ 31 ਮਈ 2025 ਨੂੰ ਪੋਸਟ ਗ੍ਰੈਜੂਏਟ ਕਾਲਜ ਫੌਰ ਗਰਲਸ, ਸੈਕਟਰ-42, ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਪੋਰਟਸ ਕੰਪਲੈਕਸ ਸੈਕਟਰ 39 ਅਤੇ 8 ਵਿਖੇ ਸ਼ਤਰੰਜ ਕੇਂਦਰ ਅਤੇ ਸਪੋਰਟਸ ਕੰਪਲੈਕਸ ਸੈਕਟਰ 42 ਵਿਖੇ ਬਿਲੀਅਰਡਸ ਅਤੇ ਸਨੂਕਰ ਹਾਲ ਜਿਹੇ ਨਵੇਂ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਕੀਤੇ ਗਏ ਹਨ। ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਬਿਲੀਅਰਡਸ ਅਤੇ ਸਨੂਕਰ ਹਾਲ ਅਤੇ ਸ਼ਤਰੰਜ ਕੇਂਦਰ ਦਾ ਉਦਘਾਟਨ ਵੀ ਕਰਨਗੇ।
ਇਹ ਪ੍ਰਤਿਸ਼ਠਿਤ ਸਮਾਗਮ ਉਨ੍ਹਾਂ ਖਿਡਾਰੀਆਂ ਦੇ ਜਨੂਨ, ਸਖ਼ਤ ਮਿਹਨਤ ਅਤੇ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬੇਸਬਾਲ, ਬਾਸਕਟਬਾਲ, ਮੁੱਕੇਬਾਜ਼ੀ, ਸਾਇਕਲਿੰਗ ਸਹਿਤ 28 ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਮਾਗਮ ਦੇ ਦੌਰਾਨ ਕੁੱਲ 08 ਅੰਤਰਰਾਸ਼ਟਰੀ ਅਤੇ 479 ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪ੍ਰਸ਼ਾਸਨ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਖੇਡਾਂ ਵਿੱਚ ਯੋਗਦਾਨ ਦੇ ਲਈ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ 5.67 ਕਰੋੜ ਰੁਪਏ ਤੋਂ ਅਧਿਕ ਦੇ ਨਕਦ ਇਨਾਮ ਅਤੇ 1.32 ਕਰੋੜ ਰੁਪਏ ਤੋਂ ਅਧਿਕ ਦੇ ਵਜ਼ੀਫੇ ਪ੍ਰਦਾਨ ਕਰੇਗਾ।
ਇਸ ਪ੍ਰੋਗਰਾਮ ਦਾ ਉਦੇਸ਼ ਐਥਲੀਟਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਅਤੇ ਦੇਸ਼ ਵਿੱਚ ਇੱਕ ਪ੍ਰਮੁੱਖ ਖੇਡ ਕੇਂਦਰ ਬਣਨ ਲਈ ਚੰਡੀਗੜ੍ਹ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨਾ ਹੈ।