ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਵੱਲੋਂ 3 ਸਾਲਾਂ ਵਿਚ ਉਦਘਾਟਨ ਕੀਤੇ ਕਿਸੇ ਇਕ ਵੀ ਉਦਯੋਗਿਕ ਇਕਾਈ ਦੀ ਤਸਵੀਰ ਵਿਖਾਉਣ
ਲੋਕਾਂ ਦੇ ਨਾਲ-ਨਾਲ ਰੁੱਸੇ ਅਕਾਲੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਪੰਥਕ ਏਕਤਾ ਦੀ ਮਜ਼ਬੂਤੀ ਵਾਸਤੇ ਉਹ ਅਕਾਲੀ ਦਲ ਦੀ ਹਮਾਇਤ ਕਰਨ

ਲੁਧਿਆਣਾ, 11 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਾਰਾ ਨਿਵੇਸ਼ ਠੱਪ ਹੋ ਗਿਆ ਹੈ ਅਤੇ ਮੌਜੂਦਾ ਉਦਯੋਗ ਵੀ ਫਿਰੌਤੀਆਂ ਨਾਲ ਜੂਝ ਰਹੇ ਹਨ ਤੇ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਪਿਛਲੇ ਤਿੰਨ ਸਾਲਾਂ ਦੌਰਾਨ ਉਹਨਾਂ ਵੱਲੋਂ ਉਦਘਾਟਨ ਕੀਤੀ ਇਕ ਵੀ ਉਦਯੋਗਿਕ ਇਕਾਈ ਦੀ ਤਸਵੀਰ ਵਿਖਾਉਣ। ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਦੀ ਸਰਕਾਰ ਨੂੰ ਨਵੀਂ ਉਦਯੋਗਿਕ ਨੀਤੀ ਬਣਾਉਣ ਵਿਚ ਸਾਢੇ ਤਿੰਨ ਸਾਲ ਦਾ ਸਮਾਂ ਕਿਉਂ ਲੱਗ ਗਿਆ ਅਤੇ ਉਹ ਉਦਯੋਗਪਤੀਆਂ ਨੂੰ ਫਿਰੌਤੀਆਂ ਤੇ ਮਿਥ ਕੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਤੋਂ ਬਚਾਉਣ ਵਿਚ ਕਿਉਂ ਅਸਫਲ ਰਹੀ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੇ ਹੀ ਕਮਲ ਓਸਵਾਲ ਦੇ ਨਾਲ ਰਲ ਕੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਪਹੁੰਚ ਕੀਤੀ ਸੀ ਕਿ ਲੁਧਿਆਣਾ ਵਿਚ ਵੀ ਹਵਾਈ ਅੱਡਾ ਬਣਾਇਆ ਜਾਵੇ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਵਿਚ ਹਵਾਈ ਅੱਡਿਆਂ ਤੇ ਐਕਸਪ੍ਰੈਸਵੇਅ ਬਣਾਉਣ ਦੇ ਮੁੱਖ ਸੂਤਰਧਾਰ ਹਨ। ਉਹਨਾਂ ਇਹ ਵੀ ਕਿਹਾ ਕਿ ਲੁਧਿਆਣਾ ਵਿਚ ਐਲੀਵੇਟ ਰੋਡ ਤੋਂ ਲੈ ਕੇ ਦੱਖਣੀ ਬਾਈਪਾਸ ਤੱਕ ਸਭ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੀ ਬਣਵਾਏ ਹਨ।

ਸਰਦਾਰ ਪਰਉਪਕਾਰ ਸਿੰਘ ਘੁੰਮਣ ਦੀ ਉਮੀਦਵਾਰੀ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਰਦਾਰ ਘੁੰਮਣ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਾਸਤੇ ਸਰਵੋਤਮ ਉਮੀਦਵਾਰ ਹਨ। ਉਹਨਾਂ ਕਿਹਾ ਕਿ ਸਰਦਾਰ ਘੁੰਮਣ ਨੂੰ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਸਤੇ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਉਹਨਾਂ ਦਾ ਰਿਕਾਰਡ ਸਾਫ ਸੁਥਰਾ ਹੈ ਅਤੇ ਉਹ ਇਕ ਸਮਾਜ ਸੇਵੀ ਵਜੋਂ ਕੰਮ ਕਰਦੇ ਹਨ। ਉਹਨਾਂ ਨੇ ਲੋਕਾਂ ਦੇ ਨਾਲ-ਨਾਲ ਅਕਾਲੀ ਦਲ ਦੇ ਰੁੱਸੇ ਹੋਏ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਵਾਸਤੇ ਸਰਦਾਰ ਘੁੰਮਣ ਦੀ ਉਮੀਦਵਾਰੀ ਦੀ ਹਮਾਇਤ ਕਰਨ।

ਉਹਨਾਂ ਕਿਹਾ ਕਿ ਅਸੀਂ ਵਾਅਦਾ ਕੀਤਾ ਹੈ ਕਿ ਸਰਕਾਰ ਨੂੰ 24 ਹਜ਼ਾਰ ਏਕੜ ਉਪਜਾਊ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਕਰਨ ਦਿਆਂਗੇ।

×