ਚੰਡੀਗੜ੍ਹ, 30 ਜੁਲਾਈ, 2025:
ਸ਼ਹੀਦ ਊਧਮ ਸਿੰਘ ਦੀ ਬਹਾਦਰੀ ਦੀ ਯਾਦ ਵਿੱਚ, ਯੂਟੀ ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਕੇਂਦਰ ਸਰਕਾਰ ਦੁਆਰਾ ਸੰਚਾਲਿਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 31 ਜੁਲਾਈ 2025 (ਵੀਰਵਾਰ) ਨੂੰ ਅੱਧੇ ਦਿਨ ਦੇ ਅਕਾਦਮਿਕ ਸ਼ਡਿਊਲ ਦਾ ਆਯੋਜਨ ਕੀਤਾ ਜਾਵੇਗਾ।
ਸਿੱਖਿਆ ਵਿਭਾਗ, ਯੂਟੀ ਚੰਡੀਗੜ੍ਹ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ, ਨਿਯਮਿਤ ਕਲਾਸਾਂ ਜਲਦੀ ਸਮਾਪਤ ਹੋ ਜਾਣਗੀਆਂ, ਜਿਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਵਿਰਾਸਤ ਦੇ ਸਨਮਾਨ ਲਈ ਸਮਰਪਿਤ ਇੱਕ ਘੰਟੇ ਦੀ ਵਿਸ਼ੇਸ਼ ਸਕੂਲ ਅਸੈਂਬਲੀ (ਪ੍ਰਾਰਥਨਾ ਸਭਾ) ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਬਸਤੀਵਾਦੀ ਸ਼ਾਸਨ ਵਿਰੁੱਧ ਲੜਾਈ ਵਿੱਚ ਦਲੇਰੀ ਨਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਦਿਨ ਦੀ ਸਮਾਂ-ਸਾਰਣੀ:
•ਸਵੇਰ ਦੇ ਸੈਸ਼ਨ ਵਾਲੇ ਸਕੂਲ: ਕਲਾਸਾਂ ਸਵੇਰੇ 11:00 ਵਜੇ ਤੱਕ ਲਗਣਗੀਆਂ, ਉਸ ਤੋਂ ਬਾਅਦ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਵਿਸ਼ੇਸ਼ ਪ੍ਰਾਰਥਨਾ ਸਭਾ ਹੋਵੇਗੀ।
ਸ਼ਾਮ ਦੇ ਸੈਸ਼ਨ ਸਕੂਲ: ਕਲਾਸਾਂ ਦੁਪਹਿਰ 3:00 ਵਜੇ ਤੱਕ ਹੋਣਗੀਆਂ, ਉਸ ਤੋਂ ਬਾਅਦ ਦੁਪਹਿਰ 3:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵਿਸ਼ੇਸ਼ ਪ੍ਰਾਰਥਨਾ ਸਭਾ ਹੋਵੇਗੀ।
ਪ੍ਰਾਰਥਨਾ ਸਭਾ ਵਿੱਚ ਭਾਸ਼ਣ, ਸਕਿਟ, ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਵਿਚਾਰਾਂ ਜ਼ਰੀਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਾਗੀਦਾਰੀ ਹੋਵੇਗੀ। ਸਕੂਲਾਂ ਨੂੰ ਇਸ ਮੌਕੇ ਦੀ ਵਰਤੋਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਸਾਹਸ ਅਤੇ ਨਿਆਂ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ,
“ਸ਼ਹੀਦ ਊਧਮ ਸਿੰਘ ਦਾ ਨਿਡਰ ਨਿਆਂ ਉਨ੍ਹਾਂ ਕੁਰਬਾਨੀਆਂ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਨੀਂਹ ਰੱਖੀ। ਇਸ ਦਿਨ, ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਸਕੂਲਾਂ ਵਿੱਚ ਵਿਸ਼ੇਸ਼ ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ, ਤਾਕਿ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਅਤੇ ਹਰ ਬੱਚੇ ਨੂੰ ਸਾਹਸ, ਦੇਸ਼ ਭਗਤੀ ਅਤੇ ਇਮਾਨਦਾਰੀ ਦੀਆਂ ਕਦਰਾਂ-ਕੀਮਤਾਂ ਨਾਲ ਪ੍ਰੇਰਿਤ ਕੀਤਾ ਜਾ ਸਕੇ। ਇਨ੍ਹਾਂ ਆਯੋਜਨਾਂ ਦੇ ਜ਼ਰੀਏ, ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ ਅਤੇ ਇੱਕ ਸੁਤੰਤਰ ਅਤੇ ਲੋਕਤੰਤਰੀ ਸਮਾਜ ਵਿੱਚ ਨਾਗਰਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਹੈ।”
ਇਸ ਪਹਿਲ ਦਾ ਉਦੇਸ਼ ਨੌਜਵਾਨ ਮਨਾਂ ਨੂੰ ਭਾਰਤ ਦੇ ਸਭ ਤੋਂ ਬਹਾਦਰ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਦੁਆਰਾ ਕਾਇਮ ਕੀਤੀਆਂ ਗਈਆਂ ਕਦਰਾਂ-ਕੀਮਤਾਂ ਨਾਲ ਪ੍ਰੇਰਿਤ ਕਰਨਾ ਅਤੇ ਭਾਰਤੀ ਆਜ਼ਾਦੀ ਅੰਦੋਲਨ ਦੀ ਭਾਵਨਾ ਨਾਲ ਉਨ੍ਹਾਂ ਦੇ ਸਬੰਧ ਨੂੰ ਜੋੜਨਾ ਹੈ।