ਚੰਡੀਗੜ੍ਹ, 2/8/2025: ਅੱਜ, ਮੇਰਾ ਯੁਵਾ ਭਾਰਤ – ਚੰਡੀਗੜ੍ਹ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ), ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੀਐੱਮਐੱਸਐੱਸਐੱਸ/GMSSS) ਖੁੱਡਾ ਅਲੀ ਸ਼ੇਰ ਦੀ ਐੱਨਐੱਸਐੱਸ (NSS) ਇਕਾਈ, ਕਰੁਣਾ ਈਕੋ ਕੰਪੈਨੀਅਨਸ ਫਾਊਂਡੇਸ਼ਨ, ਗਲੋਬਲ ਯੂਥ ਫੈਡਰੇਸ਼ਨ, ਅਤੇ ਜੈ ਮਧੂਸੂਦਨ ਜੈ ਸ਼੍ਰੀਕ੍ਰਿਸ਼ਨ ਫਾਊਂਡੇਸ਼ਨ ਦੇ ਸੰਯੁਕਤ ਸਹਿਯੋਗ ਨਾਲ ਇੱਕ ਵਿਆਪਕ ਸਵੱਛਤਾ ਅਤੇ ਵਾਤਾਵਰਣ ਜਾਗਰੂਕਤਾ ਅਭਿਯਾਨ ਦਾ ਆਯੋਜਨ ਕੀਤਾ ਗਿਆ। ਇਸ ਅਭਿਯਾਨ ਵਿੱਚ ਸਕੂਲ ਦੇ ਐੱਨਐੱਸਐੱਸ (NSS) ਪ੍ਰੋਗਰਾਮ ਅਫ਼ਸਰ ਸ਼੍ਰੀ ਖੁਸ਼ਵੰਤ ਸਿੰਘ ਦੀ ਅਗਵਾਈ ਵਿੱਚ ਐੱਨਐੱਸਐੱਸ (NSS) ਅਤੇ ਮਾਈ ਭਾਰਤ (MY Bharat) ਵਲੰਟੀਅਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਵਲੰਟੀਅਰਾਂ ਨੇ ਵਣ ਖੇਤਰ ਦੀਆਂ ਝਾੜੀਆਂ, ਰਸਤਿਆਂ ਅਤੇ ਸੀਮਾਵਾਂ ਦੀ ਸਫ਼ਾਈ ਕਰਦੇ ਹੋਏ ਸਿੰਗਲ-ਯੂਜ਼ ਪਲਾਸਟਿਕ ਕਚਰੇ ਨੂੰ ਵੱਖ-ਵੱਖ ਬੈਗਾਂ ਵਿੱਚ ਇਕੱਠਾ ਕੀਤਾ। ਇਹ ਅਭਿਯਾਨ ਇੱਕ ਸਾਰਥਕ ਪਹਿਲ ਸੀ ਜਿਸ ਦਾ ਉਦੇਸ਼ ਲੋਕਾਂ ਵਿੱਚ ਵਾਤਾਵਰਣ ਸੰਭਾਲ਼ ਅਤੇ ਸਵੱਛਤਾ ਦਾ ਸੰਦੇਸ਼ ਪਹੁੰਚਾਉਣਾ ਸੀ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਨੇਮੀ ਚੰਦ, ਸਟੇਟ ਐੱਨਐੱਸਐੱਸ ਕੋਆਰਡੀਨੇਟਰ, ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ, ਨੇ ਨੌਜਵਾਨਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ:
“ਸਾਡੀ ਨੌਜਵਾਨ ਪੀੜ੍ਹੀ ਨੂੰ ਇੰਨੀ ਗੰਭੀਰਤਾ ਨਾਲ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਪਹਿਲਾਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।”

ਵਿਸ਼ੇਸ਼ ਮਹਿਮਾਨ ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ – ਚੰਡੀਗੜ੍ਹ, ਨੇ ਕਿਹਾ:
“ਜਦੋਂ ਨੌਜਵਾਨ ਸਮਾਜ ਹਿਤ ਵਿੱਚ ਕਾਰਜ ਕਰਦੇ ਹਨ, ਤਾਂ ਜਾਗਰੂਕਤਾ ਅਤੇ ਊਰਜਾ ਦਾ ਸੰਚਾਰ ਹੁੰਦਾ ਹੈ। ਇਹ ਅਭਿਯਾਨ ਇੱਕ ਪ੍ਰੇਰਣਾਸ੍ਰੋਤ ਬਣ ਕੇ ਉੱਭਰਿਆ ਹੈ।”

ਕਰੁਣਾ ਈਕੋ ਕੰਪੈਨੀਅਨਸ ਫਾਊਂਡੇਸ਼ਨ ਦੀ ਡਾਇਰੈਕਟਰ, ਸੁਸ਼੍ਰੀ ਨੇਹਾ ਰਾਣੀ ਨੇ ਕਿਹਾ:
“ਇਹ ਕੇਵਲ ਇੱਕ ਸਵੱਛਤਾ ਅਭਿਯਾਨ ਨਹੀਂ , ਬਲਕਿ ਪ੍ਰਕ੍ਰਿਤੀ ਅਤੇ ਮਾਂ ਦੀ ਭਾਵਨਾ ਦੇ ਪ੍ਰਤੀ ਕ੍ਰਿਤੱਗਤਾ ਦਾ ਪ੍ਰਤੀਕ ਹੈ।”

ਜੈ ਮਧੂਸੂਦਨ ਜੈ ਸ਼੍ਰੀਕ੍ਰਿਸ਼ਨ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਪ੍ਰਭੂਨਾਥ ਸਾਹੀ ਨੇ ਕਿਹਾ:
“ਰਾਸ਼ਟਰ ਨਿਰਮਾਣ ਸੇਵਾ ਅਤੇ ਸਮਰਪਣ ਦੁਆਰਾ ਸੰਭਵ ਹੈ, ਅਤੇ ਅੱਜ ਦੇ ਨੌਜਵਾਨਾਂ ਨੇ ਇਸ ਦੀ ਇੱਕ ਜੀਵੰਤ ਉਦਾਹਰਣ ਪ੍ਰਸਤੁਤ ਕੀਤੀ ਹੈ।”

ਅਭਿਯਾਨ ਦੇ ਦੌਰਾਨ, ਪ੍ਰਤੀਭਾਗੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ, ਸਵੱਛਤਾ ਦੇ ਮਹੱਤਵ ਅਤੇ ਰੁੱਖ ਲਗਾਉਣ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ ਗਿਆ। ਸਾਰੇ ਸਹਿਭਾਗੀਆਂ ਨੇ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਦਾ ਸੰਕਲਪ ਲਿਆ।

ਪ੍ਰੋਗਰਾਮ ਦਾ ਸਮਾਪਨ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦੇ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਨਾਲ ਹੋਇਆ, ਜਿਸ ਤੋਂ ਬਾਅਦ ਸਾਰੇ ਭਾਗੀਦਾਰਾਂ ਦਾ ਸਨਮਾਨਪੂਰਵਕ ਧੰਨਵਾਦ ਕੀਤਾ ਅਤੇ ਦਿਲੋਂ ਪ੍ਰਸ਼ੰਸਾ ਕੀਤੀ ਗਈ।

×