ਚੰਡੀਗੜ੍ਹ, 12 ਸਤੰਬਰ 2025:
ਖੇਤਰੀ ਦਫ਼ਤਰ, ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ/UIDAI) ਚੰਡੀਗੜ੍ਹ ਨੇ ਉੱਤਰੀ ਖੇਤਰ ਦੇ ਸਕੂਲਾਂ ਵਿੱਚ ਇੱਕ ਲਾਜ਼ਮੀ ਬਾਇਓਮੀਟ੍ਰਿਕ ਅਪਡੇਟ (ਐੱਮਬੀਯੂ/MBU) ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਲੇਹ-ਲਦਾਖ ਸ਼ਾਮਲ ਹਨ।
ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬੱਚਿਆਂ ਨੂੰ ਉਨ੍ਹਾਂ ਦੀ ਅਕਾਦਮਿਕ ਰੁਟੀਨ ਨੂੰ ਪ੍ਰਭਾਵਿਤ ਕੀਤੇ ਬਿਨਾ ਸਮੇਂ ‘ਤੇ ਬਾਇਓਮੀਟ੍ਰਿਕ ਅਪਡੇਟ ਪ੍ਰਾਪਤ ਹੋਵੇ। ਰਿਆਨ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ, ਕੇਂਦਰੀ ਵਿਦਿਆਲਿਆ ਨੰਬਰ 2, ਚੰਡੀਮੰਦਰ, ਅਤੇ ਕਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਵਿੱਚ ਜੀਐੱਸਐੱਸਐੱਸ (GSSS) ਕੋਹਾਲਾ ਸਹਿਤ ਕਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਹਿਮਾਚਲ, ਪੰਜਾਬ, ਹਰਿਆਣਾ ਅਤੇ ਜੰਮੂ ਅਤੇ ਕਸ਼ਮੀਰ ਦੇ ਹੋਰ ਸਕੂਲ ਪਹਿਲੇ ਹੀ ਇਸ ਪਹਿਲ ਦੇ ਤਹਿਤ ਆ ਚੁੱਕੇ ਹਨ।
ਬਾਇਓਮੀਟ੍ਰਿਕ ਅਪਡੇਟ 0-5 ਅਤੇ 15-17 ਸਾਲ ਦੀ ਉਮਰ ਸਮੂਹਾਂ ਦੇ ਬੱਚਿਆਂ ਲਈ ਖਾਸ ਤੌਰ ‘ਤੇ ਮਹੱਤਵਪੂਰਨ ਹੈ। ਆਧਾਰ ਨੂੰ ਅਪਡੇਟ ਰੱਖਣ ਨਾਲ ਵਿਅਕਤੀਗਤ ਵੇਰਵਿਆਂ ਵਿੱਚ ਤਰੁਟੀਆਂ ਜਾਂ ਤਸਦੀਕ ਵਿੱਚ ਵਿਸੰਗਤੀਆਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਇਹ ਜੇਈਈ(JEE), ਨੀਟ (ਐੱਨਈਈਟੀ/NEET), ਅਤੇ ਯੂਪੀਐੱਸਸੀ (UPSC) ਜਿਹੀਆਂ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਜਿੱਥੇ ਰਜਿਸਟ੍ਰੇਸ਼ਨ ਦੇ ਲਈ ਆਧਾਰ ਜ਼ਰੂਰੀ ਹੈ। ਅਪਡੇਟਡ ਆਧਾਰ ਸਕਾਲਰਸ਼ਿਪ, ਵਿੱਦਿਅਕ ਲਾਭਾਂ ਅਤੇ ਸਰਕਾਰੀ ਭਲਾਈ ਸਕੀਮਾਂ ਤੱਕ ਅਸਾਨ ਪਹੁੰਚ ਵੀ ਪ੍ਰਦਾਨ ਕਰਦਾ ਹੈ। ਅਕਾਦਮਿਕ ਗਤੀਵਿਧੀਆਂ ਤੋਂ ਇਲਾਵਾ, ਇਹ ਦਾਖਲੇ, ਉਚੇਰੀ ਸਿੱਖਿਆ (ਪੜ੍ਹਾਈ) ਅਤੇ ਪਾਸਪੋਰਟ ਜਾਰੀ ਕਰਨ ਜਿਹੀਆਂ ਸੇਵਾਵਾਂ ਨਾਲ ਸਬੰਧਿਤ ਪ੍ਰਕਿਰਿਆਵਾਂ ਨੂੰ ਵੀ ਅਸਾਨ ਬਣਾਉਂਦਾ ਹੈ।
ਇਹ ਮੁਹਿੰਮ ਰਾਜ ਦੇ ਸਿੱਖਿਆ ਵਿਭਾਗਾਂ, ਸਕੂਲ ਅਧਿਕਾਰੀਆਂ ਅਤੇ ਆਧਾਰ ਈਕੋਸਿਸਟਮ ਭਾਗੀਦਾਰਾਂ ਜਿਵੇਂ ਕਿ ਬੈਂਕਾਂ, ਡਾਕਘਰ,ਬੀਐੱਸਐੱਨਐੱਲ (BSNL), ਅਤੇ ਡੀਆਈਟੀ (DIT) ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਹੈ, ਤਾਕਿ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਵੀ ਸੁਚਾਰੂ ਲਾਗੂਕਰਨ ਸੁਨਿਸ਼ਚਿਤ ਹੋ ਸਕੇ।
ਖੇਤਰੀ ਦਫ਼ਤਰ ਚੰਡੀਗੜ੍ਹ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਆਧਾਰ ਕੇਵਲ ਇੱਕ ਪਹਿਚਾਣ ਪੱਤਰ ਨਹੀਂ, ਬਲਕਿ ਅਵਸਰਾਂ ਦਾ ਇੱਕ ਸ੍ਰੋਤ ਵੀ ਹੈ। ਸਮੇਂ ‘ਤੇ ਬਾਇਓਮੀਟ੍ਰਿਕ ਅਪਡੇਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਅਤੇ ਭਵਿੱਖ ਦੀਆਂ ਸੇਵਾਵਾਂ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਬਚਾਉਂਦੇ ਹਨ। ਫੀਲਡ ਟੀਮਾਂ, ਸਕੂਲ ਸਟਾਫ਼ ਅਤੇ ਪ੍ਰਸ਼ਾਸਨ ਦਾ ਸਹਿਯੋਗ ਇਸ ਪ੍ਰਯਾਸ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਰਿਹਾ ਹੈ।
ਇਹ ਗਤੀਵਿਧੀ ਆਉਣ ਵਾਲੇ ਦਿਨਾਂ ਵਿੱਚ ਇਸੇ ਗਤੀ ਅਤੇ ਵਿਆਪਕਤਾ (ਕਵਰੇਜ) ਨਾਲ ਜਾਰੀ ਰਹੇਗੀ ਜਦੋਂ ਤੱਕ ਹਰ ਪਾਤਰ ਬੱਚੇ ਨੂੰ ਅਪਡੇਟ ਕੀਤਾ ਗਿਆ ਆਧਾਰ ਪ੍ਰਦਾਨ ਨਹੀਂ ਕਰ ਦਿੱਤਾ ਜਾਂਦਾ।