ਸੰਕਰਨਕੋਵਿਲ/ਸ੍ਰੀ ਅੰਮ੍ਰਿਤਸਰ, 12 ਸਤੰਬਰ-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਮਿਲ ਨਾਡੂ ਸੂਬੇ ਦੇ ਟੇਂਕਾਸੀ ਜ਼ਿਲ੍ਹੇ ਦੇ ਸੰਕਰਨਕੋਵਿਲ ਕਸਬੇ ਵਿਖੇ ਖੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ ਲਹਿਰ ਤਹਿਤ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਪੁੱਜੇ। ਸੰਕਰਨਕੋਵਿਲ ਪੁੱਜਣ ਉੱਤੇ ਤਾਮਿਲ ਸਿੱਖ ਅਤੇ ਸੁਪਰੀਮ ਕੋਰਟ ਦੇ ਵਕੀਲ ਸ. ਜੀਵਨ ਸਿੰਘ, ਸ. ਸੇਲਵਾ ਸਿੰਘ, ਸ. ਕੋਰਕਾਈ ਪਲਨੀ ਸਿੰਘ ਸਮੇਤ ਸਥਾਨਕ ਭਾਈਚਾਰੇ ਦੇ ਲੋਕਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬੈਂਡ ਪਾਰਟੀ ਅਤੇ ਆਤਿਸ਼ਬਾਜ਼ੀ ਨਾਲ ਭਰਵਾਂ ਸਵਾਗਤ ਕੀਤਾ ਅਤੇ ਇੱਥੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨ ਕੀਤਾ। ਸਥਾਨਕ ਲੋਕਾਂ ਦੀ ਸਭਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਦੇ ਨਾਲ-ਨਾਲ ਸਿੱਖੀ ਸਿਧਾਂਤ, ਫ਼ਲਸਫ਼ੇ ਅਤੇ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ। ਇਸ ਇਲਾਕੇ ਵਿੱਚ ਜਾਤ-ਪਾਤ ਅਧਾਰਤ ਵਿਤਕਰਿਆਂ ਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਤਾਮਿਲ ਲੋਕਾਂ ਨੂੰ ਪੰਗਤ ਤੇ ਸੰਗਤ, ਸਰੋਵਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਉਪਦੇਸ਼ ਬਾਰੇ ਜਾਣੂ ਕਰਵਾਇਆ।

ਸੰਕਰਨਕੋਵਿਲ ਵਿਖੇ ਕੀਤੇ ਗਏ ਸਿੱਖੀ ਪ੍ਰਚਾਰ ਤੋਂ ਪ੍ਰੇਰਿਤ ਹੋ ਕੇ ਕੁਝ ਸਥਾਨਕ ਲੋਕਾਂ ਨੇ ਸਿੱਖੀ ਪ੍ਰਤੀ ਪਿਆਰ ਤੇ ਉਤਸ਼ਾਹ ਦਰਸਾਇਆ, ਜਿਨ੍ਹਾਂ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕਕਾਰ ਸਰਬਲੋਹ ਦੇ ਕੜੇ ਵੰਡੇ ਤੇ ਸ. ਜੀਵਨ ਸਿੰਘ ਨੂੰ ਆਖਿਆ ਕਿ ਇਨ੍ਹਾਂ ਲੋਕਾਂ ਨਾਲ ਲਗਾਤਾਰ ਰਾਬਤਾ ਰੱਖ ਕੇ ਤਾਮਿਲ ਭਾਸ਼ਾ ਵਿੱਚ ਸਿੱਖ ਫ਼ਲਸਫ਼ੇ ਤੇ ਸਿਧਾਂਤ ਬਾਰੇ ਸਮਝਾਇਆ ਜਾਵੇ ਤਾਂ ਜੋ ਇਹ ਨਾਲ ਜੁੜੇ ਰਹਿਣ। ਇਸ ਦੌਰਾਨ ਜਥੇਦਾਰ ਗੜਗੱਜ ਨੇ ਜਾਤ-ਪਾਤ ਵਿਤਕਰੇ ਦੇ ਉਸ ਪੀੜਤ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜਿਸ ਦੇ ਮੁਖੀ ਨੂੰ ਬੀਤੇ ਸਮੇਂ ਪੁਲਿਸ ਤਸ਼ੱਦਦ ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਸ ਦੀ ਪਤਨੀ ਤੇ ਤਿੰਨ ਬੱਚੇ ਕਾਫ਼ੀ ਮੁਸ਼ਕਿਲ ਹਾਲਾਤ ਵਿੱਚ ਜੀਵਨ ਬਤੀਤ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਸਥਾਨਕ ਸਿੱਖਾਂ ਨੂੰ ਇਸ ਪਰਿਵਾਰ ਨਾਲ ਖੜ੍ਹਣ, ਬੱਚਿਆਂ ਦੀ ਸਿੱਖਿਆ ਯਕੀਨੀ ਬਣਾਉਣ ਅਤੇ ਇਨ੍ਹਾਂ ਦਾ ਹਰ ਪੱਧਰ ਉੱਤੇ ਸਹਿਯੋਗ ਕਰਨ ਲਈ ਆਖਿਆ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਤਾਮਿਲ ਨਾਡੂ ਦੀ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਤਾਮਿਲ ਲੋਕਾਂ ਵਿੱਚ ਸਿੱਖੀ ਪ੍ਰਤੀ ਚੰਗਾ ਉਤਸ਼ਾਹ ਹੈ ਅਤੇ ਇਸ ਸੂਬੇ ਅੰਦਰ ਜ਼ਮੀਨੀ ਪੱਧਰ ਉੱਤੇ ਸਿੱਖੀ ਪ੍ਰਚਾਰ ਪ੍ਰਸਾਰ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਹਵਾਲਿਆਂ ਅਨੁਸਾਰ ਤਾਮਿਲ ਨਾਡੂ ਦੀ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਹੈ। ਉਨ੍ਹਾਂ ਕਿਹਾ ਕਿ ਤਾਮਿਲ ਨਾਡੂ ਵਿੱਚ ਬੀਤੇ ਸਮੇਂ ਕੁਝ ਲੋਕਾਂ ਨੇ ਸਿੱਖੀ ਧਾਰਨ ਕੀਤੀ ਹੈ ਜੋ ਕਿ ਚੰਗੇ ਸੰਕੇਤ ਹਨ ਅਤੇ ਉਹ ਹੁਣ ਸੂਬੇ ਅੰਦਰ ਪ੍ਰਚਾਰ ਲਈ ਚੰਗੇ ਉਪਰਾਲੇ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ, ਫ਼ਲਸਫ਼ੇ ਤੇ ਸਿਧਾਂਤ ਬਾਰੇ ਤਾਮਿਲ ਭਾਸ਼ਾ ਵਿੱਚ ਸਾਹਿਤ ਪ੍ਰਕਾਸ਼ਿਤ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਜੋ ਇੱਥੋਂ ਦੇ ਲੋਕਾਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਾਇਆ ਜਾ ਸਕੇ।
ਇਸ ਮੌਕੇ ਸ. ਜਸਕਰਨ ਸਿੰਘ ਅਤੇ ਸਥਾਨਕ ਸਿੱਖ ਤੇ ਭਾਈਚਾਰੇ ਦੇ ਪ੍ਰਮੁੱਖ ਲੋਕ ਹਾਜ਼ਰ ਸਨ।
***
ਜਸਕਰਨ ਸਿੰਘ, 9517789930