– ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ
– ਭਾਜਪਾ ਸਰਕਾਰ ਵੱਲੋਂ ਸੂਬੇ ਨਾਲ ਕੀਤੀ ਬੇਇਨਸਾਫ਼ੀ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ
– ਜਾਖੜ ਤੇ ਬਿੱਟੂ ਸਣੇ ਭਾਜਪਾ ਦੀ ਸਾਰੀ ਕਾਂਗਰਸ ਯੂਨਿਟ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ
ਚੰਡੀਗੜ੍ਹ, 15 ਸਤੰਬਰ
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਭੇਜਣ ਉਤੇ ਪਾਬੰਦੀ ਲਗਾਉਣ ਦੇ ਫੈਸਲੇ `ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਕੀ ਭਾਜਪਾ ਦੀ ਨੀਤੀ ਪਾਕਿਸਤਾਨ ਵਿਰੁੱਧ ਹੈ ਜਾਂ ਆਪਣੇ ਲੋਕਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਰਵੱਈਆ ਝਲਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਪਾਕਿਸਤਾਨੀ ਅਦਾਕਾਰਾ ਇਕ ਪੰਜਾਬੀ ਅਦਾਕਾਰ ਨਾਲ ਫਿਲਮ ਕਰਦੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਉਸ ਫਿਲਮ ਉੱਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਅਤੇ ਪੰਜਾਬੀਆਂ ਨੂੰ ਗੱਦਾਰ ਕਿਹਾ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਵਤੀਰੇ ਨਾਲ ਸਾਡੀ ਫਿਲਮ ਸਨਅਤ ਅਤੇ ਪੰਜਾਬੀ ਕਲਕਾਰਾਂ ਨੂੰ ਨੁਕਸਾਨ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਹ ਫਿਲਮ ਪਹਿਲਗਾਮ ਅਤਿਵਾਦੀ ਹਮਲੇ ਤੋਂ ਕਾਫ਼ੀ ਸਮਾਂ ਪਹਿਲਾਂ ਫਿਲਮਾਈ ਗਈ ਸੀ ਪਰ ਪਹਿਲਗਾਮ ਹਮਲੇ ਦੇ ਬਹਾਨੇ ਫਿਲਮ ਉੱਤੇ ਪਾਬੰਦੀ ਲਾਉਣਾ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੀ ਸਿਰਫ਼ ਇਸ ਲਈ ਇਜਾਜ਼ਤ ਦਿੱਤੀ ਜਾਂਦੀ ਹੈ ਕਿਉਂਕਿ ‘ਵੱਡੇ ਸਾਹਿਬ’ ਦਾ ਪੁੱਤਰ ਇਹ ਮੈਚ ਕਰਵਾਉਣਾ ਚਾਹੁੰਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ‘ਟਰੋਲ ਆਰਮੀ’ ਨੇ ਪੰਜਾਬੀ ਅਦਾਕਾਰਾਂ ਅਤੇ ਨਿਰਮਾਤਾਵਾਂ ਨੂੰ ਗੱਦਾਰ ਤੱਕ ਕਹਿ ਦਿੱਤਾ ਪਰ ਹੁਣ ਦੋਵਾਂ ਮੁਲਕਾਂ ਵਿਚਾਲੇ ਹੋਏ ਕ੍ਰਿਕਟ ਮੁਕਾਬਲੇ ਬਾਰੇ ਹਰ ਕੋਈ ਚੁੱਪ ਹੈ।
ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਜਦੋਂ ਕ੍ਰਿਕਟ ਬੋਰਡ ਅਮਿਤ ਸ਼ਾਹ ਦੇ ਪੁੱਤਰ ਦੇ ਹੱਥਾਂ ਵਿੱਚ ਹੈ, ਉਦੋਂ ਪਾਕਿਸਤਾਨ ਨਾਲ ਅਚਾਨਕ ਮੈਚ ਕਰਵਾਉਣਾ ਭਾਰਤ ਸਰਕਾਰ ਦੀ ਮਜਬੂਰੀ ਸੀ।
ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਦੇ ਭਾਰਤ ਵਿਰੋਧੀ ਰਵੱਈਏ ਨੂੰ ਦੇਖਦਿਆਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜਿਹੇ ਮੈਚਾਂ ਤੋਂ ਮਿਲਣ ਵਾਲੇ ਪੈਸੇ ਦਾ ਪਾਕਿਸਤਾਨ ਕੀ ਕਰੇਗਾ। ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਵਿੱਚ ਇਸ ਦਾ ਪਾਕਿਸਤਾਨ ਨੂੰ ਫਾਇਦਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਭਾਰਤ, ਪਾਕਿਸਤਾਨ ਨਾਲ ਮੈਚ ਖੇਡ ਸਕਦਾ ਹੈ ਤਾਂ ਸ਼ਰਧਾਲੂ ਮੱਥਾ ਟੇਕਣ ਲਈ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਅਫ਼ਗਾਨਿਸਤਾਨ ਵਿੱਚ ਭੂਚਾਲ ਆਇਆ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਥੋਂ ਲਈ ਕਾਹਲੀ-ਕਾਹਲੀ ਵਿੱਚ ਮਦਦ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਹੜ੍ਹਾਂ ਕਾਰਨ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਜਾਇਜ਼ ਫੰਡ ਵੀ ਰੋਕ ਦਿੱਤੇ ਹਨ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਤੇ ਪੰਜਾਬੀਆਂ ਨਾਲ ਵਿਤਕਰਾ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੇ ਤੱਕ ਪ੍ਰਧਾਨ ਮੰਤਰੀ ਵੱਲੋਂ ਐਲਾਨੇ 1600 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਤੱਕ ਪੰਜਾਬ ਦੇ ਭਾਜਪਾ ਆਗੂ ਸੂਬਾ ਸਰਕਾਰ ਵਿਰੁੱਧ ਨਿਰਾਧਾਰ ਸੁਆਲ ਚੁੱਕਦੇ ਰਹੇ। ਉਨ੍ਹਾਂ ਜਾਖੜ ਤੇ ਬਿੱਟੂ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਜਦੋਂ ਕ੍ਰਿਕਟ ਮੈਚ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਜੱਥੇ ਸ੍ਰੀ ਕਰਤਾਰਪੁਰ ਸਾਹਿਬ ਕਿਉਂ ਨਹੀਂ ਜਾ ਸਕਦੇ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਬਿਤਾਏ, ਜਦੋਂ ਕਿ ਸ੍ਰੀ ਨਨਕਾਣਾ ਸਾਹਿਬ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ ਸੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਲਈ ਇਹ ਮਸਲੇ ਸਿਆਸਤ ਜਾਂ ਕਾਰੋਬਾਰ ਨਹੀਂ, ਸਗੋਂ ਇਹ ਸਾਡੀਆਂ ਭਾਵਨਾਵਾਂ ਨਾਲ ਸਬੰਧਤ ਮੁੱਦੇ ਹਨ ਕਿਉਂਕਿ ਇਹ ਦੋਵੇਂ ਅਸਥਾਨ ਪੰਜਾਬੀਆਂ ਦੀ ਆਸਥਾ ਦੇ ਵੱਡੇ ਕੇਂਦਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਇਨ੍ਹਾਂ ਥਾਵਾਂ `ਤੇ ਆਪਣੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਅਤੇ ਕਿਹਾ ਕਿ ਸ਼ਰਧਾਲੂਆਂ ਨੂੰ ਇਨ੍ਹਾਂ ਪਵਿੱਤਰ ਅਸਥਾਨਾਂ `ਤੇ ਜਾਣ ਤੋਂ ਰੋਕਣਾ ਨਾ ਸਿਰਫ਼ ਬੇਇਨਸਾਫ਼ੀ ਹੈ, ਸਗੋਂ ਇਹ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਉਂਦਾ ਹੈ।
ਭਗਵੰਤ ਸਿੰਘ ਮਾਨ ਨੇ ਸਵਾਲ ਕੀਤਾ ਕਿ ਕੀ ਅਮਿਤ ਸ਼ਾਹ ਦਾ ਪੁੱਤਰ ਸਰਕਾਰ ਲਈ ਲੱਖਾਂ ਸਿੱਖ ਸੰਗਤਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ? ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਰਾਜਨੀਤੀ ਉਡੀਕ ਕਰ ਸਕਦੀ ਹੈ, ਕ੍ਰਿਕਟ ਉਡੀਕ ਕਰ ਸਕਦੀ ਹੈ, ਪਰ ਸ਼ਰਧਾ ਉਡੀਕ ਨਹੀਂ ਕਰ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਭਾਈਚਾਰਕ ਤੇ ਸੱਭਿਆਚਾਰਕ ਸਾਂਝ ਹੈ ਪਰ ਇਹ ਆਗੂ ਆਪਣੀਆਂ ਘਟੀਆ ਸਾਜ਼ਿਸ਼ਾਂ ਨਾਲ ਇਸ ਨੂੰ ਕਮਜ਼ੋਰ ਕਰਨ `ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇਸੇ ਕਰਕੇ ਹਨ ਕਿਉਂਕਿ ਪੰਜਾਬੀਆਂ ਨੇ ਵਿਦੇਸ਼ੀ ਸਾਮਰਾਜਵਾਦ ਦੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਕੌਮੀ ਆਜ਼ਾਦੀ ਸੰਘਰਸ਼ ਵਿੱਚ ਮਹਾਨ ਕੁਰਬਾਨੀਆਂ ਦਿੱਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ `ਚ ਪੰਜਾਬ ਦਾ ਵੱਡਾ ਯੋਗਦਾਨ ਹੈ ਹੈ ਅਤੇ ਮੋਦੀ ਤੇ ਉਨ੍ਹਾਂ ਦੀ ਜੁੰਡਲੀ ਦੇ ਨਿੱਜੀ ਹਿੱਤਾਂ ਲਈ ਅਜਿਹੀਆਂ ਚੋਣਵੀਆਂ ਪ੍ਰਵਾਨਗੀਆਂ ਅਤੇ ਪਾਬੰਦੀਆਂ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੇ ਪ੍ਰੋਗਰਾਮ ਅਨੁਸਾਰ ਸੂਬਿਆਂ ਨੂੰ ਪੈਕੇਜ ਦਿੱਤੇ ਜਾਂਦੇ ਹਨ, ਜਿਸ ਕਾਰਨ ਅਸਾਮ, ਬਿਹਾਰ ਅਤੇ ਹੋਰ ਸੂਬਿਆਂ ਨੂੰ ਵਿਕਾਸ ਲਈ ਵੱਡੇ ਪੈਕੇਜ ਮਿਲ ਰਹੇ ਹਨ ਜਦੋਂ ਕਿ ਹੜ੍ਹ ਰਾਹਤ ਲਈ ਜਾਣ-ਬੁੱਝ ਕੇ ਪੰਜਾਬ ਦੀ ਬਾਂਹ ਨਹੀਂ ਫੜੀ ਜਾ ਰਹੀ। ਜਾਖੜ, ਬਿੱਟੂ ਅਤੇ ਹੋਰਾਂ ਦੀ ਸ਼ਮੂਲੀਅਤ ਵਾਲੀ ਭਾਜਪਾ ਦੀ ਕਾਂਗਰਸ ਯੂਨਿਟ ਦੇ ਸ਼ੱਕੀ ਸਟੈਂਡ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਗੂ ਆਪਣੇ ਨਿੱਜੀ ਹਿੱਤਾਂ ਦੀ ਰਾਖੀ ਲਈ ਭਗਵਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਇਹ ਲੋਕ ਅਕਾਲੀ, ਭਾਜਪਾ ਅਤੇ ਹੋਰਾਂ ਦੇ ਦੋਗਲੇ ਚਿਹਰੇ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਨ੍ਹਾਂ ਨੇ ਸੂਬੇ ਦਾ ਪੈਸਾ ਲੁੱਟਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਖ਼ਬਤ ਦੀ ਸ਼ਿਕਾਰ ਹੈ, ਜਿਸ ਕਾਰਨ ਉਹ ਸੂਬੇ ਨੂੰ ਬਰਬਾਦ ਕਰਨ `ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਮਰਜ਼ੀ ਚੱਲੇ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਮ ਹਟਾ ਦੇਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਤੋਂ ਵੀ ਖ਼ਾਸ ਕਰ ਕੇ ਅੱਜ ਕੇਂਦਰ ਦੀ ਸੱਤਾ ਵਿੱਚ ਬੈਠੇ ਲੋਕਾਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।