500 ਤੋਂ ਵੱਧ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਅਪੀਲ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਸਾ ਅਤੇ ਨਫ਼ਰਤ ਫੈਲਾਉਣ ਦੀਆਂ ਘਟਨਾਵਾਂ ਦੇ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਬਿਆਨ ਹੁਸ਼ਿਆਰਪੁਰ ਵਿਖੇ ਹਾਲ ਹੀ ਵਿਚ ਵਾਪਰੀ ਉਸ ਦੁਖਦਾਈ ਘਟਨਾ ਦੇ ਸੰਦਰਭ ਵਿੱਚ ਆਇਆ ਹੈ, ਜਿੱਥੇ ਇੱਕ ਪੰਜ ਸਾਲਾ ਬੱਚੇ ਨੂੰ ਅਣਮਨੁੱਖੀ ਦੁਰਵਿਹਾਰ ਕਰਨ ਉਪਰੰਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਸਤਾਖਰ ਕਰਨ ਵਾਲਿਆਂ ਨੇ ਕਿਹਾ ਕਿ “ਇਹ ਘਿਣਾਉਣਾ ਅਪਰਾਧ ਇੱਕ ਰੋਗੀ ਦਿਮਾਗ ਦੁਆਰਾ ਕੀਤਾ ਗਿਆ ਹੈ, ਅਤੇ ਕਾਨੂੰਨ ਨੂੰ ਦੋਸ਼ੀ ਨੂੰ ਸਜ਼ਾ ਦੇਣ ਲਈ ਤੇਜ਼ੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ,”। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਅਪਰਾਧ ਦਾ ਕੋਈ ਧਰਮ, ਜਾਤ, ਰੰਗ ਜਾਂ ਖੇਤਰ ਨਹੀਂ ਹੁੰਦਾ, ਅਤੇ ਇੱਕ ਵਿਅਕਤੀ ਦੇ ਪਸ਼ੂਪੁਣੇ ਨੂੰ ਪੂਰੇ ਭਾਈਚਾਰੇ ਨਾਲ ਜੋੜਨਾ ਬੇਇਨਸਾਫੀ ਹੈ ਅਤੇ ਖਤਰਨਾਕ ਹੈ।
ਘਟਨਾ ਦੇ ਬਾਅਦ ਦੀ ਸਥਿਤੀ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਨਾਗਰਿਕਾਂ ਦੀ ਅਪੀਲ ਨੇ ਕੁਝ ਸਥਾਨਕ ਸਮੂਹਾਂ ਅਤੇ ਪੰਚਾਇਤਾਂ ਦੁਆਰਾ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੋਟ ਕੀਤਾ ਕਿ ਅਜਿਹੀ ਬਦਨਾਮੀ ਨਾ ਕੇਵਲ ਕਮਜ਼ੋਰ ਭਾਈਚਾਰਿਆਂ ਨੂੰ ਬਲੀ ਦਾ ਬੱਕਰਾ ਬਣਾਉਂਦੀ ਹੈ ਬਲਕਿ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਵੀ ਖਤਰਨਾਕ ਤਰੀਕੇ ਨਾਲ ਤੋੜਨ ਵਾਲੀ ਹੈ, ਅਤੇ ਇਹ ਅਸਲ ਵਿਚ ਆਉਣ ਵਾਲੀਆਂ ਬਿਹਾਰ ਚੋਣਾਂ ਦੇ ਸੰਦਰਭ ਵਿੱਚ ਸੌੜੇ ਸਿਆਸੀ ਹਿੱਤਾਂ ਦੀ ਸੇਵਾ ਕਰਦੀ ਹੈ।
ਬਿਆਨ ਰਾਹੀਂ ਉਹਨਾਂ ਨੇ ਪੰਜਾਬੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਵਿੱਚ ਹਰੇ ਇਨਕਲਾਬ ਤੋਂ ਲੈਕੇ ਉਦਯੋਗਿਕ ਵਿਕਾਸ ਤੱਕ ਪ੍ਰਵਾਸੀਆਂ ਦੀ ਇਤਿਹਾਸਿਕ ਭੂਮਿਕਾ ਦੀ ਯਾਦ ਕਰਵਾਈ ਹੈ। ਅਪੀਲ ਨੇ ਨੋਟ ਕੀਤਾ ਕਿ ਉਨ੍ਹਾਂ ਦੀ ਮੌਜੂਦਗੀ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਵਿੱਚ ਅਮਰ ਹੋ ਗਈ ਹੈ, ਜਿਸ ਵਿੱਚ ਸੁਰਜੀਤ ਪਾਤਰ ਦੀ ਕਵਿਤਾ ਵੀ ਸ਼ਾਮਲ ਹੈ।
“ਇਹ ਬਾਹਰੀ ਲੋਕ ਨਹੀਂ ਹਨ; ਇਹ ਸਾਡਾ ਹਿੱਸਾ ਹਨ,” ਅਪੀਲ ਇਸ ਗੱਲ ਤੇ ਜ਼ੋਰ ਦਿੰਦੀ ਹੈ।
ਸਿੱਖ ਗੁਰੂਆਂ ਦੁਆਰਾ ਸਿਖਾਏ ਗਏ ਬਹੁਲਵਾਦ, ਦਇਆ ਅਤੇ ਸਹਿਣਸ਼ੀਲਤਾ ਦੀ ਪੰਜਾਬੀ ਵਿਰਾਸਤ ਦਾ ਹਵਾਲਾ ਦੇਂਦੇ ਹੋਏ, ਹਸਤਾਖਰ ਕਰਤਾਂਵਾਂ ਨੇ ਚੇਤਾਵਨੀ ਦਿੱਤੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਦਾਨਵ ਬਣਾਉਣਾ ਇੱਕ ਆਰਥਿਕ ਮੂਰਖਤਾ ਤੇ ਨਾਲ ਹੀ ਪੰਜਾਬ ਦੀ ਅਧਿਆਤਮਿਕ ਵਿਰਾਸਤ ਨਾਲ ਧੋਖਾ ਹੈ। ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਪ੍ਰਵਾਸ ਲੋੜ ਤੋਂ ਪੈਦਾ ਹੁੰਦਾ ਹੈ, ਪਸੰਦ ਤੋਂ ਨਹੀਂ, ਅਤੇ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰ ਇਸ ਲਈ ਮੌਜੂਦ ਹਨ ਕਿਉਂਕਿ ਰਾਜ ਦੀ ਆਰਥਿਕਤਾ ਇਸ ‘ਤੇ ਨਿਰਭਰ ਕਰਦੀ ਹੈ।
ਇਸ ਮਸਲੇ ਨੂੰ ਪੰਜਾਬੀਆ ਵਲੋਂ ਕੀਤੇ ਜਾ ਰਹੇ ਪਰਵਾਸ ਦੇ ਬਰਾਬਰ ਰੱਖਦੇ ਹੋਏ ਹੋਏ, ਬਿਆਨ ਕਰਤਾਵਾਂ ਨੇ ਸਵਾਲ ਉਠਾਇਆ ਹੈ ਕਿ : “ਜੇਕਰ ਇੱਕ ਵਿਅਕਤੀ ਦਾ ਅਪਰਾਧ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਕੀ ਕੈਨੇਡਾ, ਅਮਰੀਕਾ, ਯੂਰਪ ਅਤੇ ਹੋਰ ਭਾਰਤੀ ਰਾਜਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਉਨ੍ਹਾਂ ਵਿੱਚੋਂ ਇੱਕ ਜਣੇ ਦੇ ਅਪਰਾਧ ਲਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ? ਅਜਿਹੀ ਸੋਚ ਨਾ ਸਿਰਫ਼ ਨਾਇਨਸਾਫੀ ਹੈ, ਸਗੋਂ ਇਹ ਸਵੈ-ਵਿਨਾਸ਼ਕਾਰੀ ਹੈ।”
ਅਪੀਲ ਇੱਕ ਸਪਸ਼ਟ ਸੱਦਾ ਦਿੰਦੀ ਹੈ ਕਿ : “ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਪੂਰੇ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਹਿੰਸਾ ਖ਼ਤਮ ਹੋਣੀ ਚਾਹੀਦੀ ਹੈ। ਅਸੀਂ ਇਨਸਾਫ਼ ਦੇ ਨਾਲ ਖੜ੍ਹੇ ਹਾਂ। ਅਸੀਂ ਮਨੁੱਖਤਾ ਦੇ ਨਾਲ ਖੜ੍ਹੇ ਹਾਂ। ਅਸੀਂ ਨਫ਼ਰਤ ਦੇ ਵਿਰੁੱਧ ਖੜ੍ਹੇ ਹਾਂ।”
*ਹਸਤਾਖਰ ਕਰਤਾ
* ਪ੍ਰੋ. ਜਗਮੋਹਨ ਸਿੰਘ, ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਪੰਜਾਬ
* ਸਵਰਾਜਬੀਰ ਸਿੰਘ, ਸਾਬਕਾ ਸੰਪਾਦਕ, ਪੰਜਾਬੀ ਟ੍ਰਿਬਿਊਨ
* ਹਰੀਸ਼ ਪੁਰੀ, ਰਾਜਨੀਤੀ ਸ਼ਾਸਤਰੀ
* ਸੁੱਚਾ ਸਿੰਘ ਗਿੱਲ, ਅਰਥ ਸ਼ਾਸਤਰੀ
* ਰਣਜੀਤ ਸਿੰਘ ਘੁੰਮਣ, ਅਰਥ ਸ਼ਾਸਤਰੀ
* ਨਵਸ਼ਰਨ ਕੌਰ, ਵਿਦਵਾਨ ਅਤੇ ਸਮਾਜਿਕ ਕਾਰਕੁਨ
* ਸੁਖਦੇਵ ਸਿੰਘ ਸਿਰਸਾ, ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ
* ਪਰਮਿੰਦਰ ਸਿੰਘ, ਸਾਬਕਾ ਪ੍ਰੋਫੈਸਰ, ਜੀ.ਐੱਨ.ਡੀ.ਯੂ., ਅੰਮ੍ਰਿਤਸਰ
* ਅਮੋਲਕ ਸਿੰਘ, ਲੋਕ ਮੋਰਚਾ ਪੰਜਾਬ
* ਡਾ. ਅਰੀਤ ਕੌਰ, ਸਾਬਕਾ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ
* ਪ੍ਰੋ. ਚਮਨ ਲਾਲ, ਸਾਬਕਾ ਪ੍ਰੋਫੈਸਰ, ਜੇ.ਐੱਨ.ਯੂ.
* ਮੇਘ ਰਾਜ ਮਿੱਤਰ, ਤਰਕਸ਼ੀਲ ਨੇਤਾ
* ਸੂਰਜੀਤ ਜੱਜ, ਲੇਖਕ
* ਸਰਬਜੀਤ ਸਿੰਘ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
