-ਫਰੀਦਕੋਟ ਮੰਡਲ ਕਮਿਸ਼ਨਰ ਮਨਜੀਤ ਸਿੰਘ ਬਰਾੜ ਹੋਣਗੇ ਮੁੱਖ ਮਹਿਮਾਨ – ਹਰਦੀਪ ਕਿੰਗਰਾ
ਚੰਡੀਗੜ੍ਹ 19 ਅਕਤੂਬਰ ( ) ਕਲਾ, ਸੱਭਿਆਚਾਰ, ਸਾਹਿਤ ਅਤੇ ਲੋਕ ਭਲਾਈ ਨੂੰ ਸਮਰਪਿਤ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਸਾਲਾਨਾ 18ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ – 2025 ਆਉਣ ਵਾਲੇ 28 ਅਕਤੂਬਰ 2025 (ਮੰਗਲਵਾਰ) ਨੂੰ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ-54, ਕੋਟਕਪੂਰਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੋਪਲ ਕੰਪਨੀ ਸੂਲਰ ਘਰਾਟ, ਵਿੱਕੀ ਬੌਲੀਵੁੱਡ ਕੋਟਕਪੂਰਾ, ਬਰਾੜ ਅੱਖਾਂ ਦਾ ਹਸਪਤਾਲ ਦੇ ਸਹਿਯੋਗ ਨਾਲ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਕੌਂਸਲ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ (ਆਈ.ਐਫ.ਐਸ. ਸੇਵਾ ਮੁਕਤ) ਅਤੇ ਸੰਸਥਾਪਕ- ਡਾਇਰੈਕਟਰ ਪ੍ਰੋ. ਬਾਈ ਭੋਲਾ ਯਮਲਾ ਜੀ ਦੀ ਯੋਗ ਅਗਵਾਈ ਵਿੱਚ ਹੋਣ ਜਾ ਰਹੇ ਇਸ ਸੂਬਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਮਨਜੀਤ ਸਿੰਘ ਬਰਾੜ (ਆਈਏਐਸ), ਮਾਨਯੋਗ ਮੰਡਲ ਕਮਿਸ਼ਨਰ, ਫਰੀਦਕੋਟ ਹੋਣਗੇ । ਇਸ ਮੌਕੇ ਉੱਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸੁੱਚਾ ਸਿੰਘ ਸਹੋਤਾ (ਅਰਜੁਨਾ ਅਵਾਰਡੀ), ਡਾ. ਨਿਰਭੈ ਸਿੰਘ (ਉਪ ਸਕੱਤਰ, ਵਿਜੀਲੈਂਸ, ਭਾਰਤ ਸਰਕਾਰ, ਨਵੀਂ ਦਿੱਲੀ), ਸੰਜੀਵ ਬਾਂਸਲ (ਐਮ.ਡੀ. ਕੋਪਲ ਕੰਪਨੀ ਸੂਲਰ ਘਰਾਟ ), ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਡਾ. ਹਰਕੇਸ਼ ਸਿੰਘ ਸਿੱਧੂ (ਆਈਏਐਸ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੋਹਾਲੀ), ਡਾ. ਪ੍ਰਭਜੋਤ ਸਿੰਘ ਬਰਾੜ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ ਅਤੇ ਯਾਦਵਿੰਦਰ ਸਿੰਘ ਬਾਵਾ ਲਾਲੀ ਸ਼ਾਮਲ ਹੋਣਗੇ।
ਕੌਂਸਲ ਦੇ ਡਾਇਰੈਕਟਰ ਪ੍ਰੋ ਭੋਲਾ ਯਮਲਾ ਵੱਲੋਂ ਜਾਰੀ ਸੂਚਨਾ ਅਨੁਸਾਰ ਇਸ ਸਾਲ ਦੇ ਪ੍ਰਤਿਸ਼ਠਿਤ IAWC ਰਾਜ ਰਤਨ ਐਵਾਰਡ – 2025 ਨਾਲ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਨੂੰ ‘ਰਾਜ ਰਤਨ ਪੁਰਸਕਾਰ-2025’ ਪ੍ਰਦਾਨ ਕੀਤੇ ਜਾਣਗੇ। ਇਨ੍ਹਾਂ ਵਿੱਚ ਸ. ਅਜੀਤ ਸਿੰਘ, ਸ. ਬੂਟਾ ਸਿੰਘ ਗੁਲਾਮੀਵਾਲਾ, ਸ਼੍ਰੀ ਭਗਵਾਨ ਦਾਸ ਗੁਪਤਾ, ਸ. ਗੁਰਮੇਲ ਸਿੰਘ ਬੌਢੇ, ਡਾ. ਹਰਜਸ ਕੌਰ, ਡਾ. ਹਰੀਸ਼ ਗਰੋਵਰ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਡਾ. ਸੋਨਦੀਪ ਮੋਂਗਾ, ਡਾ. ਰਾਜੇਸ਼ ਸ਼ਰਮਾ, ਡਾ. ਟਿੱਕਾ ਜੇ.ਐੱਸ. ਸਿੱਧੂ, ਸ਼੍ਰੀ ਜਸਵੀਰ ਸ਼ਰਮਾ ਦੱਦਾਹੂਰ, ਸ਼੍ਰੀਮਤੀ ਸੁਦੇਸ਼ ਕੁਮਾਰੀ, ਸ਼੍ਰੀ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ), ਸ਼੍ਰੀ ਹਰਭਜਨ ਹਰੀ, ਸ. ਹਰਭਜਨ ਸਿੰਘ ਸਪਰਾ, ਸ. ਕੁਲਜੀਤ ਸਿੰਘ ਬੇਦੀ, ਸ. ਜਸਜੀਤ ਸਿੰਘ ਗਿੱਲ ਅਤੇ ਡਾ. ਰਵੀ ਬਾਂਸਲ ਸ਼ਾਮਲ ਹਨ।
ਇਨ੍ਹਾਂ ਸ਼ਖਸੀਅਤਾਂ ਨੇ ਸਮਾਜ ਸੇਵਾ, ਸਾਹਿਤ ਤੇ ਭਾਸ਼ਾ, ਗੁਰਮਤਿ ਸੰਗੀਤ, ਸਿੱਖਿਆ, ਸੰਗੀਤ ਨਿਰਦੇਸ਼ਨ, ਰੰਗ ਮੰਚ, ਵਾਤਾਵਰਣ ਸੰਭਾਲ, ਜੱਚਾ-ਬੱਚਾ ਤੇ ਸਿਹਤ ਸੰਭਾਲ ਸਮੇਤ ਕਈ ਖੇਤਰਾਂ ਵਿੱਚ ਅਦੁੱਤੀਯ ਯੋਗਦਾਨ ਦਿੱਤਾ ਹੈ।
ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਾਸਤ ਨਾਲ ਜੁੜੀਆਂ ਵਿਸ਼ੇਸ਼ ਪ੍ਰਸਤੁਤੀਆਂ — ਗਿੱਧਾ, ਭੰਗੜਾ, ਕਮੇਡੀ, ਲੋਕ ਗੀਤ ਅਤੇ ਵਿਰਾਸਤੀ ਆਈਟਮਾਂ — ਦਰਸ਼ਕਾਂ ਲਈ ਮੁੱਖ ਆਕਰਸ਼ਣ ਰਹਿਣਗੀਆਂ। ਸਮਾਰੋਹ ਦੌਰਾਨ ਸੰਸਥਾ ਵੱਲੋਂ ਸਾਹਿਤ ਕਲਾ ਨੂੰ ਪ੍ਰਫੁੱਲਤ ਕਰਨ ਦੇ ਮਨਸੇ ਨਾਲ ਕੌਂਸਲ ਵੱਲੋਂ ਪ੍ਰਕਾਸ਼ਿਤ “ਚੁੱਪ ਸ਼ਬਦਾਂ ਦੀ ਗੂੰਜ” ਅਤੇ “ਬਰਫ ਦਾ ਸੇਕ” ਸਮੇਤ ਪੰਜ ਪੁਸਤਕਾਂ ਦਾ ਲੋਕ ਅਰਪਣ ਕੀਤਾ ਜਾਵੇਗਾ।
ਸੰਸਥਾ ਦੇ ਚੇਅਰਮੈਨ ਪ੍ਰੋ. ਭੋਲਾ ਯਮਲਾ ਨੇ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਮੁੱਖ ਉਦੇਸ਼ ਸਾਹਿਤ, ਕਲਾ, ਸੱਭਿਆਚਾਰ, ਸਿੱਖਿਆ ਅਤੇ ਲੋਕ ਭਲਾਈ ਨੂੰ ਉਤਸ਼ਾਹਿਤ ਕਰਨਾ ਹੈ। ਹਰ ਸਾਲ ਇਹ ਸਮਾਰੋਹ ਉਹਨਾਂ ਵਿਅਕਤੀਆਂ ਨੂੰ ਮਾਣ ਦੇਣ ਲਈ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਲਗਨ ਅਤੇ ਕਲਾ ਰਾਹੀਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਕੌਮੀ ਪ੍ਰਧਾਨ ਸਾਹਿਤ ਸੈੱਲ ਇਕਬਾਲ ਸਿੰਘ ਸਹੌਤਾ, ਕੌਮੀ ਪ੍ਰਧਾਨ ਮੀਡੀਆ ਸੈੱਲ ਅਸ਼ੋਕ ਵਿੱਕੀ, ਕੌਮੀ ਪ੍ਰਧਾਨ ਯੂਥ ਅਤੇ ਖੇਡਾਂ ਸੈੱਲ ਕੁਲਦੀਪ ਸਿੰਘ ਅਟਵਾਲ, ਅਤੇ ਕੌਮੀ ਸਲਾਹਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਪੰਜਾਬ ਦੇ ਉੱਘੇ ਕਲਾਕਾਰ ਆਪਣੇ ਫ਼ਨ ਦੀ ਪ੍ਰਸਤੁਤੀ ਦੇਣਗੇ ਅਤੇ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਣਗੇ।