ਪ੍ਰੈਸ ਰਿਲੀਜ਼
ਤਾਰੀਖ਼: 1 ਜਨਵਰੀ 2025

ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਕਰਾਰ

ਪੰਜਾਬ – ਕਾਂਗਰਸ ਦੇ ਭੁਲੱਥ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਅਜ਼ਾਦ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਖ਼ਿਲਾਫ਼ ਬਦਲਾਖੋਰੀ ਤਹਿਤ ਝੂਠੀਆਂ ਅਤੇ ਸਿਆਸੀ ਮਕਸਦ ਨਾਲ ਦਰਜ ਕੀਤੀਆਂ ਗਈਆਂ ਝੁਠੀਆਂ ਐਫ਼ਆਈਆਰਾਂ ਦੀ ਸਖ਼ਤ ਨਿੰਦਾ ਕੀਤੀ।

ਖਹਿਰਾ ਨੇ ਕਿਹਾ ਕਿ ਇਹ ਐਫ਼ਆਈਆਰਾਂ ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰ ਤੇ ਸਿੱਧਾ ਹਮਲਾ ਹਨ, ਜਿਨ੍ਹਾਂ ਦਾ ਮਕਸਦ ਮੌਜੂਦਾ ਹਕੂਮਤ ਦੀ ਨਾਕਾਮੀਆਂ, ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਣ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ ਹੈ। “ਆਪਣਾ ਸੰਵਿਧਾਨਕ ਫ਼ਰਜ਼ ਨਿਭਾ ਰਹੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਸਾਫ਼ ਤੌਰ ‘ਤੇ ਉਹਨਾਂ ਨੂੰ ਡਰਾਉਣਾ ਅਤੇ ਧਮਕਾਉਣਾ ਹੈ,” ਉਨ੍ਹਾਂ ਨੇ ਕਿਹਾ।

ਖਹਿਰਾ ਨੇ ਦੋਸ਼ ਲਗਾਇਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਾਣ-ਬੁੱਝ ਕੇ ਪੰਜਾਬ ਵਿੱਚ #KejiMedia ਤਿਆਰ ਕੀਤੀ ਹੈ, ਜੋ ਕਿ ਰਾਸ਼ਟਰੀ ਪੱਧਰ ‘ਤੇ ਭਾਜਪਾ ਵੱਲੋਂ ਬਣਾਈ ਗਈ #GodiMedia ਦੀ ਤਰ੍ਹਾਂ ਹੈ! “ਭਗਵੰਤ ਮਾਨ ਨੇ Mainstream ਮੀਡੀਆ ਨੂੰ ਸਰਪ੍ਰਸਤੀ ਅਤੇ ਇਸ਼ਤਿਹਾਰਾਂ ਰਾਹੀਂ ਖਰੀਦ ਲਿਆ ਹੈ, ਅਤੇ ਜੋ ਪੱਤਰਕਾਰ ਜਾਂ ਆਰਟੀਆਈ ਕਾਰਕੁਨ ਸੱਚ ਨੂੰ ਬੇਨਕਾਬ ਕਰਨ ਦੀ ਹਿੰਮਤ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਪੁਲਿਸ ਨੂੰ ਖੁੱਲ੍ਹੀ ਛੂਟ ਦਿੱਤੀ ਜਾ ਰਹੀ ਹੈ,” ਖਹਿਰਾ ਨੇ ਕਿਹਾ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਅਜ਼ਾਦ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਇਸ ਸਿਆਸੀ ਧੱਕੇਸ਼ਾਹੀ ਦੀ ਮਿਸਾਲ ਹੈ।

ਕਾਂਗਰਸ ਐਮਐਲਏ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਹਰ ਕਿਸਮ ਦੀ ਅਸਹਿਮਤੀ, ਆਲੋਚਨਾ ਅਤੇ ਵਿਰੋਧ ਨੂੰ ਕੁਚਲਣ ਲਈ ਵਰਤਿਆ ਜਾ ਰਿਹਾ ਹੈ। “ਪੱਤਰਕਾਰਤਾ ਅਤੇ ਸਮਾਜਿਕ ਸਰਗਰਮੀ ਨੂੰ ਅਪਰਾਧ ਬਣਾਕੇ ਭਗਵੰਤ ਮਾਨ ਸਰਕਾਰ ਨੇ ਲੋਕਤੰਤਰਕ ਹੱਦਾਂ ਨੂੰ ਪਾਰ ਕਰ ਦਿੱਤਾ ਹੈ। ਅਜਿਹੇ ਕਦਮ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਦੇ ਬਰਾਬਰ ਹਨ,” ਖਹਿਰਾ ਨੇ ਕਿਹਾ।

ਖਹਿਰਾ ਨੇ ਚੇਤਾਵਨੀ ਦਿੱਤੀ ਕਿ ਜੋ ਸਰਕਾਰ ਸਵਾਲਾਂ ਅਤੇ ਜਾਂਚ ਤੋਂ ਡਰਦੀ ਹੈ, ਉਹ ਅਟੱਲ ਤੌਰ ‘ਤੇ ਤਾਨਾਸ਼ਾਹੀ ਵੱਲ ਵਧਦੀ ਹੈ। “ਅਜਾਦ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਝੂਠੀਆਂ ਐਫ਼ਆਈਆਰਾਂ ਰਾਹੀਂ ਇਸਨੂੰ ਕੁਚਲਣਾ ਆਪ ਸਰਕਾਰ ਦੀ ਅਸੁਰੱਖਿਆ ਅਤੇ ਅਸਹਿਨਸ਼ੀਲਤਾ ਨੂੰ ਦਰਸਾਉਂਦਾ ਹੈ,” ਉਨ੍ਹਾਂ ਨੇ ਸ਼ਾਮਲ ਕੀਤਾ।

ਉਨ੍ਹਾਂ ਨੇ ਕਿਹਾ ਕਿ ਸ਼ਾਸਨ, ਕਾਨੂੰਨ-ਵਿਵਸਥਾ, ਬੇਰੋਜ਼ਗਾਰੀ ਅਤੇ ਖੇਤੀਬਾੜੀ ਸੰਕਟ ਵਰਗੇ ਮੁੱਦਿਆਂ ‘ਤੇ ਧਿਆਨ ਦੇਣ ਦੀ ਬਜਾਏ ਸਰਕਾਰ ਸੱਚ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। “ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਖ਼ਿਲਾਫ਼ ਇਹ ਡਰਾਉਣੀ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਡਰਾ ਨਹੀਂ ਸਕੇਗੀ, ਜਿਨ੍ਹਾਂ ਦੀ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਲੰਮੀ ਤੇ ਮਾਣਯੋਗ ਪਰੰਪਰਾ ਰਹੀ ਹੈ,” ਖਹਿਰਾ ਨੇ ਕਿਹਾ।

ਖਹਿਰਾ ਨੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਖ਼ਿਲਾਫ਼ ਦਰਜ ਕੀਤੇ ਸਾਰੇ ਝੂਠੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੇ ਤਾਨਾਸ਼ਾਹੀ ਕਦਮਾਂ ਦਾ ਵਿਰੋਧ ਸੜਕਾਂ ‘ਤੇ ਵੀ ਅਤੇ ਲੋਕਤੰਤਰਕ ਮੰਚਾਂ ‘ਤੇ ਵੀ ਪੂਰੀ ਤਾਕਤ ਨਾਲ ਕੀਤਾ ਜਾਵੇਗਾ।

“ਕਾਂਗਰਸ ਪਾਰਟੀ ਅਜ਼ਾਦ ਮੀਡੀਆ, ਵਿਸਲਬਲੋਅਰਾਂ ਅਤੇ ਸਰਕਾਰ ਨੂੰ ਸੱਚ ਕਹਿਣ ਦੀ ਹਿੰਮਤ ਕਰਨ ਵਾਲਿਆਂ ਦੇ ਨਾਲ ਖੜੀ ਹੈ,” ਖਹਿਰਾ ਨੇ ਅਖੀਰ ਵਿੱਚ ਕਿਹਾ।

ਸੁਖਪਾਲ ਸਿੰਘ ਖਹਿਰਾ, ਐਮਐਲਏ |

×