ਜਲੰਧਰ – ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੇ ਪੂਰੀ ਤਰ੍ਹਾਂ ਟੁੱਟ ਜਾਣ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਦੌਰ ਵਿੱਚ ਸੂਬਾ ਅਸਲ ਵਿੱਚ ਗੈਂਗਸਟਰਾਂ ਦੇ ਹਵਾਲੇ ਹੋ ਚੁੱਕਾ ਹੈ।

ਅੱਜ ਅੰਮ੍ਰਿਤਸਰ ਵਿੱਚ ਵਿਆਹ ਸਮਾਗਮ ਦੌਰਾਨ ਦਿਨ-ਦਿਹਾੜੇ ਵੱਲਟੋਹਾ ਦੇ ਸਾਬਕਾ ਸਰਪੰਚ ਜਰਮੱਲ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੇ ਪ੍ਰਤੀਕਿਰਿਆ ਦਿੰਦਿਆਂ ਖਹਿਰਾ ਨੇ ਕਿਹਾ ਕਿ ਇਸ ਦਹਿਲਾ ਦੇਣ ਵਾਲੀ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਦੀ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਵਿੱਚ ਪੂਰੀ ਨਾਕਾਮੀ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ, ਜੇ ਵਿਆਹ ਵਰਗੀਆਂ ਜਨਤਕ ਖੁਸ਼ੀਆਂ ਦੇ ਸਮਾਗਮਾਂ ਵਿੱਚ ਲੋਕਾਂ ਨੂੰ ਬੇਦਰਦੀ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਹੈ, ਤਾਂ ਇਹ ਸਪੱਸ਼ਟ ਹੈ ਕਿ ਅਪਰਾਧੀਆਂ ਨੂੰ ਹੁਣ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ।

ਖਹਿਰਾ ਨੇ ਕਿਹਾ ਕਿ ਅਜਿਹੇ ਜਘਨਿਆਂ ਅਪਰਾਧ ਹੁਣ ਪੰਜਾਬ ਭਰ ਵਿੱਚ ਰੋਜ਼ਾਨਾ ਦੀ ਗੱਲ ਬਣ ਚੁੱਕੇ ਹਨ ਫਿਰੌਤੀ, ਗੋਲਾਬਾਰੀ, ਕਤਲ ਅਤੇ ਗੈਂਗਾਂ ਦੀ ਰੰਜਿਸ਼ ਆਮ ਹੋ ਗਈ ਹੈ। ਉਨ੍ਹਾਂ ਕਿਹਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਮ ਆਦਮੀ ਦਹਿਸ਼ਤ ਵਿੱਚ ਜੀਅ ਰਿਹਾ ਹੈ ਜਦਕਿ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ।

ਇਸ ਗੰਭੀਰ ਸਥਿਤੀ ਲਈ ਗ੍ਰਹਿ ਮੰਤਰੀ ਦਾ ਦਾਇਤਵ ਵੀ ਸੰਭਾਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਉਂਦਿਆਂ ਖਹਿਰਾ ਨੇ ਉਨ੍ਹਾਂ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ । ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਬੁਨਿਆਦੀ ਜ਼ਿੰਮੇਵਾਰੀ ਲੋਕਾਂ ਦੀ ਸੁਰੱਖਿਆ ਨਿਬਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੇ ਹਨ ।

ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਦੋਹਰੇ ਮਾਪਦੰਡਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਪੰਜਾਬ ਅਪਰਾਧਿਕ ਅਰਾਜਕਤਾ ਵਿੱਚ ਸੜ ਰਿਹਾ ਹੈ ਉਦੋਂ ਆਪ ਦੀ ਨੇਤ੍ਰਤਾ ਆਪਣੇ ਆਪ ਨੂੰ ਬੇਮਿਸਾਲ ਸੁਰੱਖਿਆ ਘੇਰੇ ਵਿੱਚ ਰੱਖੀ ਹੋਈ ਹੈ। ਉਨ੍ਹਾਂ ਕਿਹਾ ਆਪ ਸਰਕਾਰ ਨੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਸਿਸੋਦੀਆ ਆਦਿ ਵਰਗੇ ਆਪਣੇ ਨੇਤਾਵਾਂ ਲਈ ਭਾਰੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਹੋਏ ਹਨ, ਪਰ ਪੰਜਾਬ ਦਾ ਆਮ ਨਾਗਰਿਕ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਮਰਜ਼ੀ ਤੇ ਛੱਡ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਇਸ ਸਰਕਾਰ ਦਾ ਸੁਨੇਹਾ ਬਿਲਕੁਲ ਸਾਫ਼ ਹੈ ਕੇ ਵੀ.ਆਈ.ਪੀ. ਜਾਨਾਂ ਦੀ ਕਦਰ ਹੈ ਆਮ ਲੋਕਾਂ ਦੀ ਨਹੀਂ ਅਤੇ ਜੋੜਿਆ ਕਿ ਹਾਲੀਆ ਇਤਿਹਾਸ ਵਿੱਚ ਪੰਜਾਬ ਨੇ ਸ਼ਾਸਨ ਦਾ ਐਨਾ ਭਿਆਨਕ ਧਵੱਸ ਕਦੇ ਨਹੀਂ ਵੇਖਿਆ।

ਖਹਿਰਾ ਨੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਤੁਰੰਤ ਅਤੇ ਫ਼ੈਸਲਾਕੁਨ ਕਾਰਵਾਈ, ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਸੂਬੇ ਦੀ ਸੁਰੱਖਿਆ ਪ੍ਰਣਾਲੀ ਦੀ ਪੂਰੀ ਤਰ੍ਹਾਂ ਪੁਨਰਰਚਨਾ ਦੀ ਮੰਗ ਕੀਤੀ। ਉਨ੍ਹਾਂ ਅੰਤ ਵਿੱਚ ਕਿਹਾ ਪੰਜਾਬ ਨੂੰ ਪ੍ਰਚਾਰ ਨਹੀਂ ਸ਼ਾਂਤੀ ਚਾਹੀਦੀ ਹੈ ਨਾਟਕਬਾਜ਼ੀ ਨਹੀਂ ਸੁਸ਼ਾਸਨ ਚਾਹੀਦਾ ਹੈ।

ਸੁਖਪਾਲ ਸਿੰਘ ਖਹਿਰਾ
ਵਿਧਾਇਕ

×